ਖੇਡ ਸੰਸਾਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਕਮਲਜੀਤ ਖੇਡਾਂ ਮੌਕੇ ਅੱਜ ਹੋਵੇਗਾ ਏਸ਼ੀਅਨ ਗੇਮਜ਼ ਦੇ ਮੈਡਲਿਸਟ 12 ਖਿਡਾਰੀਆਂ ਦਾ ਸਨਮਾਨ

ਕਮਲਜੀਤ ਖੇਡਾਂ ਮੌਕੇ ਅੱਜ ਹੋਵੇਗਾ ਏਸ਼ੀਅਨ ਗੇਮਜ਼ ਦੇ ਮੈਡਲਿਸਟ 12 ਖਿਡਾਰੀਆਂ ਦਾ ਸਨਮਾਨ
  • PublishedNovember 23, 2023

ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਹਰੇਕ ਖਿਡਾਰੀ ਨੂੰ 25 ਹਜ਼ਾਰ ਨਗਦ ਰਾਸ਼ੀ, ਸਨਮਾਨ ਪੱਤਰ, ਮਾਸਕਟ ਤੇ ਪੁਸਤਕਾਂ ਨਾਲ ਕੀਤਾ ਜਾ ਰਿਹਾ ਹੈ ਸਨਮਾਨ

ਬਟਾਲਾ, 23 ਨਵੰਬਰ 2023 (ਦੀ ਪੰਜਾਬ ਵਾਇਰ)। ਕੋਟਲਾ ਸ਼ਾਹੀਆਂ ਵਿਖੇ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ 30ਵੀਆਂ ਕਮਲਜੀਤ ਖੇਡਾਂ ਮੌਕੇ ਅੱਜ ਏਸ਼ੀਅਨ ਗੇਮਜ਼ ਦੇ ਮੈਡਲਿਸਟ 12 ਪੰਜਾਬੀ ਖਿਡਾਰੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਖਿਡਾਰੀ ਨੂੰ 25 ਹਜ਼ਾਰ ਨਗਦ ਰਾਸ਼ੀ, ਸਨਮਾਨ ਪੱਤਰ, ਮਾਸਕਟ ਤੇ ਪੁਸਤਕਾਂ ਨਾਲ ਸਨਮਾਨ ਕੀਤਾ ਜਾ ਰਿਹਾ ਹੈ।ਤੇਜਿੰਦਰ ਪਾਲ ਸਿੰਘ ਤੂਰ, ਸਿਫ਼ਤ ਕੌਰ ਸਮਰਾ ਤੇ ਪ੍ਰਨੀਤ ਕੌਰ, ਚਾਂਦੀ ਦਾ ਤਮਗ਼ਾ ਜੇਤੂ ਹਰਮਿਲਨ ਬੈਂਸ, ਸੁਖਮੀਤ ਸਿੰਘ, ਮੰਜੂ ਰਾਣੀ, ਚਰਨਜੀਤ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਸਿਮਰਨਜੀਤ ਕੌਰ, ਧਰੁਵ ਕਪਿਲਾ ਤੇ ਗੁਰਜੋਤ ਸਿੰਘ ਖੰਗੂੜਾ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ।

