ਪੰਜਾਬ ਮੁੱਖ ਖ਼ਬਰ ਰਾਜਨੀਤੀ

ਮੋਦੀ ਵੱਲੋਂ ਮਨਮੋਹਨ ਸਿੰਘ ਦੇ ਭਾਸ਼ਣ ਦਾ ਹਵਾਲਾ ਦੇ ਕੇ ਮੁਸਲਮਾਨਾਂ ਬਾਰੇ ਟਿੱਪਣੀ ਲਈ ਚੋਣ ਕਮਿਸ਼ਨ ’ਤੇ ਕਿਉਂ ਹੋਏ ਸਵਾਲ ਖੜ੍ਹੇ

ਮੋਦੀ ਵੱਲੋਂ ਮਨਮੋਹਨ ਸਿੰਘ ਦੇ ਭਾਸ਼ਣ ਦਾ ਹਵਾਲਾ ਦੇ ਕੇ ਮੁਸਲਮਾਨਾਂ ਬਾਰੇ ਟਿੱਪਣੀ ਲਈ ਚੋਣ ਕਮਿਸ਼ਨ ’ਤੇ ਕਿਉਂ ਹੋਏ ਸਵਾਲ ਖੜ੍ਹੇ
  • PublishedApril 23, 2024

ਪ੍ਰਧਾਨ ਮੰਤਰੀ ਮੋਦੀ ਦੇ ਦਾਅਵਿਆਂ ਦਾ ਰਾਹੁਲ ਗਾਂਧੀ ਸਣੇ ਪਾਰਟੀ ਦੇ ਕਈ ਆਗੂਆਂ ਨੇ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਨੂੰ ‘ਝੂਠਾ’ ਦੱਸਿਆ ਹੈ।

ਕਾਂਗਰਸ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਕੋਲ ਵੀ ਗਈ ਹੈ। ਭਾਜਪਾ ਦੇ ਖ਼ਿਲਾਫ਼ ਚੋਣ ਜ਼ਾਬਤਾ ਦੀ ਉਲੰਘਣਾ ਨਾਲ ਜੁੜੀਆਂ 16 ਸ਼ਿਕਾਇਤਾਂ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਦਿੱਤੀਆਂ ਹਨ।

ਚੰਡੀਗੜ੍ਹ, 23 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੱਕ ਪੁਰਾਣੇ ਭਾਸ਼ਣ ਦਾ ਹਵਾਲਾ ਦਿੰਦਿਆਂ ਮੁਸਲਮਾਨਾਂ ਉੱਤੇ ਟਿੱਪਣੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੂੰ ‘ਘੁਸਪੈਠੀਏ’ ਅਤੇ ‘ਵੱਧ ਬੱਚੇ ਪੈਦਾ ਕਰਨ ਵਾਲਾ’ ਕਿਹਾ ਗਿਆ ਸੀ।

ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਮਨਮੋਹਨ ਸਿੰਘ ਦੇ ਜਿਸ 18 ਸਾਲ ਪੁਰਾਣੇ ਭਾਸ਼ਣ ਦਾ ਜ਼ਿਕਰ ਕੀਤਾ ਹੈ ਉਸ ਵਿੱਚ ਮਨਮੋਹਨ ਸਿੰਘ ਨੇ ਮੁਸਲਮਾਨਾਂ ਨੂੰ ਪਹਿਲਾ ਹੱਕ ਦੇਣ ਦੀ ਗੱਲ ਨਹੀਂ ਕੀਤੀ ਸੀ।

ਮਨਮੋਹਨ ਸਿੰਘ ਨੇ 2006 ਵਿੱਚ ਕਿਹਾ ਸੀ, “ਅਨੁਸੂਚਿਤ ਜਾਤਾਂ ਅਤੇ ਜਨਜਾਤੀਆਂ ਨੂੰ ਮੁੜ ਖੜ੍ਹਾ ਕਰਨ ਦੀ ਲੋੜ ਹੈ। ਨਵੀਆਂ ਯੋਜਨਾਵਾਂ ਲਿਆ ਇਹ ਯਕੀਨੀ ਬਣਾਉਣਾ ਪਵੇਗਾ ਕਿ ਘੱਟਗਿਣਤੀਆਂ ਦਾ ਅਤੇ ਖ਼ਾਸ ਕਰਕੇ ਮੁਸਲਮਾਨਾਂ ਦਾ ਭਲਾ ਹੋ ਸਕੇ, ਵਿਕਾਸ ਦਾ ਫਾਇਦਾ ਮਿਲ ਸਕੇ, ਇਨ੍ਹਾਂ ਸਾਰਿਆਂ ਦਾ ਸਰੋਤਾਂ ਉੱਤੇ ਪਹਿਲਾ ਦਾਅਵਾ ਹੋਣਾ ਚਾਹੀਦਾ ਹੈ।”

