Close

Recent Posts

ਖੇਡ ਸੰਸਾਰ ਪੰਜਾਬ

10ਵਾਂ ਵਿਰਸਾ ਸੰਭਾਲ ਹੋਲਾ-ਮਹੱਲਾ ਗੱਤਕਾ ਕੱਪ ਸ੍ਰੀ ਅਨੰਦਪੁਰ ਸਾਹਿਬ ਵਿਖੇ 25 ਮਾਰਚ ਨੂੰ – ਗਰੇਵਾਲ

10ਵਾਂ ਵਿਰਸਾ ਸੰਭਾਲ ਹੋਲਾ-ਮਹੱਲਾ ਗੱਤਕਾ ਕੱਪ ਸ੍ਰੀ ਅਨੰਦਪੁਰ ਸਾਹਿਬ ਵਿਖੇ 25 ਮਾਰਚ ਨੂੰ – ਗਰੇਵਾਲ
  • PublishedMarch 23, 2024

ਚੰਡੀਗੜ੍ਹ 23 ਮਾਰਚ 2024 (ਦੀ ਪੰਜਾਬ ਵਾਇਰ)। ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ 25 ਮਾਰਚ ਨੂੰ ਸ਼ਾਮ 3 ਵਜੇ ਤੋਂ ਦੇਰ ਰਾਤ 10 ਵਜੇ ਤੱਕ 10ਵਾਂ ਵਿਰਸਾ ਸੰਭਾਲ ਹੋਲਾ-ਮਹੱਲਾ ਗੱਤਕਾ ਕੱਪ -2024 ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਨਾਮੀ ਗੱਤਕਾ ਅਖਾੜਿਆਂ ਦੇ ਗੱਤਕੇਬਾਜ ਆਪਣੀ ਜੰਗਜੂ ਕਲਾ ਦੇ ਜੌਹਰ ਦਿਖਾਉਣਗੇ।

ਇਹ ਜਾਣਕਾਰੀ ਦਿੰਦੇ ਹੋਏ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ, ਸੰਯੁਕਤ ਡਾਇਰੈਕਟਰ, ਲੋਕ ਸੰਪਰਕ ਵਿਭਾਗ ਪੰਜਾਬ ਨੇ ਦੱਸਿਆ ਕਿ ਇਸ ਮੌਕੇ ਜੰਗਜੂ ਸ਼ਸਤਰ ਕਲਾ ਦੇ ਪ੍ਰਦਰਸ਼ਨ ਅਤੇ ਗੱਤਕਾ ਮੁਕਾਬਲਿਆਂ ਵਿਚ ਲੜਕੇ ਤੇ ਲੜਕੀਆਂ ਵੀ ਭਾਗ ਲੈਣਗੀਆਂ। ਇਹਨਾਂ ਵਿਰਾਸਤੀ ਖੇਡਾਂ ਮੌਕੇ ਗੱਤਕਾ ਸੋਟੀ-ਫੱਰੀ ਦੇ ਵਿਅਕਤੀਗਤ ਮੁਕਾਬਲੇ ਵੀ ਕਰਵਾਏ ਜਾਣਗੇ।

ਰਾਜ ਪੁਰਸਕਾਰ ਜੇਤੂ ਸ. ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਜੇਤੂ ਖਿਡਾਰੀਆਂ ਦਾ ਵਿਸੇਸ਼ ਤੌਰ ਉਤੇ ਸਨਮਾਨ ਕੀਤਾ ਜਾਵੇਗਾ ਅਤੇ ਕੌਂਸਲ ਵੱਲੋਂ ਸਮੂਹ ਗੱਤਕੇਬਾਜਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ।

 ਸ. ਗਰੇਵਾਲ ਨੇ ਕਿਹਾ ਕਿ ਗੱਤਕਾ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਗੁਰੂ ਸਾਹਿਬਾਨ ਦੁਆਰਾ ਬਖਸ਼ੀ ਰਵਾਇਤੀ ਸਿੱਖ ਜੰਗਜੂ ਕਲਾ ਦਾ ਪਸਾਰ ਅਤੇ ਪ੍ਰਚਾਰ ਕਰਨ ਸਮੇਤ ਅਗਲੀਆਂ ਪੀੜੀਆਂ ਲਈ ਇਸਦੀ ਸੰਭਾਲ ਕਰਨ ਤੋਂ ਇਲਾਵਾ ਇਸ ਅਮੀਰ ਵਿਰਾਸਤ ਬਾਰੇ ਸਮਾਜਿਕ ਜਾਗਰੂਕਤਾ ਪੈਦਾ ਕਰਨਾ ਵੀ ਇੱਕ ਮੰਤਵ ਹੈ। ਸਿਹਤਮੰਦ ਅਤੇ ਤੰਦਰੁਸਤ ਸਮਾਜ ਕਾਇਮ ਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਵਿਰਾਸਤੀ ਯੁੱਧ ਕਲਾ ਨੌਜਵਾਨਾਂ ਨੂੰ ਨਸ਼ਿਆਂ, ਮਾੜੀਆਂ ਬਿਰਤੀਆਂ ਅਤੇ ਸਮਾਜਿਕ ਬੁਰਾਈਆਂ ਵਿੱਚ ਲੁਪਤ ਹੋਣ ਤੋਂ ਰੋਕਣ ਵਿੱਚ ਸਹਾਈ ਹੁੰਦੀ ਹੈ। ਗੱਤਕਾ ਪ੍ਰਮੋਟਰ ਗਰੇਵਾਲ ਨੇ ਆਖਿਆ ਕਿ ਸ਼ਸਤਰ ਵਿੱਦਿਆ ਦਾ ਅਭਿਆਸ ਸਰਗਰਮ ਜੀਵਨਸ਼ੈਲੀ, ਸਰੀਰਕ ਚੁਸਤੀ ਅਤੇ ਮਜ਼ਬੂਤ ਸਿਹਤ ਨੂੰ ਉਤਸ਼ਾਹਤ ਕਰਦਾ ਹੈ। ਨਾਲ ਹੀ ਇਹ ਕਲਾ ਆਦਰਸ਼ਕ ਖੇਡ ਭਾਵਨਾ, ਜਿੱਤ ਅਤੇ ਹਾਰ ਦੋਵਾਂ ਲਈ ਸਹਿਣਸ਼ੀਲਤਾ, ਅਤੇ ਸਿਹਤਮੰਦ ਮੁਕਾਬਲੇ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ।

Written By
The Punjab Wire