Close

Recent Posts

ਖੇਡ ਸੰਸਾਰ ਪੰਜਾਬ

ਵਿਨੇਸ਼ ਫੋਗਟ ਦਾ ਸਵਾ ਤੋਲੇ ਸ਼ੁੱਧ ਸੋਨੇ ਦੇ ਮੈਡਲ ਨਾਲ ਸਨਮਾਨ ਹੋਵੇਗਾ – ਪ੍ਰਿੰ. ਸਰਵਣ ਸਿੰਘ

ਵਿਨੇਸ਼ ਫੋਗਟ ਦਾ ਸਵਾ ਤੋਲੇ ਸ਼ੁੱਧ ਸੋਨੇ ਦੇ ਮੈਡਲ ਨਾਲ ਸਨਮਾਨ ਹੋਵੇਗਾ – ਪ੍ਰਿੰ. ਸਰਵਣ ਸਿੰਘ
  • PublishedAugust 13, 2024

ਚੰਡੀਗੜ੍ਹ, 13 ਅਗਸਤ 2024 (ਦੀ ਪੰਜਾਬ ਵਾਇਰ)। ਭਾਰਤੀ ਕੁਸ਼ਤੀ ਦਾ ਮਾਣ, ਖ਼ਾਸ ਕਰਕੇ ਔਰਤਾਂ ਦੀ ਆਣ ਅਣਖ ਦੀ ਸ਼ਾਨ ਬੀਬੀ ਵਿਨੇਸ਼ ਫੋਗਟ ਦਾ ਸਨਮਾਨ ਭਾਰਤ ਦੇ ਕਰੋੜਾਂ ਲੋਕਾਂ ਵੱਲੋਂ ਹਰ ਹਾਲਤ ਵਿੱਚ ਕੀਤਾ ਜਾਵੇਗਾ। ਸਾਧਾਰਨ ਘਰ ਦੀ ਜਾਈ ਸਾਡੀ ਧੀ ਨੇ ਕੁਸ਼ਤੀਆਂ ਤੇ ਔਰਤਾਂ ਦੀ ਪੱਤ ਦੀ ਰਾਖੀ ਲਈ ਜੋ ਸੰਘਰਸ਼ ਲੜਿਆ ਹੈ, ਉਹ ਕਰੋੜਾਂ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੈ।

ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਖੇਗ ਲੇਖਕ ਲੋਕ ਕਲਮਾਂ ਨਾਲ ਉਸ ਸੰਘਰਸ਼ ਦਾ ਭਾਗ ਬਣ ਰਹੇ ਹਨ। ਉਸ ਲਈ ਪਹਿਲਾ ਰੋਹ ਭਰਿਆ ਹੋਕਰਾ ਪੰਜਾਬੀ ਦੇ ‘ਵਰਿਆਮ ਲੇਖਕ’ ਵਰਿਆਮ ਸਿੰਘ ਸੰਧੂ ਨੇ ਮਾਰਿਆ ਸੀ।

ਸਾਡੇ ਦੇਸ਼ ਦੀ ਇਸ ਧੀ ਨੇ ਬੜਾ ਜਫ਼ਰ ਜਾਲ ਕੇ ਰਾਸ਼ਟਰੀ, ਅੰਤਰਰਾਸ਼ਟਰੀ, ਏਸ਼ਿਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਵਿੱਚੋਂ ਤਾਂ ਬੜੇ ਮੈਡਲ ਜਿੱਤੇ ਸਨ। ਅੰਤਾਂ ਦੀ ਮਿਹਨਤ ਕਰ ਕੇ, ਸਿਦਕ ਪਾਲ ਕੇ, ਜਰਵਾਣੇ ਖੇਡ ਸਿਆਸਤਦਾਨਾਂ ਵਿਰੁੱਧ ਲੜ ਕੇ, ਦੁੱਖੜੇ ਝੱਲ ਕੇ, ਉਹ ਪੈਰਿਸ ਦੀਆਂ ਓਲੰਪਿਕ ਖੇਡਾਂ ਵਿੱਚ ਵੀ ਪਹੁੰਚ ਗਈ ਸੀ। ਪ੍ਰੀ ਕੁਆਟਰ, ਕੁਆਟਰ ਫਾਈਨਲ ਤੇ ਸੈਮੀ ਫਾਈਨਲ ਮੁਕਾਬਲੇ ਜਿੱਤ ਕੇ ਸੋਨੇ/ਚਾਂਦੀ ਦਾ ਮੈਡਲ ਗਲ ਪੁਆਉਣ ਲਈ ਵੀ ਕੁਆਲੀਫਾਈ ਕਰ ਗਈ ਸੀ ਪਰ ਅਜੇ ਤਕ ਉਸ ਨੂੰ ਕੋਈ ਓਲੰਪਿਕ ਮੈਡਲ ਨਹੀਂ ਮਿਲਿਆ। 50 ਕਿਲੋ ਤੋਂ ਘੱਟ ਸਰੀਰਕ ਵਜ਼ਨ ਨਾਲ ਸੈਮੀ ਫਾਈਨਲ ਕੁਸ਼ਤੀ ਜਿੱਤ ਕੇ ਉਹ ਘੱਟੋ-ਘੱਟ ਚਾਂਦੀ ਦਾ ਓਲੰਪਿਕ ਮੈਡਲ ਤਾਂ ਜਿੱਤ ਹੀ ਗਈ ਸੀ। ਪਰ ਕੇਸ ਅਜੇ ਕੋਰਟ ਵਿੱਚ ਹੈ ਜਿਸ ਦਾ ਫੈਸਲਾ 13 ਅਗੱਸਤ ਨੂੰ ਸੁਣਾਇਆ ਜਾਣਾ ਹੈ।

ਓਲੰਪਿਕ ਖੇਡਾਂ ਦਾ ਮੇਲਾ ਮੁੱਕ ਚੁੱਕੈ। ਮੈਡਲ ਵੰਡੇ ਜਾ ਚੁੱਕੇ ਨੇ। ਹੁਣ ‘ਮਹਾਨ’ ਦੇਸ਼ ਦੀ ਮਹਾਨ ਧੀ ਵਿਨੇਸ਼ ਫੋਗਟ ਨੂੰ, ਜੋ ਦੇਸ਼ ਦੀ ਇੱਜ਼ਤ, ਅਣਖ ਅਤੇ ਸ਼ਾਨ ਲਈ ਜੂਝੀ ਹੈ, ਉਸ ਨੂੰ ਦੇਸ਼ ਦੇ ਕਰੋੜਾਂ ਲੋਕ ‘ਮਹਾਨ ਲੋਕ ਸਨਮਾਨ’ ਨਾਲ ਸਨਮਾਨਿਤ ਕਰਨਗੇ।

ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਖੇਡ ਲੇਖਣ ਤੇ ਖੇਡ ਪ੍ਰਮੋਸ਼ਨ ਨਮਿੱਤ ਉਮਰ ਭਰ ਦੀਆਂ ਸੇਵਾਵਾਂ ਲਈ ਖੇਡ ਪ੍ਰੇਮੀਆਂ ਨੇ 2023 ਦੇ ‘ਪੁਰੇਵਾਲ ਖੇਡ ਮੇਲੇ’ ਵਿੱਚ ਮਿਲੇ ‘ਖੇਡ ਰਤਨ’ ਪੁਰਸਕਾਰ ਵਿੱਚ ਸਵਾ ਦੋ ਤੋਲੇ ਸ਼ੁਧ ਸੋਨੇ ਦਾ ਮੈਡਲ ਹੁਣ ਦੇਸ਼ ਦੀ ਜੁਝਾਰੂ ਧੀ ਵਿਨੇਸ਼ ਫੋਗਾਟ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋੜਾਂ ਲੋਕਾਂ ਦੀ ਮਨੋਕਾਮਨਾ ਹੈ ਕਿ ‘ਚੈਂਪੀਅਨਾਂ ਦੀ ਚੈਂਪੀਅਨ’ ਵਿਨੇਸ਼ ਹਾਲੇ ਕੁਸ਼ਤੀਆਂ ਲੜਨੀਆਂ ਨਾ ਛੱਡੇ ਅਤੇ ਅਗਲੀਆਂ ਓਲੰਪਿਕ ਖੇਡਾਂ ਤੱਕ ਮੈਡਲ ਜਿੱਤਣ ਲਈ ਜੂਝਦੀ ਰਹੇ।

Written By
The Punjab Wire