ਪੰਜਾਬ ਰਾਜਨੀਤੀ

ਸਾਬਦਿਕ ਗ਼ਲਤੀਆਂ ਵਾਲੇ ਪ੍ਰਕਾਸ਼ਿਤ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਸੰਸਕਰਣਾਂ ਨੂੰ ਤੁਰੰਤ ਨਸ਼ਟ ਕਰੋ: ਸਪੀਕਰ ਸੰਧਵਾਂ

ਸਾਬਦਿਕ ਗ਼ਲਤੀਆਂ ਵਾਲੇ ਪ੍ਰਕਾਸ਼ਿਤ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਸੰਸਕਰਣਾਂ ਨੂੰ ਤੁਰੰਤ ਨਸ਼ਟ ਕਰੋ: ਸਪੀਕਰ ਸੰਧਵਾਂ
  • PublishedDecember 10, 2024

ਮਹਾਨ ਕੋਸ਼ ਵਿਚਲੀਆਂ ਤਰੁਟੀਆਂ ਬਾਰੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ ਚਰਚਾ

ਉੱਚ ਸਿੱਖਿਆ ਵਿਭਾਗ ਨੂੰ ਤਿੰਨ ਹਫ਼ਤਿਆਂ ਵਿੱਚ ਰਿਪੋਰਟ ਸੌਂਪਣ ਲਈ ਕਿਹਾ

ਚੰਡੀਗੜ੍ਹ, 10 ਦਸੰਬਰ 2024 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸ਼ਾਬਦਿਕ ਗਲਤੀਆਂ ਵਾਲੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸੰਸਕਰਨਾਂ ਨੂੰ ਨਸ਼ਟ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਵਕਾਲਤ ਕੀਤੀ।

ਸ: ਸੰਧਵਾਂ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਮਹਾਨ ਕੋਸ਼ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸੰਸਕਰਨਾਂ ਨੂੰ ਨਸ਼ਟ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਕੰਮ ਇਸ ਸਬੰਧੀ ਬਣਾਈ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ।

ਸ: ਸੰਧਵਾਂ ਨੇ ਉਚੇਰੀ ਸਿੱਖਿਆ ਵਿਭਾਗ ਨੂੰ ਤਿੰਨ ਹਫ਼ਤਿਆਂ ਵਿੱਚ ਲੋੜੀਂਦੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੀ ਸਰਵਉੱਚਤਾ ਨੂੰ ਕਾਇਮ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਭਰਮ-ਭੁਲੇਖਿਆਂ ਨੂੰ ਦੂਰ ਕਰਨ ਲਈ ਇਹ ਕਾਰਜ ਬੇਹੱਦ ਜ਼ਰੂਰੀ ਹੋ ਗਿਆ ਹੈ।

ਇਸ ਮੌਕੇ ਸੇਵਾਮੁਕਤ ਪ੍ਰੋਫ਼ੈਸਰ ਡਾ. ਪਿਆਰੇ ਲਾਲ ਗਰਗ, ਕੇਂਦਰੀ ਸਿੱਖ ਸਭਾ ਦੇ ਜਨਰਲ ਸਕੱਤਰ ਡਾ: ਖੁਸ਼ਹਾਲ ਸਿੰਘ, ਗਿਆਨ ਪ੍ਰਕਾਸ਼ ਟਰੱਸਟ ਲੁਧਿਆਣਾ ਦੇ ਨੁਮਾਇੰਦੇ ਸ: ਸਲੋਚਨ ਬੀਰ ਸਿੰਘ, ਸ: ਅਮਰਜੀਤ ਸਿੰਘ ਧਵਨ, ਸ: ਰਜਿੰਦਰ ਸਿੰਘ ਖ਼ਾਲਸਾ, ਸ: ਬਲਬੀਰ ਸਿੰਘ, ਡਾਇਰੈਕਟਰ ਸ. ਸਿੱਖ ਮਿਸ਼ਨਰੀ ਕਾਲਜ ਦੇ ਸ.ਪਰਮਜੀਤ ਸਿੰਘ, ਡਾਇਰੈਕਟਰ ਉਚੇਰੀ ਸਿੱਖਿਆ ਸ੍ਰੀ ਸੰਯਮ ਅਗਰਵਾਲ ਅਤੇ ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਸ. ਸ੍ਰੀਮਤੀ ਪਰਮਿੰਦਰਜੀਤ ਕੌਰ ਆਦਿ ਹਾਜ਼ਰ ਸਨ।

Written By
The Punjab Wire