ਮਨਮੋਹਨ ਸਿੰਘ ਨੇ ਅੰਗ੍ਰੇਜ਼ੀ ਵਿੱਚ ਦਿੱਤੇ ਗਏ ਭਾਸ਼ਣ ਵਿੱਚ ਕਲੇਮ ਸ਼ਬਦ ਦੀ ਵਰਤੋਂ ਕੀਤੀ ਸੀ।

ਪੀਐੱਮ ਮੋਦੀ ਦੇ ਬਿਆਨ ਦਾ ਵਿਰੋਧ ਇਹ ਕਹਿ ਕੇ ਵੀ ਕੀਤਾ ਜਾ ਰਿਹਾ ਹੈ ਕਿ ਉਹ ਕਿਵੇਂ ਦੇਸ਼ ਦੇ ਤਕਰੀਬਨ 20 ਕਰੋੜ ਮੁਸਲਮਾਨਾਂ ਦੇ ਲਈ ‘ਘੁਸਪੈਠੀਆ’ ਸ਼ਬਦ ਦੀ ਵਰਤੋਂ ਕਰ ਸਕਦੇ ਹਨ।

ਸਿਆਸੀ ਸ਼ਿਕਾਇਤਾਂ ਤੋਂ ਇਲਾਵਾ 17 ਹਜ਼ਾਰ ਤੋਂ ਵੱਧ ਆਮ ਨਾਗਰਿਕਾਂ ਨੇ ਵੀ ਚੋਣ ਕਮਿਸ਼ਨ ਤੋਂ ਇਹ ਮੰਗ ਕੀਤੀ ਹੈ ਇਸ ‘ਹੇਟ ਸਪੀਚ’ ਦੇ ਲਈ ਪੀਐੱਮ ਮੋਦੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਸਾਰੇ ਵਿਰੋਧ ਦੇ ਕੇਂਦਰ ਵਿੱਚ ਇੱਕ ਵਾਰੀ ਫਿਰ ਚੋਣ ਕਮਿਸ਼ਨ ਦੀ ਭੂਮਿਕਾ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਚੋਣ ਕਮਿਸ਼ਨ ਦੀ ਭੂਮਿਕਾ ਅਤੇ ਭਾਜਪਾ ਦੇ ਖਿਲਾਫ਼ ਸ਼ਿਕਾਇਤਾਂ

ਲੋਕ ਸਭਾ ਚੋਣਾਂ 2024 ਦੇ ਤਹਿਤ ਦੇਸ਼ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ।

ਚੋਣ ਕਮਿਸ਼ਨ ਦੇ ਵੱਲੋਂ ਲਾਗੂ ਕੀਤੇ ਗਏ ਚੋਣ ਜ਼ਾਬਤੇ ਦੇ ਮੁਤਾਬਕ ਚੋਣ ਪ੍ਰਚਾਰ ਦੇ ਦੌਰਾਨ ਨਾ ਤਾਂ ਧਾਰਮਿਕ ਪ੍ਰਤੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਧਰਮ, ਸੰਪਰਦਾ ਅਤੇ ਜਾਤ ਦੇ ਅਧਾਰ ਉੱਤੇ ਵੋਟ ਪਾਉਣ ਦੀ ਅਪੀਲ ਕੀਤੀ ਜਾ ਸਕਦੀ ਹੈ।

ਚੋਣ ਜ਼ਾਬਤੇ ਦੇ ਮੁਤਾਬਕ ਕਿਸੇ ਵੀ ਧਾਰਮਿਕ ਜਾ ਜਾਤ ਸਮੂਹ ਦੇ ਖਿਲਾਫ਼ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਜਾਂ ਨਾਅਰੇ ਲਾਉਣ ਉੱਤੇ ਵੀ ਰੋਕ ਹੈ।

Written By
The Punjab Wire