Close

Recent Posts

ਗੁਰਦਾਸਪੁਰ ਰਾਜਨੀਤੀ

ਚੇਅਰਮੈਨ ਰਮਨ ਬਹਿਲ ਨੇ ਕਾਂਗਰਸੀ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਨੂੰ ਲਿਆ ਆੜੇ ਹੱਥੀ- ਕੂੜੇ ਤੇ ਸਿਆਸਤ ਛੱਡ ਲੋਕਾਂ ਨੂੰ ਦਿਓ ਰਾਹਤ, ਕੰਮ ਨਹੀਂ ਕਰ ਸਕਦੇ ਤਾਂ ਪਾਸੇ ਹੱਟ ਜਾਓ

ਚੇਅਰਮੈਨ ਰਮਨ ਬਹਿਲ ਨੇ ਕਾਂਗਰਸੀ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਨੂੰ ਲਿਆ ਆੜੇ ਹੱਥੀ- ਕੂੜੇ ਤੇ ਸਿਆਸਤ ਛੱਡ ਲੋਕਾਂ ਨੂੰ ਦਿਓ ਰਾਹਤ, ਕੰਮ ਨਹੀਂ ਕਰ ਸਕਦੇ ਤਾਂ ਪਾਸੇ ਹੱਟ ਜਾਓ
  • PublishedSeptember 12, 2024

ਕਿਹਾ ਸ਼ਰੀਫ਼ ਜਰੂਰ ਹਾਂ ਪਰ ਕਮਜੋਰ ਨਹੀਂ, ਆਮ ਆਦਮੀ ਦੀ ਸਰਕਾਰ ਨਹੀਂ ਚੱਲਣ ਦੇਵੇਗੀ ਕੋਈ ਧੱਕਾ

ਆਪ ਦੀ ਸਰਕਾਰ ਜਲਦੀ ਸ਼ਹਿਰ ਅਦੰਰ ਲਗਾ ਰਹੀ ਸੀਵਰੇਜ ਟ੍ਰੀਟਮੈਂਟ ਪਲਾਂਟ

ਗੁਰਦਾਸਪੁਰ, 12 ਸਤੰਬਰ 2024 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਅੱਜ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾਹੜਾ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਬਹਿਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਪਿਛਲੇ ਕੁਝ ਮਹੀਨਿਆਂ ਤੋਂ ਸ਼ਹਿਰ ਵਿੱਚ ਚੱਲ ਰਹੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਪੂਰੀ ਤਰ੍ਹਾਂ ਰਾਜਨੀਤੀ ਕਰ ਰਹੀ ਹੈ। ਜਦਕਿ ਨਗਰ ਕੌਂਸਲ ਨੂੰ ਸਿਆਸਤ ਕਰਨ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਕੌਂਸਲ ਪ੍ਰਧਾਨ ਤੇ ਵਰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੂੜੇ ਤੋਂ ਨਿਜਾਤ ਦਵਾਓ ਨਹੀਂ ਤਾ ਪਾਸੇ ਹੱਟ ਜਾਓ। ਰਮਨ ਬਹਿਲ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਰਮਨ ਬਹਿਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਲੁੱਟ ਅਤੇ ਡਰ ਦਾ ਮਾਹੌਲ ਸਿਰਜ ਕੇ ਰਾਜਨੀਤੀ ਕਰਦੀ ਰਹੀ ਹੈ ਅਤੇ ਇਸ ਹਉਮੈ ਨੂੰ ਲੋਕ 2027 ਦੀਆਂ ਚੋਣਾਂ ਵਿੱਚ ਨਸ਼ਟ ਕਰ ਦੇਣਗੇਂ। ਕਿਓਕਿ ਆਮ ਆਦਮੀ ਪਾਰਟੀ ਲੋਕਾਂ ਪ੍ਰਤਿ ਸੇਵਾ ਨੂੰ ਸਮਰਪਿਤ ਹੈ। ਕਾਂਗਰਸ ਸਰਕਾਰ ਦੌਰਾਨ ਪਿਛਲੇ ਪੰਜ ਸਾਲਾਂ ਵਿੱਚ ਹੋਏ ਨੁਕਸਾਨ ਦੀ ਭਰਪਾਈ ਹੁਣ ਆਮ ਆਦਮੀ ਪਾਰਟੀ ਨਿਰਤੰਰ ਕੰਮ ਕਰਦੇ ਹੋਏ ਕਰ ਰਹੀ ਹੈ।

