ਨਵੀਂ ਦਿੱਲੀ, 29 ਮਾਰਚ 2024 (ਦੀ ਪੰਜਾਬ ਵਾਇਰ)। ਆਮਦਨ ਕਰ ਵਿਭਾਗ ਤੋਂ ਕਾਂਗਰਸ ਨੂੰ ਮਿਲੇ ਨੋਟਿਸ ‘ਤੇ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਸਰਕਾਰ ਬਦਲੇਗੀ ਤਾਂ ‘ਲੋਕਤੰਤਰ ਦਾ ਚੀਰਹਰਨ’ ਕਰਨ ਵਾਲਿਆਂ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਕਾਰਵਾਈ ਵੀ ਅਜਿਹੀ ਹੋਵੇਗੀ ਕਿ ਕਿਸੇ ਨੂੰ ਦੁਬਾਰਾ ਇਹ ਸਭ ਕਰਨ ਦੀ ਹਿੰਮਤ ਨਹੀਂ ਹੋਵੇਗੀ। ਇਹ ਮੇਰੀ ਗਾਰੰਟੀ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਹੈਸ਼ਟੈਗ #BJPTaxTerrorism ਲਿਖਦੇ ਹੋਏ ਇਹ ਗੱਲ ਕਹੀ। ਦਰਅਸਲ, ਆਮਦਨ ਕਰ ਵਿਭਾਗ ਨੇ ਸਵੇਰੇ ਕਾਂਗਰਸ ਨੂੰ 1700 ਕਰੋੜ ਰੁਪਏ ਦਾ ਨਵਾਂ ਡਿਮਾਂਡ ਨੋਟਿਸ ਜਾਰੀ ਕੀਤਾ ਸੀ। ਨਿਊਜ਼ ਏਜੰਸੀ ਮੁਤਾਬਕ ਇਹ ਡਿਮਾਂਡ ਨੋਟਿਸ 2017-18 ਤੋਂ 2020-21 ਲਈ ਹੈ। ਇਸ ਵਿੱਚ ਜੁਰਮਾਨੇ ਦੇ ਨਾਲ ਵਿਆਜ ਵੀ ਸ਼ਾਮਲ ਹੈ।
ਨਵੇਂ ਨੋਟਿਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੀ ਕਾਂਗਰਸ ਲਈ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਕ ਦਿਨ ਪਹਿਲਾਂ 28 ਮਾਰਚ ਨੂੰ ਦਿੱਲੀ ਹਾਈ ਕੋਰਟ ਨੇ ਟੈਕਸ ਮੁਲਾਂਕਣ ਨੂੰ ਲੈ ਕੇ ਕਾਂਗਰਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।