ਖੇਡ ਸੰਸਾਰ ਪੰਜਾਬ

7ਵਾਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ 8 ਮਾਰਚ ਤੋਂ ਐਲ.ਐਨ.ਸੀ.ਟੀ. ਯੂਨੀਵਰਸਿਟੀ ਭੋਪਾਲ ‘ਚ ਹੋਵੇਗਾ ਸ਼ੁਰੂ

7ਵਾਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ 8 ਮਾਰਚ ਤੋਂ ਐਲ.ਐਨ.ਸੀ.ਟੀ. ਯੂਨੀਵਰਸਿਟੀ ਭੋਪਾਲ ‘ਚ ਹੋਵੇਗਾ ਸ਼ੁਰੂ
  • PublishedMarch 3, 2024

ਚੰਡੀਗੜ੍ਹ, 3 ਮਾਰਚ 2024 (ਦੀ ਪੰਜਾਬ ਵਾਇਰ )। ਐਲ.ਐਨ.ਸੀ.ਟੀ. ਯੂਨੀਵਰਸਿਟੀ, ਭੋਪਾਲ, ਮੱਧ ਪ੍ਰਦੇਸ਼, ਵੱਲੋਂ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਦੀ ਸਰਪ੍ਰਸਤੀ ਹੇਠ 8 ਮਾਰਚ ਤੋਂ 11 ਮਾਰਚ ਤੱਕ 7ਵਾਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਦੀਆਂ 14 ਯੂਨੀਵਰਸਿਟੀਆਂ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਹਿੱਸਾ ਲੈਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਲ.ਐਨ.ਸੀ.ਟੀ. ਗਰੁੱਪ ਆਫ਼ ਕਾਲਜਿਜ਼ ਦੇ ਸਕੱਤਰ ਡਾ: ਅਨੁਪਮ ਚੌਕਸੀ ਨੇ ਕਿਹਾ ਕਿ ਕਿ ਮੱਧ ਭਾਰਤ ਵਿੱਚ ਪ੍ਰਮੁੱਖ ਨਿੱਜੀ ਯੂਨੀਵਰਸਿਟੀਆਂ ਵਿੱਚੋਂ ਮੋਹਰੀ ਸੰਸਥਾ ਵਜੋਂ ਮਸ਼ਹੂਰ, ਐਲ.ਐਨ.ਸੀ.ਟੀ. ਯੂਨੀਵਰਸਿਟੀ ਉੱਚ ਸਿੱਖਿਆ ਲਈ ਵੱਖ-ਵੱਖ ਵਿਸ਼ਿਆਂ ਤੇ ਵਿਭਿੰਨ ਕੋਰਸਾਂ ਦੇ ਇੱਕ ਵੱਡੇ ਕੇਂਦਰ ਵਜੋਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ।

ਐਲ.ਐਨ.ਸੀ.ਟੀ. ਗਰੁੱਪ ਦੇ ਚੇਅਰਮੈਨ ਜੈ ਨਰਾਇਣ ਚੌਕਸੀ ਨੇ ਯੂਨੀਵਰਸਿਟੀ ਦੀ ਅਕਾਦਮਿਕ ਉੱਤਮਤਾ, ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਅਗਾਂਹਵਧੂ ਪਾਠਕ੍ਰਮ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਉੱਚ ਵਿੱਦਿਅਕ ਅਦਾਰਾ ਵਿਦਿਆਰਥੀਆਂ ਦੇ ਚਹੁੰ ਪੱਖੀ ਸ਼ਾਨਦਾਰ ਭਵਿੱਖ ਲਈ ਸਮਰਪਿਤ ਹੈ।

ਵਾਈਸ ਚਾਂਸਲਰ ਪ੍ਰੋ. (ਡਾ.) ਐਨ ਕੇ ਥਾਪਕ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਅੰਦਰ ਇੱਕ ਜੀਵੰਤ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਸਾਡਾ ਕੈਂਪਸ ਸਾਰੀਆਂ ਖੇਡਾਂ ਦੇ ਅਭਿਆਸਾਂ ਲਈ ਉੱਚ ਪੱਧਰੀ ਸਹੂਲਤਾਂ ਅਤੇ ਸਰੋਤਾਂ ਨਾਲ ਲੈਸ ਹੈ।

ਖੇਡ ਨਿਰਦੇਸ਼ਕ ਡਾ. ਪੰਕਜ ਜੈਨ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅਕਾਦਮਿਕ ਦੇ ਨਾਲ-ਨਾਲ ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਉਪਰ ਕੇਂਦਿਰਤ ਕੀਤਾ ਜਾਂਦਾ ਹੈ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਉੱਤਮਤਾ ਪ੍ਰਾਪਤ ਕਰਦੇ ਹੋਏ ਖੇਡਾਂ ਵਿੱਚ ਮੋਹਰੀ ਬਣਨ ਲਈ ਹਮੇਸ਼ਾਂ ਉਤਸ਼ਾਹਿਤ ਕਰਦੇ ਹਾਂ। ਉਨ੍ਹਾਂ ਐਲ.ਐਨ.ਸੀ.ਟੀ. ਯੂਨੀਵਰਸਿਟੀ ਵੱਲੋਂ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਅਤੇ ਤਕਨੀਕੀ ਅਧਿਕਾਰੀਆਂ ਦਾ ਹਾਰਦਿਕ ਸੁਆਗਤ ਕਰਦਿਆਂ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਨੂੰ ਇਸ ਚਾਰ ਰੋਜ਼ਾ ਰਾਸ਼ਟਰੀ ਗੱਤਕਾ ਚੈਂਪੀਅਨਸ਼ਿੱਪ ਵਿੱਚ ਆਪਣੀਆਂ ਟੀਮਾਂ ਭੇਜਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਤਨਵੰਤ ਸਿੰਘ ਨੂੰ ਇਸ ਗੱਤਕਾ ਚੈਂਪੀਅਨਸ਼ਿਪ ਦਾ ਪ੍ਰਬੰਧਕੀ ਸਕੱਤਰ ਬਣਾਇਆ ਗਿਆ ਹੈ।

Written By
The Punjab Wire