ਬਹਿਲ ਨੇ ਕਿਹਾ ਕਿ ਸ਼ਰੀਫ਼ ਜਰੂਰ ਹਾਂ ਪਰ ਕਮਜੋਰ ਨਹੀਂ, ਉਹ ਕਾਂਗਰਸੀਆਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕੀਤੀ ਜਾਵੇ। ਲੋਕ ਸ਼ਾਂਤੀ ਨਾਲ ਰਹਿ ਰਹੇ ਹਨ, ਜਦਕਿ ਕਾਂਗਰਸ ਦੇ ਲੋਕ ਵਾਤਾਵਰਨ ਨੂੰ ਖਰਾਬ ਕਰਨ ‘ਤੇ ਤੁਲੇ ਹੋਏ ਹਨ।

ਉਨ੍ਹਾਂ ਕਿਹਾ ਕਿ ਉਹ ਆਪ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਰਹਿ ਚੁੱਕੇ ਹਨ, ਪਰ ਉਨ੍ਹਾਂ ਨੇ ਕਿਸੇ ਨਾਲ ਮਤਰੇਈ ਮਾਂ ਵਾਲਾ ਵਤੀਰਾ ਨਹੀਂ ਕੀਤਾ, ਜਦਕਿ ਹੁਣ ਨਗਰ ਕੌਂਸਲ ‘ਚ ਕੂੜੇ ਨੂੰ ਲੈਕੇ ਮੁੱਦੇ ‘ਤੇ ਸਿਆਸਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਭੋਲੇ-ਭਾਲੇ ਮੁਲਾਜ਼ਮਾਂ ਨੂੰ ਗੁੰਮਰਾਹ ਕਰਕੇ ਸਿਆਸਤ ਨਹੀਂ ਕਰਨੀ ਚਾਹੀਦੀ।

ਬਹਿਲ ਨੇ ਕਿਹਾ ਕਿ ਕਾਂਗਰਸ ਦੀ ਬਦੌਲਤ ਸ਼ਹਿਰ ਪਹਿਲਾਂ ਹੀ ਸਟਰੀਟ ਲਾਈਟਾਂ ਕਾਰਨ ਹਨੇਰੇ ਵਿੱਚ ਡੁੱਬਿਆ ਰਹਿੰਦਾ ਹੈ, ਲੋਕਾਂ ਨੂੰ ਪਾਣੀ ਤੋਂ ਵਾਂਝੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੇ ਪਿੰਡ ਚੌਪੜਾ ਵਿੱਚ ਕੂੜੇ ਸਬੰਧੀ ਕੋਈ ਸੁਧਾਰ ਨਹੀਂ ਕੀਤਾ। ਜੇਕਰ ਉੱਥੇ ਬਾਇਓ-ਵੇਸਟ ਲਗਾਇਆ ਹੁੰਦਾ ਤਾਂ ਸ਼ਾਇਦ ਲੋਕਾਂ ਨੂੰ ਦੂਜੇ ਪਾਸੇ ਜਾਣ ਦੀ ਲੋੜ ਨਾ ਪੈਂਦੀ।

ਬਹਿਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੰਮ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜਲਦੀ ਸ਼ਹਿਰ ਅੰਦਰ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਢਾਈ ਸਾਲਾਂ ਵਿੱਚ ਪੰਜਾਬ ਦੇ ਲੋਕ ਹਿੱਤ ਵਿੱਚ ਫੈਸਲੇ ਲਏ ਹਨ। ਪਾਰਟੀ ਦੇ ਕੰਮਕਾਜ ਨੂੰ ਦੇਖ ਕੇ ਵਿਰੋਧੀ ਭੜਕੇ ਹੋਏ ਹਨ ਅਤੇ ਭੈੜੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕ ਇਨ੍ਹਾਂ ਦੇ ਜਾਲ ਵਿਚ ਫਸਣ ਵਾਲੇ ਨਹੀਂ ਹਨ। ਇਸ ਮੌਕੇ ਤੇ ਬਹਿਲ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਪੁਲਿਸ ਥਾਣੇ ਅੰਦਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਕੀਤੇ ਗਏ ਹਮਲੇ ਤੇ ਕਾਰਵਾਈ ਕੀਤੀ ਜਾਵੇ।

Written By
The Punjab Wire