ਖਿਡਾਰੀਆਂ ਦੇ ਜੀਵਨ ਵੇਰਵੇ

ਫਰੀਦਕੋਟ ਦੀ ਰਹਿਣ ਵਾਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਵਿਦਿਆਰਥਣ ਸਿਫ਼ਤ ਕੌਰ ਸਮਰਾ ਨੇ ਹਾਂਗਜ਼ੂ ਵਿਖੇ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ ਵਿਅਕਤੀਗਤ ਵਰਗ ਵਿੱਚ 469.6 ਸਕੋਰ ਨਾਲ ਨਵੇਂ ਵਿਸ਼ਵ ਰਿਕਾਰਡ ਨਾਲ ਸੋਨੇ ਦਾ ਤਮਗ਼ਾ ਜਿੱਤਿਆ। ਉਸ ਨੇ ਪਹਿਲੀ ਪੁਜੀਸ਼ਨ ਤੋਂ ਅਜਿਹੀ ਲੀਡ ਬਣਾਈ ਕਿ ਅੰਤ ਤੱਕ ਕਿਸੇ ਵੀ ਵਿਰੋਧੀ ਨਿਸ਼ਾਨੇਬਾਜ਼ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਵਿਅਕਤੀਗਤ ਵਰਗ ਵਿੱਚ ਸੋਨੇ ਦੇ ਤਮਗ਼ੇ ਤੋਂ ਇਲਾਵਾ ਸਿਫ਼ਤ ਨੇ ਭਾਰਤੀ ਟੀਮ ਵੱਲੋਂ ਖੇਡਦਿਆਂ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਦੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।

ਏਸ਼ੀਅਨ ਗੇਮਜ਼ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਉਹ ਪਹਿਲੀ ਪੰਜਾਬੀ ਮਹਿਲਾ ਨਿਸ਼ਾਨੇਬਾਜ਼ ਹੈ ਜਦੋਂ ਕਿ ਰਾਈਫ਼ਲ ਈਵੈਂਟ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਪੰਜਾਬ ਦੀ ਪਹਿਲੀ ਅਤੇ 50 ਮੀਟਰ ਰਾਈਫ਼ਲ ਥ੍ਰੀ ਪੁਜੀਸ਼ਨ ਵਿੱਚ ਪਹਿਲੀ ਭਾਰਤੀ ਨਿਸ਼ਾਨੇਬਾਜ਼ ਹੈ। ਸਿਫ਼ਤ ਪਹਿਲਾਂ ਹੀ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋ ਚੁੱਕੀ ਹੈ।

ਫਰੀਦਕੋਟ ਵਿਖੇ ਪਵਨਦੀਪ ਸਿੰਘ ਸਮਰਾ ਦੇ ਘਰ ਮਾਤਾ ਰਮਨੀਤ ਕੌਰ ਦੀ ਕੁੱਖੋਂ 9 ਸਤੰਬਰ 2001 ਨੂੰ ਜਨਮੀ ਸਿਫ਼ਤ ਕੌਰ ਸਮਰਾ ਨੇ ਸਾਲ 2017 ਵਿੱਚ ਖੇਡ ਦੀ ਸ਼ੁਰੂਆਤ ਕੀਤੀ। ਉਸ ਵੇਲੇ ਉਹ ਦਸ਼ਮੇਸ਼ ਸਕੂਲ ਫਰੀਦਕੋਟ ਵਿਖੇ ਨੌਵੀਂ ਕਲਾਸ ਵਿੱਚ ਪੜ੍ਹਦੀ ਸੀ। ਪੜ੍ਹਾਈ ਵਿੱਚ ਹੁਸ਼ਿਆਰ ਸਿਫ਼ਤ ਨੇ ਐਮ.ਬੀ.ਬੀ.ਐਸ.ਵਿੱਚ ਦਾਖਲਾ ਲੈ ਲਿਆ ਸੀ ਪਰ ਆਪਣੀ ਖੇਡ ਕਰਕੇ ਉਸ ਨੇ ਡਾਕਟਰੀ ਦੀ ਪੜ੍ਹਾਈ ਛੱਡ ਕੇ ਕੁਲਵਕਤੀ ਖੇਡਾਂ ਨੂੰ ਅਪਣਾਇਆ। ਕੋਚ ਸੁਖਰਾਜ ਚੌਹਾਨ ਦੀ ਸ਼ਾਗਿਰਦ ਸਿਫ਼ਤ ਨੇ ਪਿਛਲੇ ਸਾਲ ਆਈ.ਐਸ.ਐਸ.ਐਫ. ਵਿਸ਼ਵ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ, ਟੀਮ ਤੇ ਮਿਕਸਡ ਈਵੈਂਟਾਂ ਵਿੱਚ ਦੋ ਸੋਨੇ, ਦੋ ਚਾਂਦੀ ਤੇ ਇਕ ਕਾਂਸੀ ਦੇ ਤਮਗ਼ੇ ਜਿੱਤੇ। ਚਾਂਗਵਾਨ (ਦੱਖਣੀ ਕੋਰੀਆ) ਵਿਖੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿੱਚ ਟੀਮ ਈਵੈਂਟ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।

