ਨੇਹਾ ਮੁਸਾਵਤ ਵਾਰਡ ਨੰਬਰ-19 ਅਤੇ ਪੂਨਮ ਕੁਮਾਰੀ ਵਾਰਡ ਨੰਬਰ-16 ਤੋਂ ਕੌਂਸਲਰ ਹੈ
ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਘੁੰਮਣ ਅਤੇ ‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਸੰਨੀ ਆਹਲੂਵਾਲੀਆ ਨੇ ਦੋਵਾਂ ਦੀ ਕਰਵਾਈ ਘਰ ਵਾਪਸੀ
ਹੁਣ ਇੰਡੀਆ ਅਲਾਇੰਸ ਦੇ ਚੰਡੀਗੜ੍ਹ ਵਿੱਚ ਕੁੱਲ 19 ਕੌਂਸਲਰ ਹਨ, ਨਗਰ ਨਿਗਮ ਵਿੱਚ ਬਹੁਮਤ ਲਈ ਲੋੜੀਂਦੀ ਗਿਣਤੀ ਵੀ 19 ਹੈ
ਚੰਡੀਗੜ੍ਹ, 9 ਮਾਰਚ 2024 (ਦੀ ਪੰਜਾਬ ਵਾਇਰ)। ਚੰਡੀਗੜ੍ਹ ਮੇਅਰ ਚੋਣਾਂ ‘ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਠੀਕ ਪਹਿਲਾਂ ਭਾਜਪਾ ‘ਚ ਸ਼ਾਮਲ ਹੋਈਆਂ ਆਮ ਆਦਮੀ ਪਾਰਟੀ (ਆਪ) ਦੀ ਕੌਂਸਲਰ ਪੂਨਮ ਅਤੇ ਨੇਹਾ ਮੁਸਾਵਤ ਮੁੜ ‘ਆਪ’ ‘ਚ ਸ਼ਾਮਲ ਹੋ ਗਏ ਹਨ।
ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ ਸੰਨੀ ਸਿੰਘ ਆਹਲੂਵਾਲੀਆ ਨੇ ਰਸਮੀ ਤੌਰ ‘ਤੇ ਦੋਵਾਂ ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਘਰ ਵਾਪਸੀ ਕਰਵਾਈ।
ਨੇਹਾ ਮੁਸਾਵਤ ਵਾਰਡ ਨੰਬਰ 19 ਅਤੇ ਪੂਨਮ ਕੁਮਾਰੀ ਵਾਰਡ ਨੰਬਰ 16 ਤੋਂ ਕੌਂਸਲਰ ਹਨ। ਇਹ ਦੋਵੇਂ 2021 ਦੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤ ਕੇ ਕੌਂਸਲਰ ਬਣੇ ਸਨ।
ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੌਂਸਲਰ ਨੇਹਾ ਮੁਸੱਬਤ ਨੇ ਕਿਹਾ ਕਿ ਇਕੱਠੇ ਰਹਿਣ ਨਾਲ ਘਰ ਵਿੱਚ ਵੀ ਝਗੜੇ ਹੁੰਦੇ ਹਨ। ਇੱਥੇ ਵੀ ਅਜਿਹਾ ਹੀ ਹੋਇਆ। ਪਰ ਹੁਣ ਅਸੀਂ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਕੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਹੈ। ਕੌਂਸਲਰ ਪੂਨਮ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਪਾਰਟੀ ਵਿੱਚ ਘਰ ਵਾਪਸੀ ਕੇ ਉਹ ਬਹੁਤ ਖੁਸ਼ ਹਨ।
ਦੋਵਾਂ ਕੌਂਸਲਰਾਂ ਦੀ ਵਾਪਸੀ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 12 ਹੋ ਗਈ ਹੈ। ਕਾਂਗਰਸ ਦੇ 7 ਕੌਂਸਲਰ ਹਨ। ਦੋਵੇਂ ਪਾਰਟੀਆਂ ਮਿਲ ਕੇ, ਇੰਡੀਆ ਅਲਾਇੰਸ ਕੋਲ ਹੁਣ 19 ਕੌਂਸਲਰ ਹਨ ਅਤੇ ਚੰਡੀਗੜ੍ਹ ਨਗਰ ਨਿਗਮ ਵਿੱਚ ਬਹੁਮਤ ਲਈ ਲੋੜੀਂਦੀ ਗਿਣਤੀ ਵੀ 19 ਹੈ।