ਅਕਾਲੀ ਦਲ ਦਾ ਕਹਿਣਾ ਢੀਂਡਸਾ ਕੋਲ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਅਧਿਕਾਰ ਨਹੀਂ
ਚੰਡੀਗੜ੍ਹ, 31 ਜੁਲਾਈ 2024 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਅੰਦਰ ਪੈਦਾ ਹੋਇਆ ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਜਿੱਥੇ ਬਗਾਵਤ ਕਰਨ ਤੇ ਅਨੁਸ਼ਾਸਨੀ ਕਮੇਟੀ ਨੇ ਬੀਤੇ ਕੱਲ੍ਹ ਪਾਰਟੀ ਦੇ 8 ਮੈਂਬਰ ਕੱਢ ਦਿੱਤੇ ਸਨ। ਉੱਥੇ ਹੀ ਅੱਜ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਨਾ ਸਿਰਫ਼ ਉਨ੍ਹਾਂ ਆਗੂਆ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਬਲਕਿ ਅਨੁਸ਼ਾਸਨੀ ਕਮੇਟੀ ਵੱਲੋਂ ਆਗੂਆਂ ਨੂੰ ਕੱਢਣ ਦਾ ਫੈਸਲਾ ਰੱਦ ਕਰ ਦਿੱਤਾ ਹੈ। ਹਾਲਾਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਕਹਿਣਾ ਹੈ ਕਿ ਪਾਰਟੀ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਕੋਲ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਅਧਿਕਾਰ ਨਹੀਂ ਹੈ।
ਬਾਗੀ ਹੋਏ ਮੈਂਬਰਾਂ ਨਾਲ ਮੋਡੇ ਨਾਲ ਮੋਡਾ ਜੋੜ ਸਰਪ੍ਰਸਤ ਢੀਂਡਸਾ ਨੇ ਕਿਹਾ ਕਿ ਜਿਹੜੇ ਦੋਸ਼ ਸੁਖਬੀਰ ਬਾਦਲ ਉੱਪਰ ਲੱਗੇ ਹਨ, ਅਜਿਹੇ ਵਿਚ ਉਹ ਪਾਰਟੀ ਦੀ ਪ੍ਰਧਾਨਗੀ ਕਰਨ ਲਾਇਕ ਨਹੀਂ ਰਹੇ। ਉਨ੍ਹਾਂ ਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ।
ਉੱਧਰ ਢੀਂਡਸਾ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪਾਰਟੀ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਰਦਾਰ ਢੀਂਡਸਾ ਇਕ ਸੀਨੀਅਰ ਆਗੂ ਹਨ ਜਿਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਰਟੀ ਦੇ ਸਰਪ੍ਰਸਤ ਪਾਰਟੀ ਦੇ ਕਿਸੇ ਵੀ ਫੈਸਲੇ ਨੂੰ ਪਲਟ ਨਹੀਂ ਸਕਦੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਨਾ ਹੋਣ ਲਈ ਆਖਣ ਦੀ ਥਾਂ ’ਤੇ ਸਰਦਾਰ ਢੀਂਡਸਾ ਨੇ ਪਾਰਟੀ ਵਿਚੋਂ ਕੱਢੇ ਆਗੂਆਂ ਦੀ ਅਗਵਾਈ ਕਰਨ ਨੂੰ ਤਰਜੀਹ ਦਿੱਤੀ ਤੇ ਹੁਣ ਪਾਰਟੀ ਦੇ ਸੰਵਿਧਾਨ ਮੁਤਾਬਕ ਲਏ ਫੈਸਲਿਆਂ ਨੂੰ ਪਲਟਣ ਵਾਸਤੇ ਅਖੌਤੀ ਤਾਨਾਸ਼ਾਹ ਵਜੋਂ ਕੰਮ ਕਰ ਰਹੇ ਹਨ।
ਬਲਵਿੰਦਰ ਸਿੰਘ ਭੂੰਦੜ ਨੇ ਇਹ ਵੀ ਕਿਹਾ ਕਿ ਪਾਰਟੀ ਦੇ 8 ਆਗੂਆਂ ਖਿਲਾਫ ਕਾਰਵਾਈ ਇਸ ਕਰ ਕੇ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ 26 ਨੂੰ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਪਾਸ ਉਸ ਮਤੇ ਵੱਲ ਧਿਆਨ ਨਹੀਂ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਕਿਸੇ ਵੀ ਤਰੀਕੇ ਦੇ ਮਤਭੇਦ ਪਾਰਟੀ ਫੋਰਮ ’ਤੇ ਵਿਚਾਰੇ ਜਾਣ। ਉਹਨਾਂ ਕਿਹਾ ਕਿ ਕੱਢੇ ਗਏ ਆਗੂਆਂ ਨੇ ਪਾਰਟੀ ਪ੍ਰਧਾਨ ਦੀ ਪ੍ਰਵਾਨਗੀ ਤੋਂ ਬਗੈਰ ਸਮਾਂਤਰ ਸੰਗਠਨ ਖੜ੍ਹਾ ਕਰ ਕੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਪਾਰਟੀ ਦੇ ਖਿਲਾਫ ਕੰਮ ਕਰਨਗੇ ਅਤੇ ਉਹਨਾਂ ਦਾ ਇਕਲੌਤਾ ਮਕਸਦ ਪਾਰਟੀ ਕੇਡਰ ਨੂੰ ਗੁੰਮਰਾਹ ਕਰਨਾ ਹੈ।