ਇਸ ਸਾਲ ਮਾਰਚ ਮਹੀਨੇ ਭੋਪਾਲ ਵਿਖੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਬਾਕੂ ਵਿਖੇ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਤੱਕ ਪੁੱਜੀ ਅਤੇ ਓਲੰਪਿਕ ਖੇਡਾਂ ਲਈ ਕੁਆਲੀਫਿਕੇਸ਼ਨ ਮਾਰਕ ਪਾਸ ਕੀਤਾ।

ਮੋਗਾ ਜ਼ਿਲੇ ਦੇ ਪਿੰਡ ਖੋਸਾ ਪਾਂਡੋ ਦੇ ਤੇਜਿੰਦਰਪਾਲ ਸਿੰਘ ਤੂਰ ਨੇ ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਪੁਰਸ਼ਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ 20.36 ਮੀਟਰ ਥਰੋਅ ਨਾਲ ਸੋਨੇ ਦਾ ਤਮਗ਼ਾ ਜਿੱਤ ਲਿਆ। ਤੂਰ ਨੇ ਆਪਣੀ ਆਖਰੀ ਤੇ ਛੇਵੀਂ ਥਰੋਅ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ। ਤੂਰ ਨੇ 2018 ਵਿੱਚ ਜਕਾਰਤਾ ਵਿਖੇ ਏਸ਼ੀਅਨ ਗੇਮਜ਼ ਵਿੱਚ ਵੀ ਸ਼ਾਟਪੁੱਟ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਸੀ। ਹਾਂਗਜ਼ੂ ਵਿਖੇ ਤੂਰ ਤੇ ਨੀਰਜ ਚੋਪੜਾ ਦੋ ਹੀ ਅਜਿਹੇ ਅਥਲੀਟ ਸਨ ਜਿਨ੍ਹਾਂ ਨੇ ਲਗਾਤਾਰ ਦੋ ਵਾਰ ਏਸ਼ੀਅਨ ਗੇਮਜ਼ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਤੂਰ ਦਾ ਏਸ਼ੀਆ ਪੱਧਰ ਦੇ ਮੁਕਾਬਲਿਆਂ ਵਿੱਚ ਇਹ ਉਸ ਦਾ ਪੰਜਵਾਂ ਸੋਨ ਤਮਗ਼ਾ ਹੈ ਜਿਨ੍ਹਾਂ ਵਿੱਚ ਦੋ ਵਾਰ ਏਸ਼ੀਅਨ ਗੇਮਜ਼, ਦੋ ਵਾਰ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਇਕ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਦਾ ਸੋਨ ਤਮਗ਼ਾ ਜਿੱਤਿਆ ਹੈ। ਤੂਰ ਏਸ਼ੀਆ ਵਿੱਚ ਸਭ ਤੋਂ ਦੂਰ ਗੋਲਾ ਸੁੱਟਣ ਵਾਲਾ ਅਥਲੀਟ ਹੈ।

