ਮਾਈ ਰੂਪ ਕੌਰ ਬਾਗੜੀਆਂ ਆਪਣੇ ਪਰਿਵਾਰ ਅਤੇ ਸੈਂਕੜੇ ਕਾਂਗਰਸੀ ਅਹੁਦੇਦਾਰ ਨਾਲ ਆਪ ਵਿੱਚ ਹੋਈ ਸ਼ਾਮਲ, ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਦੇ ਵਾਈਸ ਚੇਅਰਮੈਨ ਅਤੇ ਮਜ਼ਦੂਰ ਸੈੱਲ ਪੰਜਾਬ ਸਿਮਰਜੀਤ ਸਿੰਘ ਸੇਹਕੇ ਨੇ ਵੀ ਆਪ ਚ ਕੀਤੀ ਸ਼ਮੂਲੀਅਤ
ਹਰਪਾਲ ਚੀਮਾ ਅਤੇ ਗੁਰਪ੍ਰੀਤ ਜੀਪੀ ਨੇ ਸਾਰੇ ਨਵੇਂ ਮੈਂਬਰਾਂ ਦਾ ਪਾਰਟੀ ਵਿੱਚ ਕੀਤਾ ਸਵਾਗਤ
ਦੋਵੇਂ ਆਗੂ ਇਨ੍ਹਾਂ ਦੋਵਾਂ ਹਲਕਿਆਂ ਵਿਚ ‘ਆਪ’ ਦੀ ਵੱਡੀ ਜਿੱਤ ਨੂੰ ਲੈ ਕੇ ਆਸਵੰਦ, ਕਿਹਾ- ਸੰਗਰੂਰ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਚ ‘ਆਪ’ ਤੋਂ ਇਲਾਵਾ ਕਿਸੇ ਵੀ ਪਾਰਟੀ ਕੋਲ ਕੋਈ ਮੌਕਾ ਨਹੀਂ ਹੈ
ਚੰਡੀਗੜ੍ਹ, 19 ਮਾਰਚ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਲੋਕ ਸਭਾ ਹਲਕਿਆਂ ਸੰਗਰੂਰ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਸੈਂਕੜੇ ਕਾਂਗਰਸੀ ਅਹੁਦੇਦਾਰ ਅਤੇ ਕਈ ਪਿੰਡਾਂ ਦੇ ਸਰਪੰਚ ਆਪ ਵਿਚ ਸ਼ਾਮਲ ਹੋ ਗਏ।
ਮੰਗਲਵਾਰ ਨੂੰ ਉੱਘੀ ਕਾਂਗਰਸੀ ਆਗੂ ਮਾਈ ਰੂਪ ਕੌਰ ਬਾਗੜੀਆਂ ਆਪਣੇ ਪੂਰੇ ਪਰਿਵਾਰ, ਸਿਮਰਜੀਤ ਸਿੰਘ ਸੇਹਕੇ (ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਅਤੇ ਮਜ਼ਦੂਰ ਸੈੱਲ ਪੰਜਾਬ) ਸਮੇਤ ਸੰਗਰੂਰ ਦੇ ਕਈ ਹੋਰ ਕਾਂਗਰਸੀ ਅਹੁਦੇਦਾਰਾਂ ਅਤੇ ਹਲਕਾ ਅਮਰਗੜ੍ਹ ਅਤੇ ਫਤਹਿਗੜ੍ਹ ਸਾਹਿਬ ਦੇ ਕਈ ਸਰਪੰਚਾਂ ਨਾਲ ਆਪਣੇ ਸਾਰੇ ਪੰਚਾਇਤ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
‘ਆਪ’ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਸਾਰੇ ਨਵੇਂ ਮੈਂਬਰਾਂ ਦਾ ਆਮ ਆਦਮੀ ਪਾਰਟੀ ‘ਚ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਬੱਸੀ ਪਠਾਣਾ ਰੁਪਿੰਦਰ ਹੈਪੀ, ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵੀ ਹਾਜ਼ਰ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੰਗਰੂਰ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਵੱਡੀ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਆਮ ਲੋਕ ਅਤੇ ਆਗੂ ‘ਆਪ’ ਦੇ ਨਾਲ ਹਨ। ਉਹ ਸੂਬੇ ਵਿੱਚ ਸਾਡੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹਨ ਅਤੇ ਹੁਣ ਉਹ ਸੰਸਦ ਵਿੱਚ ਵੀ ‘ਆਪ’ ਦੇ ਸੰਸਦ ਮੈਂਬਰ ਚਾਹੁੰਦੇ ਹਨ।
‘ਆਪ’ ਦੇ ਸੰਸਦ ਮੈਂਬਰ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਆਮ ਲੋਕਾਂ ਲਈ ਕੰਮ ਕਰਨ ਵਾਲੇ ਸਾਰੇ ਆਗੂ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ, ਕਿਉਂਕਿ ‘ਆਪ’ ਹੀ ਇੱਕ ਅਜਿਹੀ ਪਾਰਟੀ ਹੈ ਜੋ ਸਾਰੇ ਲੋਕਾਂ ਨੂੰ ਸੇਵਾ ਕਰਨ ਦਾ ਮੰਚ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕ ‘ਆਪ’ ਵਿੱਚ ਸ਼ਾਮਲ ਹੋਣ ਦਾ ਮਤਲਬ ਹੈ ਕਿ ਸੰਗਰੂਰ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ‘ਆਪ’ ਤੋਂ ਇਲਾਵਾ ਕਿਸੇ ਵੀ ਪਾਰਟੀ ਨੂੰ ਕੋਈ ਮੌਕਾ ਨਹੀਂ ਮਿਲੇਗਾ।