ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ‘ਤੇ ਫਿਰ ਹਮਲਾ ਬੋਲਿਆ, ਕਿਹਾ- ਝਾਂਕੀ ਦਾ ਉਹ ਕਾਨਸੈਪਟ ਦਿਖਾਓ ਜਿਸ ‘ਤੇ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਤਸਵੀਰ ਹੈ
ਕਿਹਾ- ਜਾਖੜ ਨੇ ਝੂਠ ਬੋਲ ਕੇ ਪੰਜਾਬ ਦੇ ਸ਼ਹੀਦਾਂ ਭਗਤ ਸਿੰਘ, ਲਾਲਾ ਲਾਜਪਤ ਰਾਏ, ਸਰਦਾਰ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਅਤੇ ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਮਾਈ ਭਾਗੋ ਦਾ ਅਪਮਾਨ ਕੀਤਾ ਹੈ
ਚੰਡੀਗੜ੍ਹ, 31 ਦਸੰਬਰ 2023 (ਦੀ ਪੰਜਾਬ ਵਾਇਰ)। ਗਣਤੰਤਰ ਦਿਵਸ ਦੀ ਝਾਕੀ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਨੇ ਇਕ ਵਾਰ ਫਿਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ‘ਤੇ ਹਮਲਾ ਬੋਲਿਆ ਹੈ ਅਤੇ ਝਾਂਕੀ ‘ਤੇ ਉਨ੍ਹਾਂ ਦੇ ਬਿਆਨ ਨੂੰ ਝੂਠਾ ਕਰਾਰ ਦਿੱਤਾ ਹੈ।
ਐਤਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਝਾਂਕੀ ਦੇ ਮੁੱਦੇ ‘ਤੇ ਰੱਖਿਆ ਮੰਤਰਾਲੇ ਦੇ ਸਪੱਸ਼ਟੀਕਰਨ ਤੋਂ ਬਾਅਦ ਹੁਣ ਸੁਨੀਲ ਜਾਕੜ ਦਾ ਝੂਠ ਸਾਬਤ ਹੋ ਗਿਆ ਹੈ।
ਕੰਗ ਨੇ ਕਿਹਾ ਕਿ ਹੁਣ ਸੁਨੀਲ ਜਾਖੜ ਨੂੰ ਜਾਂ ਤਾਂ ਪੰਜਾਬ ਸਰਕਾਰ ਦੀ ਉਸ ਝਾਂਕੀ ਦਾ ਕਾਨਸੈਪਟ ਦਿਖਾਉਣਾ ਚਾਹੀਦਾ ਹੈ ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਲੱਗੀ ਹੋਈ ਹੈ ਜਾਂ ਫਿਰ ਉਹ ਆਪਣੇ ਝੂਠ ਲਈ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣ।
ਕੰਗ ਨੇ ਕਿਹਾ ਕਿ ਸੁਨੀਲ ਜਾਖੜ ਨੇ ਝੂਠ ਬੋਲ ਕੇ ਪੰਜਾਬ ਦੇ ਸ਼ਹੀਦਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਲਾਲਾ ਲਾਜਪਤ ਰਾਏ, ਸਰਦਾਰ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਅਤੇ ਮਹਿਲਾ ਸਸ਼ਕਤੀਕਰਨ ਦੇ ਪ੍ਰਤੀਕ ਮਾਈ ਭਾਗੋ ਦਾ ਅਪਮਾਨ ਕੀਤਾ ਹੈ।
ਕੰਗ ਨੇ ਕਿਹਾ ਕਿ ਝੂਠ ਬੋਲ ਕੇ ਜਾਖੜ ਨੇ ਸ਼ਹੀਦਾਂ ਦਾ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਅਪਮਾਨ ਕੀਤਾ ਹੈ। ਉਸ ਨੂੰ ਆਪਣੇ ਕੀਤੇ ਲਈ ਪੰਜਾਬ ਦੇ ਲੋਕਾਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।