ਤੂਰ ਨੂੰ ਖੇਡਾਂ ਦੀ ਗੁੜ੍ਹਤੀ ਘਰੋਂ ਹੀ ਮਿਲੀ ਹੈ। ਪਿੰਡ ਖੋਸਾ ਪਾਂਡੋ ਦੀ ਰੱਸਾਕਸ਼ੀ ਵਿੱਚ ਪੂਰੀ ਚੜ੍ਹਤ ਰਹੀ ਹੈ। ਆਪਣੇ ਸਮੇਂ ਦੇ ਚੰਗੇ ਖਿਡਾਰੀ ਰਹੇ ਉਸ ਦੇ ਪਿਤਾ ਕਰਮ ਸਿੰਘ ਅਤੇ ਚਾਚਾ ਹਰਦੇਵ ਸਿੰਘ ਤੂਰ ਦੀ ਇੱਛਾ ਨਾਲ ਤੇਜਿੰਦਰ ਪਾਲ ਅਥਲੈਟਿਕਸ ਦੇ ਫੀਲਡ ਵਿੱਚ ਨਿੱਤਰਿਆ। ਸਪੋਰਟਸ ਕਾਲਜ ਜਲੰਧਰ ਵਿਖੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਕੋਚ ਮਹਿੰਦਰ ਸਿੰਘ ਢਿੱਲੋਂ ਦੀ ਕੋਚਿੰਗ ਹੇਠ ਉਹ ਤਰਾਸ਼ਿਆ ਗਿਆ। 21.77 ਮੀਟਰ ਦੀ ਥਰੋਅ ਨਾਲ ਤੂਰ ਏਸ਼ੀਆ ਦਾ ਰਿਕਾਰਡ ਹੋਲਡਰ ਵੀ ਹੈ। ਉਸ ਨੇ 2021 ਵਿੱਚ ਟੋਕੀਓ ਵਿਖੇ ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ।

ਏਸ਼ੀਅਨ ਗੇਮਜ਼ ਦੇ ਸ਼ਾਟਪੁੱਟ ਮੁਕਾਬਲਿਆਂ ਵਿੱਚ ਲਗਾਤਾਰ ਦੋ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲਾ ਵੀ ਉਹ ਚੌਥਾ ਭਾਰਤੀ ਅਥਲੀਟ ਬਣ ਗਿਆ। ਇਸ ਤੋਂ ਪਹਿਲਾਂ ਇਹ ਦੋਹਰੀ ਪ੍ਰਾਪਤੀ ਪ੍ਰਦੁੱਮਣ ਸਿੰਘ (ਮਨੀਲਾ 1954 ਤੇ ਟੋਕੀਓ 1958), ਜੋਗਿੰਦਰ ਸਿੰਘ (ਬੈਂਕਾਕ 1966 ਤੇ ਬੈਂਕਾਕ 1970) ਅਤੇ ਬਹਾਦਰ ਸਿੰਘ ਚੌਹਾਨ (ਬੈਂਕਾਕ 1978 ਤੇ ਨਵੀਂ ਦਿੱਲੀ) ਨੇ ਹਾਸਲ ਕੀਤੀ ਹੈ। ਤੂਰ ਵੀ ਇਸੇ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਉਸ ਤੋਂ ਪਹਿਲਾਂ ਕੋਈ ਵੀ ਭਾਰਤੀ ਅਥਲੀਟ ਏਸ਼ੀਅਨ ਗੇਮਜ਼ ਵਿੱਚ 20 ਮੀਟਰ ਦੀ ਹੱਦ ਨਹੀਂ ਪਾਰ ਕਰ ਸਕਿਆ।

ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਤੀਰਅੰਦਾਜ਼ੀ ਦੇ ਮਹਿਲਾ ਕੰਪਾਊਂਡ ਟੀਮ ਵਿੱਚ ਪ੍ਰਨੀਤ ਕੌਰ, ਜਯੋਤੀ ਸੁਰੇਖਾ ਤੇ ਅਦਿਤੀ ਸਵਾਮੀ ਦੀ ਭਾਰਤੀ ਤਿੱਕੜੀ ਨੇ ਸੋਨੇ ਦਾ ਤਮਗ਼ਾ ਜਿੱਤਿਆ। ਭਾਰਤੀ ਟੀਮ ਨੇ ਫ਼ਾਈਨਲ ਵਿੱਚ ਚਾਈਨੀ ਤਾਈਪੇਈ ਨੂੰ ਫਸਵੇਂ ਅਤੇ ੳਤਰਾਅ ਚੜ੍ਹਾਅ ਵਾਲੇ ਮੁਕਾਬਲੇ ਵਿੱਚ 230-229 ਨਾਲ ਹਰਾਇਆ। ਮੈਚ ਵਿੱਚ ਦੋਵੇਂ ਟੀਮਾਂ ਅੱਗੇ-ਪਿੱਛੇ ਹੁੰਦੀਆਂ ਰਹੀਆਂ ਅਤੇ ਕਈ ਵਾਰ ਸਕੋਰ ਬਰਾਬਰ ਵੀ ਰਿਹਾ। ਆਖ਼ਰੀ ਤਿੰਨ ਨਿਸ਼ਾਨਿਆਂ ਵਿੱਚ ਭਾਰਤ ਨੇ ਇੱਕ ਅੰਕ ਦੇ ਫਰਕ ਨਾਲ ਫ਼ਾਈਨਲ ਅਤੇ ਸੋਨੇ ਦਾ ਤਮਗ਼ਾ ਜਿੱਤਿਆ। ਸੈਮੀ ਫ਼ਾਈਨਲ ਮੁਕਾਬਲੇ ਵਿੱਚ ਭਾਰਤ ਨੇ ਇੰਡੋਨੇਸ਼ੀਅਨ ਟੀਮ ਨੂੰ 233-219 ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਦੀ ਇਹ ਤਿੱਕੜੀ ਇਸ ਤੋਂ ਪਹਿਲਾ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਅਤੇ ਵਿਸ਼ਵ ਕੱਪ ਜਿੱਤ ਚੁੱਕੀ ਹੈ। ਮੰਢਾਲੀ (ਮਾਨਸਾ) ਦੀ ਪ੍ਰਨੀਤ ਕੌਰ ਇਸ ਟੀਮ ਦਾ ਹਿੱਸਾ ਸੀ।

ਮਾਨਸਾ ਦੇ ਮੰਢਾਲੀ ਪਿੰਡ ਦੀ ਪ੍ਰਨੀਤ ਕੌਰ ਜਿਸ ਵੀ ਮੁਕਾਬਲੇ ਵਿੱਚ ਹਿੱਸਾ ਲੈਣ ਜਾਂਦੀ ਹੈ, ਨਵਾਂ ਰਿਕਾਰਡ ਬਣਾ ਕੇ ਹੀ ਆਉਂਦੀ ਹੈ। ਉਸ ਦਾ ਤੀਰ ਸਿੱਧਾ ਸੋਨ ਤਮਗ਼ੇ ਉਤੇ ਨਿਸ਼ਾਨਾ ਲਗਾਉਂਦਾ ਹੈ। 92 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਅਤੇ 72 ਸਾਲ ਦੇ ਏਸ਼ੀਅਨ ਗੇਮਜ਼ ਦੇ ਇਤਿਹਾਸ ਵਿੱਚ ਪਲੇਠਾ ਸੋਨ ਤਮਗ਼ਾ ਜਿੱਤਣ ਵਾਲੀ ਮਹਿਲਾ ਕੰਪਾਊਂਡ ਟੀਮ ਦੀ ਮੈਂਬਰ ਪ੍ਰਨੀਤ ਦਾ ਸਿਰੜ ਤੇ ਕਰੜੀ ਸਾਧਨਾ, ਉਸ ਦੇ ਮਾਪਿਆਂ ਅਵਤਾਰ ਸਿੰਘ ਤੇ ਜਗਮੀਤ ਕੌਰ ਦਾ ਸਮਰਥਨ ਅਤੇ ਹੱਲਾਸ਼ੇਰੀ ਅਤੇ ਕੋਚ ਸੁਰਿੰਦਰ ਸਿੰਘ ਦੀ ਸੁਹਿਰਦ ਸੇਧ ਸਦਕਾ ਹੀ ਉਹ ਅੱਜ ਤੀਰਅੰਦਾਜ਼ੀ ਦੇ ਅੰਬਰ ਉਤੇ ਧਰੂ ਤਾਰੇ ਵਾਂਗ ਚਮਕ ਰਹੀ ਹੈ। ਪ੍ਰਨੀਤ ਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ, ਏਸ਼ੀਅਨ ਗੇਮਜ਼ ਦੇ ਸੋਨ ਤਮਗ਼ੇ ਸਮੇਤ ਕੌਮਾਂਤਰੀ ਪੱਧਰ ਉਤੇ ਕੁੱਲ 10 ਸੋਨੇ, ਤਿੰਨ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ ਜਿੱਤੇ ਹਨ। ਕੌਮੀ ਪੱਧਰ ਉਤੇ ਉਸ ਨੇ 13 ਤਮਗ਼ੇ ਜਿੱਤੇ ਹਨ।

