ਨਵੀਂ ਦਿੱਲੀ, 26 ਜੁਲਾਈ, 2024 (ਦੀ ਪੰਜਾਬ ਵਾਇਰ)। ਕੇਂਦਰੀ ਬਜਟ ’ਤੇ ਸੰਸਦ ਵਿੱਚ ਚੱਲ ਰਹੀ ਬਹਿਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਸਾਂਸਦ ਸ: ਚਰਨਜੀਤ ਸਿੰਘ ਚੰਨੀ ਵੱਲੋਂ ਖ਼ਡੂਰ ਸਾਹਿਬ ਦੇ ਐੱਮ.ਪੀ. ਅਤੇ ‘ਵਾਰਿਸ ਪੰਜਾਬ ਦੇ’ ਜਥੇਦਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਦਿੱਤਾ ਬਿਆਨ ਉਨ੍ਹਾਂ ਦੇ ਗ਼ਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ।
ਸ: ਚੰਨੀ ਦੇ ਸੰਸਦ ਵਿੱਚ ਇਸ ਪਹਿਲੇ ਸੰਬੋਧਨ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਬਿਆਨ ਨੇ ਨਾ ਕੇਵਲ ਉਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਲੈ ਆਂਦਾ ਹੈ ਸਗੋਂ ਉਨ੍ਹਾਂ ਦੀ ਆਪਣੀ ਪਾਰਟੀ ਵਿੱਚ ਇਸ ਬਿਆਨ ਤੋਂ ਪੈਰ ਪਿਛਾਂਹ ਖਿੱਚਦੀ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸ: ਚੰਨੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਖ਼ਡੂਰ ਸਾਹਿਬ ਦੇ ਲੱਖਾਂ ਲੋਕਾਂ ਵੱਲੋਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ’ਤੇ ਐੱਨ.ਐੱਸ.ਏ. ਲਗਾ ਕੇ ਉਸਨੂੰ ਜੇਲ੍ਹੀਂ ਡੱਕਿਆ ਹੋਇਆ ਹੈ ਜਿਸ ਨਾਲ ਕਿ ਹਲਕੇ ਦੇ ਲੋਕਾਂ ਦੀ ਆਵਾਜ਼ ਦੇਸ਼ ਦੀ ਸੰਸਦ ਵਿੱਚ ਪੁੱਜਣੋਂ ਰੋਕੀ ਜਾ ਰਹੀ ਹੈ। ਇਹ ਵੀ ਇੱਕ ਤਰ੍ਹਾਂ ਦੀ ਐਮਰਜੈਂਸੀ ਹੀ ਹੈ।
ਅੰਮ੍ਰਿਤਪਾਲ ਵੱਲੋਂ ਲਗਾਤਾਰ ਖ਼ਾਲਿਸਤਾਨ ਦੀ ਗੱਲ ਕੀਤੇ ਜਾਣ ਕਰਕੇ ਉਨ੍ਹਾਂ ਦੇ ਵੱਖਵਾਦੀ ਸਟੈਂਡ ਦੇ ਚੱਲਦਿਆਂ ਸ: ਚੰਨੀ ਇਸ ਮਾਮਲੇ ਵਿੱਚ ਘਿਰੇ ਹਨ।
ਹੁਣ ਕਾਂਗਰਸ ਦੇ ਕੌਮੀ ਜਨਰਲ ਸਕੱਤਰ, ਐੱਮ.ਪੀ. ਅਤੇ ਪ੍ਰਮੁੱਖ ਬੁਲਾਰੇ ਸ੍ਰੀ ਜੈ ਰਾਮ ਰਮੇਸ਼ ਨੇ ਸਪਸ਼ਟ ਕੀਤਾ ਹੈ ਕਿ ਪਾਰਟੀ ਦੇ ਐੱਮ.ਪੀ. ਸ: ਚਰਨਜੀਤ ਸਿੰਘ ਚੰਨੀ ਵੱਲੋਂ ਅੰਮ੍ਰਿਤਪਾਲ ਸਿੰਘ ਬਾਰੇ ਦਿੱਤਾ ਬਿਆਨ ਉਨ੍ਹਾਂ ਦਾ ਨਿੱਜੀ ਅਤੇ ਕਿਸੇ ਵੀ ਤਰ੍ਹਾਂ ਕਾਂਗਰਸ ਦਾ ਪੱਖ ਨਹੀਂ ਹੈ।
ਇਸੇ ਦੌਰਾਨ ਅੱਜ ਸੰਸਦ ਦੇ ਬਾਹਰ ਪੱਤਰਕਾਰਾਂ ਵੱਲੋਂ ਸੁਆਲ ਪੁੱਛੇ ਜਾਣ ’ਤੇ ਗੁਰਦਾਸਪੁਰ ਤੋਂ ਪਾਰਟੀ ਦੇ ਸੰਸਦ ਮੈਂਬਰ ਅਤੇ ਸ: ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਉਪ-ਮੁੱਖ ਮੰਤਰੀ ਰਹੇ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ ਵੀ ਇਸੇ ਤਰ੍ਹਾਂ ਦਾ ਸੰਖੇਪ ਜੁਆਬ ਦਿੱਤਾ। ਉਨ੍ਹਾਂ ਕਿਹਾ, ‘ਇਹ ਸ: ਚੰਨੀ ਦੀ ਆਪਣੀ ਸਟੇਟਮੈਂਟ ਹੈ, ਇਹ ਉਹਨਾਂ ਦੇ ਨਿੱਜੀ ਵਿਚਾਰ ਹਨ ਅਤੇ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ।’
ਯਾਦ ਰਹੇ ਕਿ ਬੀਤੇ ਕਲ੍ਹ ਸੰਸਦ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸ: ਚੰਨੀ ਦੇ ਬਿਆਨ ਦਾ ਖੁਲ੍ਹੇ ਆਮ ਸਮਰਥਨ ਨਹੀਂ ਸੀ ਕੀਤਾ ਪਰ ਉਨ੍ਹਾਂ ਨੇ ਇਸ ਬਿਆਨ ਦੀ ਖੁਲ੍ਹੇ ਆਮ ਵਿਰੋਧਤਾ ਵੀ ਨਹੀਂ ਕੀਤੀ ਸੀ। ਉਹਨਾਂ ਕਿਹਾ ਸੀ ਕਿ ਜੋ ਵੀ ਹੋਵੇ ਸੰਵਿਧਾਨ ਮੁਤਾਬਕ ਹੋਣਾ ਚਾਹੀਦਾ ਹੈ।