ਸੁਨੀਲ ਜਾਖੜ ਬੋਲੇ; ਆਪਣੇ ਹੀ ਆਗੂਆਂ ਦੇ ਬੜਬੋਲੇਪਣ ਨੇ ਕਾਂਗਰਸ ਦੀ ਜੜ੍ਹ ਵੱਢੀ
ਚੰਡੀਗੜ੍ਹ 1 ਮਈ 2024 (ਦੀ ਪੰਜਾਬ ਵਾਇਰ)। ‘ਪੰਜਾਬ ਚ ਕਾਂਗਰਸ ਆਖਰੀ ਸਾਹ ਲੈਣ ਕੰਢੇ ਪਹੁੰਚ ਚੁੱਕੀ ਹੈ ਤੇ ਕਾਂਗਰਸ ਦੀ ਇਹ ਸਥਿਤੀ ਕਿਸੇ ਹੋਰ ਨੇ ਨਹੀਂ ਕੀਤੀ, ਸਗੋਂ ਉਸ ਆਗੂਆਂ ਵੱਲੋਂ ਆਪਣੀ ਹੀ ਪਾਰਟੀ ਦੀਆਂ ਜੜ੍ਹਾਂ ਵੱਢਣ ਕਾਰਨ ਹੋਈ ਹੈ।’
ਇਹ ਪ੍ਰਗਟਾਵਾ ਚੰਡੀਗੜ੍ਹ ਚ ਵੱਖ-ਵੱਖ ਪਾਰਟੀਆਂ ਤੋਂ ਆਏ ਸਿਆਸੀ ਆਗੂਆਂ ਨੂੰ ਭਾਜਪਾ ਸ਼ਾਮਲ ਕਰਨ ਮੌਕੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਗੱਲਬਾਤ ਕਰਦੇ ਹੋਏ ਕੀਤਾ।
ਪ੍ਰਧਾਨ ਜਾਖੜ ਨੇ ਸਟੇਜ ਉੱਤੇ ਬਿਰਾਜਮਾਨ ਬੀਬੀ ਕਰਮਜੀਤ ਕੌਰ ਚੌਧਰੀ ਦਾ ਜ਼ਿਕਰ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਉਹ ਚੌਧਰੀ ਪਰਿਵਾਰ ਹੈ, ਜਿਸ ਨੇ 18 ਚੋਣਾਂ ਜਿੱਤੀਆਂ ਹਨ, ਤਿੰਨ ਪੀੜ੍ਹੀਆਂ ਕਾਂਗਰਸ ਦੇ ਲੇਖੇ ਲਾਈਆਂ ਹਨ, ਬੀਬੀ ਕਰਮਜੀਤ ਕੌਰ ਦੇ ਪਤੀ ਐਮਪੀ ਸੰਤੋਖ ਸਿੰਘ ਚੌਧਰੀ ਨੇ ਰਾਹੁਲ ਗਾਂਧੀ ਦੀ ਕਥਿਤ ਭਾਰਤ ਜੋੜੋ ਯਾਤਰਾ ਦੌਰਾਨ ਆਪਣੀ ਜਾਨ ਤੱਕ ਦੇ ਦਿੱਤੀ, ਪਰ ਪਾਰਟੀ ਨੇ ਕੋਈ ਮੁੱਲ ਨਹੀਂ ਪਾਇਆ।
ਇਸੇ ਤਰ੍ਹਾਂ ਦਲਵੀਰ ਗੋਲਡੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਚਾਹੇ ਗੋਲਡੀ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਪਰ ਸਵਾਲ ਇਹ ਹੈ ਕਿ ਉਸ ਵਰਗਾ ਮਿਹਨਤੀ ਆਗੂ ਤੇ ਮਿੱਠ ਬੋਲੜਾ ਬੁਲਾਰਾ ਕਿਉਂ ਕਾਂਗਰਸ ਛੱਡ ਕੇ ਗਿਆ? ਇਸ ਦਾ ਸਹੀ ਜਵਾਬ ਇਹ ਹੈ ਕਿ ਪੰਜਾਬ ਕਾਂਗਰਸ ਆਗੂਆਂ ਦੀ ਬੋਲ ਬਾਣੀ ਉੱਤੇ ਕੋਈ ਲਗਾਮ ਨਹੀਂ ਹੈ। ਇੰਝ ਲੱਗਦਾ ਹੈ ਜਿਵੇਂ ਪੰਜਾਬ ਚ ਕਾਂਗਰਸ ਆਪਣੀ ਮੁਕਤੀ ਵੱਲ ਵਧ ਰਹੀ ਹੋਵੇ ਤੇ ਸੱਚ ਇਹ ਵੀ ਹੈ ਕਿ ਕਾਂਗਰਸ ਦੀ ਇਸ ਤਰਸਯੋਗ ਸਥਿਤੀ ਲਈ ਉਸ ਦੇ ਆਗੂ ਹੀ ਜ਼ਿੰਮੇਵਾਰ ਹਨ, ਜੋ ਨੇ ਆਪਣੀ ਪਾਰਟੀ ਦੀ ਜੜ੍ਹ ਵੱਢ ਰਹੇ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਭਾਜਪਾ ਦੇ ਕੇਂਦਰੀ ਆਗੂ ਗਜਿੰਦਰ ਸਿੰਘ ਸ਼ੇਖਾਵਤ ਨੇ ਪੰਜਾਬ ਚ ਭਾਜਪਾ ਦੇ ਪਰਿਵਾਰ ਦੇ ਵਾਧੇ ਉੱਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਬੀਤੇ ਦਿਨੀਂ ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ ਤੇ ਯੂਪੀ ਦਾ ਦੌਰਾ ਕਰਕੇ ਆਏ ਹਨ। ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਵਾਹੀ ਚ
ਭਾਜਪਾ ਦੇ ਵਿਕਾਸ ਏਜੰਡੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਲੋਕ ਮੋਦੀ ਸਰਕਾਰ ਦੇ ਵਿਕਾਸ ਮੁਖੀ ਏਜੰਡੇ ਉੱਤੇ ਮੋਹਰ ਲਾਉਣਗੇ ਤੇ ਸੂਬੇ ਦੀਆਂ 13 ਸੀਟਾਂ ਉੱਤੇ ਹੀ ਭਾਜਪਾ ਦੇ ਉਮੀਦਵਾਰ ਜਿੱਤਣਗੇ।
ਉਨ੍ਹਾਂ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਚ ਕੋਈ ਸ਼ੱਕ ਨਹੀਂ ਕਿ ਸੂਬੇ ਦੇ ਕਿਸਾਨ ਮੁਸ਼ਕਿਲ ਸਥਿਤੀਆਂ ਕਾਰਨ ਸੰਘਰਸ਼ ਦੇ ਰਾਹ ਉੱਤੇ ਹਨ, ਪਰ ਫਿਰ ਵੀ ਇਹੀ ਕਹਿਣਾ ਬਣਦਾ ਹੈ ਕਿ ਕੋਈ ਵੀ ਮਸਲਾ ਗੱਲਬਾਤ ਨਾਲ ਹੀ ਹੱਲ ਹੋ ਸਕਦਾ ਹੈ।
ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਹਰ ਵੇਲੇ ਤਿਆਰ ਹੈ ਤੇ ਦਰਵਾਜ਼ੇ ਖੁੱਲ੍ਹੇ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਤੋਂ ਭਾਜਪਾ ਚ ਸ਼ਾਮਲ ਹੋਈ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਤੇ ਉਨ੍ਹਾਂ ਦੇ ਸਾਥੀਆਂ ਤੇ ਹੋਰ ਆਗੂਆਂ ਨੂੰ ਸਨਮਾਨਤ ਕੀਤਾ ਗਿਆ।