ਅਧਿਆਪਕ ਪਰਿਵਾਰ ਵਿੱਚ 11 ਅਪਰੈਲ 2005 ਨੂੰ ਜਨਮੀ ਮਾਪਿਆਂ ਦੀ ਇਕਲੌਤੀ ਲਾਡਲੀ ਧੀ ਨੇ ਆਪਣੀ ਆਸਾਧਾਰਣ ਪ੍ਰਾਪਤੀ ਨਾਲ ਅਨੇਕਾਂ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਖੇਡ ਮੈਦਾਨ ਵਿੱਚ ਭੇਜਣ ਦੀ ਪ੍ਰੇਰਨਾ ਦਿੱਤੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤੀਰਅੰਦਾਜ਼ ਗਗਨਦੀਪ ਕੌਰ ਜਿਸ ਨੇ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ, ਨੂੰ ਆਦਰਸ਼ ਮੰਨਣ ਵਾਲੀ ਪ੍ਰਨੀਤ ਦੇ ਕੋਚ ਵੀ ਗਗਨਦੀਪ ਕੌਰ ਦੇ ਪਤੀ ਸੁਰਿੰਦਰ ਸਿੰਘ ਹਨ। ਕੋਵਿਡ ਦੀ ਮਹਾਂਮਾਰੀ ਨੇ ਜਦੋਂ ਕੁੱਲ ਦੁਨੀਆਂ ਨੂੰ ਲਪੇਟ ਵਿੱਚ ਲੈ ਲਿਆ ਅਤੇ ਖੇਡ ਮੈਦਾਨ ਸੁੰਨੇ ਹੋ ਗਏ ਤਾਂ ਪ੍ਰਨੀਤ ਨੇ ਪਟਿਆਲਾ ਅਰਬਨ ਅਸਟੇਟ ਵਿਖੇ ਵਾਟਰ ਵਰਕਸ ਵਿੱਚ ਆਰਜ਼ੀ ਰੇਂਜ ਵਿੱਚ ਆਪਣਾ ਅਭਿਆਸ ਜਾਰੀ ਰੱਖਿਆ। ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਤੋਂ ਬਾਰ੍ਹਵੀਂ ਕਰਨ ਤੋਂ ਬਾਅਦ ਪ੍ਰਨੀਤ ਹੁਣ ਖਾਲਸਾ ਕਾਲਜ ਪਟਿਆਲਾ ਵਿਖੇ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਹੈ।

