ਚੰਡੀਗੜ੍ਹ, 30 ਜਨਵਰੀ 2025 (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਇੱਕ ਵੀਡੀਓ ਟਿੱਪਣੀ ਨੂੰ ਲੈ ਕੇ ਸਪਸ਼ਟੀਕਰਨ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਦੁਆਰਾ ਸੰਵਿਧਾਨ ਦੀ ਪੁਸਤਕ ਨੂੰ “ਗੁਟਕਾ” ਕਹਿੰਦਿਆਂ ਨਿਸ਼ਾਨਾ ਬਣਾਇਆ ਸੀ, ਜਿਸ ਨਾਲ ਕੁਝ ਹਲਕਿਆਂ ਵਿੱਚ ਗੁਰਬਾਣੀ ਦੇ ਪਵਿੱਤਰ ‘ਗੁਟਕਾ ਸਾਹਿਬ’ ਨਾਲ ਤੁਲਨਾ ਕਰਕੇ ਵਿਵਾਦ ਪੈਦਾ ਕਰ ਦਿੱਤਾ।
ਕੀ ਕਹਿਆ ਸੀ ਜਾਖੜ ਨੇ?
ਜਾਖੜ ਨੇ ਸ਼੍ਰੀ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਅਪਮਾਨ ਦੇ ਮਸਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਿੱਪਣੀ ਕਰਦਿਆਂ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ “ਕਾਂਗਰਸ ਅਤੇ ਆਪ ਦੇ ਨੇਤਾ ਹਰ ਮੰਚ ‘ਤੇ ਸੰਵਿਧਾਨ ਦੀ ਕਿਤਾਬ ਚੁੱਕ ਕੇ ਦਿਖਾਵਾ ਕਰਦੇ ਹਨ। ਇਹ ਉਹੀ ਲੋਕ ਹਨ ਜੋ ਸੰਵਿਧਾਨ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵਿੱਚ ਇਸ ਦੀ ਰੂਹ ਨੂੰ ਨਹੀਂ ਸਮਝਦੇ।” ਇਸ ਦੌਰਾਨ ਉਹਨਾਂ ਨੇ ਸੰਵਿਧਾਨ ਦੀ ਪੁਸਤਕ ਲਈ ‘ਗੁਟਕਾ’ ਸ਼ਬਦ ਦਾ ਇਸਤੇਮਾਲ ਕੀਤਾ ਸੀ, ਜਿਸ ਨੂੰ ਕੁਝ ਵੱਲੋਂ ਨੇ ਗੁਰਬਾਣੀ ਦੇ ‘ਗੁਟਕਾ ਸਾਹਿਬ’ ਨਾਲ ਜੋੜਕੇ ਵਿਆਖਿਆ ਕੀਤੀ।
“ਸ਼ਬਦਾਂ ਦਾ ਸੰਦਰਭ ਸੰਵਿਧਾਨ ਨਾਲ ਸੀ, ਧਾਰਮਿਕ ਗ੍ਰੰਥ ਨਾਲ ਨਹੀਂ”
ਆਲੋਚਨਾਵਾਂ ਦੇ ਬਾਅਦ ਜਾਖੜ ਨੇ ਆਪਣੇ ਐਕਸ ‘ਤੇ ਇੱਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਉਹਨਾਂ ਦਾ ਇਸ਼ਾਰਾ “ਸਿਰਫ਼ ਉਸ ਸੰਵਿਧਾਨ ਦੀ ਪੁਸਤਕ ਵੱਲ ਸੀ, ਜਿਸਨੂੰ ਵਿਰੋਧੀ ਪਾਰਟੀਆਂ ਦੇ ਨੇਤਾ ਦਿਖਾਵੇਬਾਜ਼ੀ ਲਈ ਵਰਤਦੇ ਹਨ। ਗੁਟਕਾ ਸ਼ਬਦ ਦਾ ਸੰਬੰਧ ਕਿਸੇ ਧਾਰਮਿਕ ਗ੍ਰੰਥ ਨਾਲ ਨਹੀਂ ਸੀ।” ਉਹਨਾਂ ਨੇ ਜ਼ੋਰ ਦੇਂਦਿਆਂ ਕਿਹਾ, “ਮੈਂ ਗੁਰਬਾਣੀ ਜਾਂ ਗੁਟਕਾ ਸਾਹਿਬ ਬਾਰੇ ਕੋਈ ਅਪਮਾਨਜਨਕ ਟਿੱਪਣੀ ਕਰਨ ਦਾ ਵਿਚਾਰ ਵੀ ਨਹੀਂ ਕਰ ਸਕਦਾ। ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ, ਤਾਂ ਮੈਂ ਇਸ ਲਈ ਖਿਮਾ ਪ੍ਰਾਥੀ ਹਨ।”