ਪੰਜਾਬ ਰਾਜਨੀਤੀ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ
  • PublishedApril 17, 2024

ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਰਵਿਦਾਸ ਜੀ ਦੀ ਯਾਦਗਾਰ ਦੀ ਉਸਾਰੀ ਮੁਕੰਮਲ ਕਰਵਾਉਣ ਦਾ ਵੀ ਕੀਤਾ ਐਲਾਨ

ਪਟਿਆਲਾ, 17 ਅਪ੍ਰੈਲ 2024 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਭਗਵਾਨ ਸ੍ਰੀ ਰਾਮ ਜੀ ਦੇ ਨਾਨਕਾ ਅਸਥਾਨ ਘੜਾਮ ਜ਼ਿਲ੍ਹਾ ਪਟਿਆਲਾ ਵਿਖੇ ਪ੍ਰਭੂ ਸ੍ਰੀ ਰਾਮ ਅਤੇ ਮਾਤਾ ਕੌਸ਼ਲਿਆ ਜੀ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅੱਜ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਮੌਕੇ ਜਿੱਥੇ ਮੈਂ ਸਮੂਹ ਹਿੰਦੂ ਭਾਈਚਾਰੇ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਹਾਂ, ਉੱਥੇ ਹੀ ਮੈਂ ਇੱਕ ਵਾਅਦਾ ਵੀ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪਿੰਡ ਘੜਾਮ (ਜ਼ਿਲ੍ਹਾ ਪਟਿਆਲਾ), ਜੋ ਭਗਵਾਨ ਸ਼੍ਰੀ ਰਾਮ ਜੀ ਦਾ ਨਾਨਕਾ ਪਿੰਡ ਹੈ, ਵਿਖੇ ਵਿਸ਼ਾਲ ਯਾਦਗਾਰ ਬਣਾ ਕੇ ਇਸ ਨੂੰ ਇੱਕ ਪਵਿੱਤਰ ਇਤਿਹਾਸਿਕ ਨਗਰ ਵੱਜੋਂ ਵਿਕਸਿਤ ਕੀਤਾ ਜਾਏਗਾ।

ਉਹਨਾਂ ਇਹ ਵੀ ਕਿਹਾ ਕਿ ਇੱਕ ਹੋਰ ਭਰੋਸਾ ਉਹ ਦੁਆਉਂਦੇ ਹਨ ਕਿ ਕਿ ਸ਼੍ਰੀ ਰਵਿਦਾਸ ਜੀ ਮਹਾਰਾਜ ਦਾ ਤੀਰਥ ਅਸਥਾਨ, ਸ਼੍ਰੀ ਖੁਰਾਲਗੜ੍ਹ ਸਾਹਿਬ, ਜਿਸਦਾ ਨਿਰਮਾਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਹੋਇਆ ਪ੍ਰੰਤੂ ਬਾਅਦ ਵਾਲੀਆਂ ਸਰਕਾਰਾਂ ਨੇ ਇਸਨੂੰ ਵਿਸਾਰ ਦਿੱਤਾ, ਨੂੰ ਵੀ ਆਪਣੀ ਸਰਕਾਰ ਆਉਣ ‘ਤੇ ਮੁਕੰਮਲ ਕਰਵਾਇਆ ਜਾਵੇਗਾ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚੱਲਦਾ ਹੋਇਆ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਇਸ ਕਰਕੇ ਪਹਿਲਾਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਗਲਿਆਰੇ ਦੀ ਸੁੰਦਰਤਾ ਅਤੇ ਵਿਰਾਸਤੀ ਮਾਰਗ ਦੇ ਸੇਵਾ ਦੇ ਨਾਲ-ਨਾਲ, ਸ੍ਰੀ ਦੁਰਗਿਆਣਾ ਮੰਦਿਰ ਦਾ ਸੁੰਦਰੀਕਰਨ ਅਤੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਵਿਸ਼ਾਲ ਮੂਰਤੀ ਸਥਾਪਿਤ ਕਰਕੇ ਅਤਿ ਸੁੰਦਰ ਸ੍ਰੀ ਰਾਮ ਤੀਰਥ ਸਥਲ ਵੀ ਬਣਾਇਆ ਗਿਆ। ਅਗਾਂਹ ਵੀ ਸਭ ਧਰਮਾਂ ਦੇ ਪਵਿੱਤਰ ਅਸਥਾਨਾਂ ਨੂੰ ਵਿਸ਼ੇਸ਼ ਸਨਮਾਨ ਲਈ ਅਸੀਂ ਵਚਨਬੱਧ ਹਾਂ।

Written By
The Punjab Wire