ਆਮ ਆਦਮੀ ਪਾਰਟੀ ਇਹ ਚੋਣ ਵੱਡੇ ਫਰਕ ਨਾਲ ਜਿੱਤ ਰਹੀ ਹੈ, ਗੁਰਦੀਪ ਰੰਧਾਵਾ ਦਾ ਵਿਧਾਨ ਸਭਾ ਪੁੱਜਣਾ ਯਕੀਨੀ – ਹਰਭਜਨ ਸਿੰਘ ਈ.ਟੀ.ਓ.
ਡੇਰਾ ਬਾਬਾ ਨਾਨਕ ਵਿਖੇ 2022 ਵਾਂਗ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਲਹਿਰ – ਗੁਰਦੀਪ ਰੰਧਾਵਾ
ਪੰਜਾਬ ਸਰਕਾਰ ਇਸ ਵਾਰ ਰਾਜ ਪੱਧਰੀ ਕ੍ਰਿਸਮਿਸ ਸਮਾਗਮ ਗੁਰਦਾਸਪੁਰ ਵਿਖੇ ਮਨਾਏਗੀ- ਜਗਰੂਪ ਸਿੰਘ ਸੇਖਵਾਂ
ਡੇਰਾ ਬਾਬਾ ਨਾਨਕ/ਚੰਡੀਗੜ੍ਹ, 17 ਨਵੰਬਰ 2024 (ਦੀ ਪੰਜਾਬ ਵਾਇਰ)। ਅੰਕੁਰ ਨਰੂਲਾ ਮਨਿਸਟਰੀ ਚਰਚ ਨੇ ਐਤਵਾਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਚਰਚ ਦੇ ਜਤਿੰਦਰ ਮਸੀਹ ਗੌਰਵ ਨੇ ਖੁੱਲ੍ਹ ਕੇ ਐਲਾਨ ਕੀਤਾ ਕਿ ਮਸੀਹ ਸਮਾਜ ਇਸ ਜਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਦਾ ਸਮਰਥਨ ਕਰੇਗਾ। ਹਾਲ ਹੀ ‘ਚ ਗੁਰਦੀਪ ਰੰਧਾਵਾ ਨੇ ਅੰਕੁਰ ਨਰੂਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਸੀ।
ਐਤਵਾਰ ਨੂੰ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਠੇਠਰਕੇ ਵਿੱਚ ਨਵੇਂ ਚਰਚ ਦਾ ਉਦਘਾਟਨ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਵਿੱਚ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ, ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਸਮੇਤ ਕਈ ‘ਆਪ’ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਖਾਬੜਾ ਚਰਚ ਜਲੰਧਰ ਦੇ ਅਪੋਸਲ ਅੰਕੁਰ ਨਰੂਲਾ ਸੋਸ਼ਲ ਮੀਡੀਆ ਤੇ ਲਾਈਵ ਸਕਰੀਨ ਰਾਹੀਂ ਇਕੱਤਰ ਹੋਏ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਚ ਸਾਢੇ ਚਾਰ ਏਕੜ ਜ਼ਮੀਨ ਬਣਨ ਜਾ ਰਹੇ ਮਸੀਹ ਸਤਿਸੰਗ ਭਵਨ ਦੇ ਹੋਏ ਉਦਘਾਟਨ ਦੀ ਵਧਾਈ ਦਿੱਤੀ ਗਈ। ਸੀ੍ ਅੰਕੁਰ ਨਰੂਲਾ ਨੇ ਡੇਰਾ ਬਾਬਾ ਨਾਨਕ ਚ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਸਮੁੱਚੇ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਸੰਗਤਾਂ ਨੂੰ ਉਨਾਂ ਵੱਲੋਂ ਦਰਸਾਏ ਗਏ ਮਾਲਕ ਮਾਰਗ ਤੇ ਚੱਲਣ ਲਈ ਪ੍ਰੇਰਤ ਕੀਤਾ ਗਿਆ।
ਇਸ ਮੌਕੇ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦਾ ਸਮੂਹ ਮਸੀਹ ਭਾਈਚਾਰਾ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਹੈ ਤੇ ਅੱਜ ਰੰਧਾਵਾ ਨਵੀਂ ਬਣੀ ਚਰਚ ਵਿਚ ਨਤਮਸਤਕ ਹੋਏ ਹਨ ਅਤੇ ਪੂਰੇ ਮਸੀਹ ਭਾਈਚਾਰੇ ਵੱਲੋਂ ਉਹਨਾਂ ਦੀ ਜਿੱਤ ਲਈ ਪ੍ਰਾਥਨਾ ਕੀਤੀ।
ਇਸਦੇ ਨਾਲ ਹੀ ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਚ ਉਹਨਾਂ ਮਸੀਹ ਭਾਈਚਾਰੇ ਨੂੰ ਵਿਸ਼ਵਾਸ ਦਵਾਇਆ ਅਤੇ ਵਾਅਦਾ ਕੀਤਾ ਕਿ ਕਿ ਸਰਕਾਰ ਵੱਲੋਂ ਵੱਡਾ ਦਿਨ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਵੇਗਾ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਇਹ ਚੋਣ ਵੱਡੇ ਫਰਕ ਨਾਲ ਜਿੱਤ ਰਹੀ ਹੈ। ਗੁਰਦੀਪ ਰੰਧਾਵਾ ਦਾ ਵਿਧਾਨ ਸਭਾ ਵਿੱਚ ਪੁੱਜਣਾ ਯਕੀਨੀ ਹੈ। ਈਟੀਓ ਨੇ ਕਿਹਾ ਕਿ ਅੰਕੁਰ ਨਰੂਲਾ ਦਾ ਸਹਿਯੋਗ ਸਾਡੇ ਲਈ ਬਹੁਤ ਜ਼ਰੂਰੀ ਹੈ।
ਇਸ ਦੌਰਾਨ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਨੇ ਅੰਕੁਰ ਨਰੂਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਚੋਣਾਂ ਵਿਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰ ਰਹੇ ਹਾਂ, ਉਥੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਡੇਰਾ ਬਾਬਾ ਨਾਨਕ ‘ਚ ਆਮ ਆਦਮੀ ਪਾਰਟੀ ਦੀ ਵੱਡੇ ਪੱਧਰ ਉੱਤੇ ਲਹਿਰ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੇ ਰੁਝਾਨ ਨੂੰ ਦੇਖਦਿਆਂ ਸਾਫ਼ ਜਾਪਦਾ ਹੈ ਕਿ ਆਮ ਆਦਮੀ ਪਾਰਟੀ 2027 ਵਿੱਚ ਵੀ ਵੱਡੀ ਜਿੱਤ ਦਰਜ ਕਰੇਗੀ।
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਦੇਸ਼ ਸੁਣਾਉਂਦੇ ਹੋਏ ਐਲਾਨ ਕੀਤਾ ਕਿ ਈਸਾਈ ਭਾਈਚਾਰੇ ਦੇ ਸਨਮਾਨ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਵਾਰ ਗੁਰਦਾਸਪੁਰ ਵਿੱਚ ਰਾਜ ਪੱਧਰੀ ਕ੍ਰਿਸਮਿਸ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੈਨੂੰ ਸਰਕਾਰ ਦੇ ਇਸ ਸੰਦੇਸ਼ ਨਾਲ ਇੱਥੇ ਭੇਜਿਆ ਹੈ।