ਫੁਟਬਾਲ ਦੀ ਨਰਸਰੀ ਲਈ ਜਾਣੇ ਜਾਂਦੇ ਮਾਹਿਲਪੁਰ ਦੀ ਹਰਮਿਲਨ ਬੈਂਸ ਨੇ ਹਾਂਗਜ਼ੂ ਵਿਖੇ ਅਥਲੈਟਿਕਸ ਮੁਕਾਬਲਿਆਂ ਵਿੱਚ 800 ਤੇ 1500 ਮੀਟਰ ਦੋਵੇਂ ਦੌੜਾਂ ਵਿੱਚ ਹਿੱਸਾ ਲੈਂਦਿਆਂ ਦੋ ਚਾਂਦੀ ਦੇ ਤਮਗ਼ੇ ਜਿੱਤੇ। ਪੰਜਾਬ ਦੇ ਖਿਡਾਰੀਆਂ ਵਿੱਚੋਂ ਸਿਰਫ ਦੋ ਹੀ ਖਿਡਾਰੀ ਸਿਫ਼ਤ ਸਮਰਾ ਤੇ ਹਰਮਿਲਨ ਬੈਂਸ ਸਨ ਜਿਨ੍ਹਾਂ ਨੇ ਦੋ ਤਮਗ਼ੇ ਜਿੱਤੇ। ਸਿਫ਼ਤ ਨੇ ਇਕ ਸੋਨੇ ਤੇ ਇਕ ਚਾਂਦੀ ਅਤੇ ਹਰਮਿਲਨ ਨੇ ਦੋ ਚਾਂਦੀ ਦੇ ਤਮਗ਼ੇ ਜਿੱਤੇ। ਹਰਮਿਲਨ ਨੇ ਇਕ ਤਮਗ਼ਾ ਉਸੇ 800 ਮੀਟਰ ਈਵੈਂਟ ਵਿੱਚ ਜਿੱਤਿਆ ਜਿਸ ਈਵੈਂਟ ਵਿੱਚ ਹਰਮਿਲਨ ਦੀ ਮਾਤਾ ਮਾਧੁਰੀ ਅਮਨਦੀਪ ਸਿੰਘ ਨੇ 21 ਵਰ੍ਹੇ ਪਹਿਲਾਂ 2002 ਵਿੱਚ ਬੁਸਾਨ ਵਿਖੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਮਾਧੁਰੀ ਦੀ ਧੀ ਨੇ ਆਪਣੀ ਮਾਂ ਦੇ ਹੀ ਸਮੇਂ ਤੋਂ ਬਿਹਤਰ ਸਮਾਂ ਕੱਢਿਆ। ਮਾਧੁਰੀ ਨੇ 2.04.04 ਸਮੇਂ ਨਾਲ ਦੌੜ ਪੂਰੀ ਕੀਤੀ ਸੀ ਜਦੋਂ ਕਿ ਹਰਮਿਲਨ ਨੇ 2.03.75 ਦੇ ਸਮੇਂ ਨਾਲ ਤਮਗ਼ਾ ਪੂਰਾ ਕੀਤਾ। ਮਾਧੁਰੀ ਜਦੋਂ ਬੁਸਾਨ ਤੋਂ ਪਰਤੀ ਸੀ ਤਾਂ ਉਸ ਵੇਲੇ ਚਾਰ ਵਰਿ੍ਹਆਂ ਦੀ ਹਰਮਿਲਨ ਨੇ ਘਰ ਵਾਪਸੀ ਉਤੇ ਆਪਣੀ ਮੈਡਲਸਿਟ ਮਾਂ ਦਾ ਸਵਾਗਤ ਕੀਤਾ ਸੀ। ਹਣ ਮਾਂ ਨੇ ਆਪਣੀ ਜੇਤੂ ਧੀ ਦਾ ਸਵਾਗਤ ਕੀਤਾ।

