ਸਕੂਲ ਆਫ਼ ਐਮੀਨੈਂਸ ਲਈ ਰੱਖੀ ਗਈ 100 ਕਰੋੜ ਦੀ ਰਾਸ਼ੀ
100 ਸਕੂਲਾਂ ਨੂੰ ਸਕੂਲ ਆਫ਼ ਬ੍ਰਿਲੀਐਂਸ ਵਿੱਚ ਕੀਤਾ ਜਾਵੇਗਾ ਤਬਦੀਲ
100 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ਼ ਹੈਪੀਨੈੱਸ ਵਿੱਚ ਕੀਤਾ ਜਾਵੇਗਾ ਤਬਦੀਲ
ਸਿੱਖਿਆ ਕ੍ਰਾਂਤੀ ਲਿਆਉਣ ਵਿੱਚ ਹੋਵੇਗਾ ਸਹਾਈ : ਸਿੱਖਿਆ ਮੰਤਰੀ
ਚੰਡੀਗੜ੍ਹ, 5 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਵਿੱਤ ਮੰਤਰੀ ਵੱਲੋਂ ਅੱਜ ਪੇਸ਼ ਕੀਤੇ ਗਏ ਵਿੱਤੀ ਵਰ੍ਹੇ 2024-25 ਲਈ ਤਜਵੀਜ਼ਤ ਬਜਟ ਵਿੱਚ ਸਕੂਲ ਸਿੱਖਿਆ ਲਈ 11.5 ਫੀਸਦੀ ਅਤੇ ਉਚੇਰੀ ਸਿੱਖਿਆ ਲਈ 6 ਫੀਸਦੀ ਵਾਧੇ ਵਾਲਾ ਬਜਟ ਰੱਖਣ ਲਈ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦਾ ਧੰਨਵਾਦ ਕੀਤਾ ਹੈ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਅੱਜ ਪੇਸ਼ ਕੀਤਾ ਗਿਆ ਬਜਟ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਤੀ ਹਾਂ-ਪੱਖੀ ਅਤੇ ਭਵਿੱਖਮੁਖੀ ਸੋਚ ਦਾ ਪ੍ਰਗਟਾਵਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸਕੂਲਾਂ ਦੇ ਨਤੀਜਿਆਂ ਵਿੱਚ ਜਿੱਥੇ ਸੁਧਾਰ ਹੋਇਆ ਹੈ ਉੱਥੇ ਨਾਲ ਹੀ ਸਕੂਲਾਂ ਵਿੱਚ ਦਾਖ਼ਲਿਆਂ ਵਿੱਚ ਵੀ ਵੱਡੇ ਪੱਧਰ ’ਤੇ ਵਾਧਾ ਦਰਜ ਹੋਇਆ ਹੈ। ਬਜਟ ਵਿੱਚ 16,987 ਕਰੋੜ ਰੁਪਏ ਦਾ ਕੁੱਲ ਬਜਟ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਬਜਟ ਵਿੱਚ ਪੰਜਾਬ ਸਰਕਾਰ ਦੇ ਪ੍ਰਮੁੱਖ ਉਪਰਾਲੇ ‘ਸਕੂਲ ਆਫ਼ ਐਮੀਨੈਂਸ’ ਲਈ 100 ਕਰੋੜ ਦੀ ਰਾਸ਼ੀ ਰੱਖੀ ਗਈ ਹੈ । ਇਸ ਤੋਂ ਇਲਾਵਾ 100 ਸਕੂਲਾਂ ਨੂੰ ‘ਸਕੂਲ ਆਫ਼ ਬ੍ਰਿਲੀਐਂਸ’ ਵਿੱਚ ਅਤੇ 100 ਪ੍ਰਾਇਮਰੀ ਸਕੂਲਾਂ ਨੂੰ ‘ਸਕੂਲ ਆਫ਼ ਹੈਪੀਨੈੱਸ’ ਵਿੱਚ ਤਬਦੀਲ ਕਰਨ ਦੀ ਤਜਵੀਜ਼ ਰੱਖੀ ਗਈ ਹੈ।
ਸ. ਬੈਂਸ ਨੇ ਕਿਹ ਕਿ ਇਸੇ ਤਰ੍ਹਾਂ ਉਚੇਰੀ ਸਿੱਖਿਆ ਲਈ ਵੀ ਬਜਟ ਵਿੱਚ 6 ਫੀਸਦੀ ਵਾਧਾ ਕੀਤਾ ਗਿਆ ਹੈ, ਜਿਸ ਨਾਲ ਸੂਬੇ ਦੇ ਸਰਕਾਰੀ ਕਾਲਜਾਂ ਦਾ ਸਿੱਖਿਆ ਢਾਂਚਾ ਹੋਰ ਮਜ਼ਬੂਤ ਹੋਵੇਗਾ। ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਂਸਚਿਊਐਂਟ ਕਾਲਜਾਂ ਨੂੰ ਵਿੱਤੀ ਸਹਾਇਤਾ ਜਾਰੀ ਰੱਖਣ ਦੇ ਮੰਤਵ ਨਾਲ 1425 ਕਰੋੜ ਦੀ ਬਜਟ ਵੰਡ ਦੀ ਤਜਵੀਜ਼ ਹੈ। ਇਸਦੇ ਨਾਲ ਹੀ ਤਕਨੀਕੀ ਸਿੱਖਿਆ ਲਈ ਵੀ 525 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਬਜਟ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਵਿੱਚ ਮਦਦਗ਼ਾਰ ਸਾਬਿਤ ਹੋਵੇਗਾ।