ਗੁਰਬਚਨ ਸਿੰਘ ਬੱਬੇਹਾਲੀ ਦੇ ਗ੍ਰਹਿ ਵਿਖੇ ਕੀਤਾ ਵਿਚਾਰ ਵਟਾਂਦਰਾ
ਗੁਰਦਾਸਪੁਰ, 27 ਜਨਵਰੀ 2024 (ਦੀ ਪੰਜਾਬ ਵਾਇਰ)। ਇੱਕ ਫ਼ਰਵਰੀ ਤੋਂ ਅਟਾਰੀ ਤੋਂ ਸ਼ੁਰੂ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਇਕ ਮਹੀਨੇ ਦੌਰਾਨ ਸੂਬੇ ਦੇ 43 ਸਰਕਲਾਂ ਵਿੱਚ ਪਹੁੰਚ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਉਜਾਗਰ ਕਰੇਗੀ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਹਿਤ ਵਿੱਚ ਕੀਤੇ ਕੰਮਾਂ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ । ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੇ ਗ੍ਰਹਿ ਵਿਖੇ ਕੀਤੇ ।
ਪਾਰਟੀ ਦੀ ਮਜ਼ਬੂਤੀ ਲਈ ਸਰਦਾਰ ਬੱਬੇਹਾਲੀ ਨਾਲ ਵਿਚਾਰ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ‘ਆਪ’ ਸਰਕਾਰ ਦੋਵਾਂ ਨੇ ਵਿਕਾਸ, ਰੁਜ਼ਗਾਰ, ਕਿਸਾਨਾਂ, ਵਪਾਰੀਆਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਹਾਲਤ ਸੁਧਾਰਨ ਵਿੱਚ ਨਾਕਾਮ ਰਹਿਣ ਤੋਂ ਇਲਾਵਾ ਸਾਰੇ ਵਾਅਦਿਆਂ ਤੋਂ ਮੁੱਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ । ਯਾਤਰਾ ਦੌਰਾਨ ਰੋਜ਼ਾਨਾ ਦੋ ਸਰਕਲ ਕਵਰ ਕੀਤੇ ਜਾਣਗੇ ਅਤੇ ਲੋਕਾਂ ਤੋਂ ਕਾਂਗਰਸ ਅਤੇ ‘ਆਪ’ ਸਰਕਾਰਾਂ ਦੇ ਕੀਤੇ ਕੰਮਾਂ ਬਾਰੇ ਪੁੱਛਿਆ ਜਾਵੇਗਾ । ਲੋਕਾਂ ਨੂੰ ਪਿਛਲੀਆਂ ਅਕਾਲੀ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰਨ ਲਈ ਕਿਹਾ ਜਾਏਗਾ ।
ਸਰਦਾਰ ਬਾਦਲ ਨੇ ਕਿਹਾ ਕਿ ਪਾਰਟੀ ਨੂੰ ਜੋ ਫੀਡ ਬੈਕ ਮਿਲੀ ਹੈ, ਉਸ ਅਨੁਸਾਰ, ਸਮਾਜ ਦਾ ਹਰ ਵਰਗ ਦੁਖੀ ਹੈ ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਫ਼ਸਲਾਂ ਦੀ ਖ਼ਰਾਬੀ ਦਾ ਮੁਆਵਜ਼ਾ ਨਹੀਂ ਮਿਲਿਆ ਅਤੇ ਕਮਜ਼ੋਰ ਵਰਗਾਂ ਦੇ ਸਮਾਜ ਭਲਾਈ ਲਾਭਾਂ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਸਰਕਾਰੀ ਭਰਤੀਆਂ ਵਿੱਚ ਬਾਹਰਲੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ । ਅਜਿਹਾ ਕਰਕੇ ਸੂਬੇ ਦੇ ਨੌਜਵਾਨਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ ।
ਇਸ ਦੇ ਨਾਲ ਹੀ ਅਕਾਲੀ ਦਲ ਅਮਨ-ਕਾਨੂੰਨ ਦੀ ਬੁਰੀ ਹਾਲਤ ਅਤੇ ਗੈਂਗਸਟਰ ਕਲਚਰ ਦਾ ਵੀ ਪਰਦਾਫਾਸ਼ ਕਰੇਗਾ, ਜਿਸ ਕਾਰਨ ਨਿਵੇਸ਼ਕ ਪੰਜਾਬ ਤੋਂ ਭੱਜ ਰਹੇ ਹਨ । ਆਪ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਗੈਰ-ਕਾਨੂੰਨੀ ਰੇਤ ਦੀ ਮਾਈਨਿੰਗ ਦੇ ਨਾਲ-ਨਾਲ ‘ਆਪ’ ਵਿਧਾਇਕਾਂ ਵੱਲੋਂ ਨਸ਼ਾ ਤਸਕਰਾਂ ਨੂੰ ਦਿੱਤੀ ਸੁਰੱਖਿਆ ਦੇ ਮੁੱਦਾ ਦੇ ਨਾਲ ਹੀ ਭ੍ਰਿਸ਼ਟਾਚਾਰ, ਸਿਆਸੀ ਬਦਲਾਖੋਰੀ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਸੂਬੇ ਦੀ ਰਾਜਧਾਨੀ ਸਮੇਤ ਪੰਜਾਬ ਦੇ ਮਸਲਿਆਂ ‘ਤੇ ‘ਆਪ’ ਸਰਕਾਰ ਵੱਲੋਂ ਮੁਕੰਮਲ ਸਮਰਪਣ ਸਮੇਤ ਹੋਰ ਮੁੱਦੇ ਵੀ ਉਠਾਏ ਜਾਣਗੇ ।
ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਅਕਾਲੀ ਦਲ ਵੇਲੇ ਦੀ ਸਰਕਾਰ ਦਾ ਫ਼ਰਕ ਲੋਕ ਵੇਖ ਚੁੱਕੇ ਹਨ ਅਤੇ ਇਸ ਸਰਕਾਰ ਨੂੰ ਸੱਤਾ ਦੇ ਕੇ ਹੁਣ ਪਛਤਾ ਰਹੇ ਹਨ । ਕਾਂਗਰਸ ਦੀਆਂ ਨੀਤੀਆਂ ਨੇ ਵੀ ਪੰਜਾਬ ਦਾ ਬੇੜਾ ਡੋਬਣ ਵਿੱਚ ਕੋਈ ਕਸਰ ਨਹੀਂ ਛੱਡੀ । ਅਕਾਲੀ ਦਲ ਨੂੰ ਲੋਕਾਂ ਦਾ ਫ਼ਤਵਾ ਮਿਲ ਰਿਹਾ ਹੈ ।
ਇਸ ਮੌਕੇ ਨੌਜਵਾਨ ਅਕਾਲੀ ਨੇਤਾ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ, ਨਿਤਿਨ ਸ਼ਰਮਾ ਵੀ ਮੌਜੂਦ ਸਨ ।