ਹਰਮਿਲਨ ਦਾ ਜਨਮ 23 ਜੁਲਾਈ 1998 ਨੂੰ ਮਾਹਿਲਪੁਰ ਵਿਖੇ ਖੇਡ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਅਮਨਦੀਪ ਸਿੰਘ ਬੈਂਸ ਅਥਲੈਟਿਕਸ ਕੋਚ ਸਨ ਅਤੇ ਮਾਤਾ ਮਾਧੂਰੀ ਅਮਨਦੀਪ ਸਿੰਘ ਭਾਰਤੀ ਅਥਲੀਟ। ਖੇਡਾਂ ਦੀ ਗੁੜ੍ਹਤੀ ਘਰੋਂ ਹੀ ਮਿਲੀ। ਹਰਮਿਲਨ ਦੇ ਜਨਮ ਤੋਂ ਬਾਅਦ ਮਾਧੁਰੀ ਵੱਲੋਂ ਆਪਣੀ ਖੇਡ ਜਾਰੀ ਰੱਖਦਿਆਂ ਕੈਂਪਾਂ ਵਿੱਚ ਰਹਿਣਾ ਪੈਂਦਾ ਅਤੇ ਘਰੇ ਹਰਮਿਲਨ ਦੀ ਪਰਵਰਿਸ਼ ਉਸ ਦੀ ਦਾਦੀ ਗੁਰਮੀਤ ਕੌਰ ਕਰਦੀ। ਮਾਧੁਰੀ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਪਤੀ ਦੇ ਨਾਲ ਆਪਣੇ ਸਹੁਰਾ ਗਿਆਨੀ ਕੇਵਲ ਸਿੰਘ ਤੇ ਸੱਸ ਗੁਰਮੀਤ ਕੌਰ ਸਿਰ ਬੰਨ੍ਹਦੀ ਹੈ ਜਿਨ੍ਹਾਂ ਨਾ ਸਿਰਫ ਉਸ ਨੂੰ ਅੱਗੇ ਵੱਧਣ ਦੇ ਮੌਕੇ ਦਿੱਤੇ ਬਲਕਿ ਉਸ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਖਾਸ ਕਰਕੇ ਬੇਟੀ ਦੀ ਪਰਵਰਿਸ਼ ਵੀ ਕੀਤੀ। ਮਾਧੁਰੀ 200 ਮੀਟਰ ਤੋਂ 10,000 ਮੀਟਰ ਤੱਕ ਛੋਟੀਆਂ, ਮੱਧਮ ਅਤੇ ਲੰਬੀਆਂ ਦੌੜਾਂ ਸਭ ਦੌੜਦੀ ਸੀ ਪਰ ਉਸ ਦਾ ਮੁੱਖ ਈਵੈਂਟ 800 ਤੇ 1500 ਮੀਟਰ ਸੀ। ਆਪਣੀ ਮਾਂ ਦੇ ਨਕਸ਼ੇ ਕਦਮਾਂ ਉਤੇ ਚੱਲਦਿਆਂ ਹਰਮਿਲਨ ਨੇ ਵੀ 800 ਤੇ 1500 ਮੀਟਰ ਈਵੈਂਟ ਚੁਣੇ।

ਸਾਲ 2021 ਵਿੱਚ ਵਾਰੰਗਲ ਵਿਖੇ ਹੋਈ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 1500 ਮੀਟਰ ਵਿੱਚ 4.05.39 ਦੇ ਸਮੇਂ ਨਾਲ ਨਵਾਂ ਨੈਸ਼ਨਲ ਮੀਟ ਰਿਕਾਰਡ ਬਣਾਉਣ ਵਾਲੀ ਹਰਮਿਲਨ ਨੂੰ ਅਥਲੈਟਿਕਸ ਫ਼ੈਡਰੇਸ਼ਨ ਦੇ ਕਰਤਾ ਧਰਤਾ ਲਲਿਤ ਭਨੋਟ ਨੇ 1500 ਮੀਟਰ ਦੇ ਨਾਲ 800 ਮੀਟਰ ਦੌੜ ਕਰਨ ਲਈ ਪ੍ਰੇਰਿਆ ਸੀ। ਹਰਮਿਲਨ ਸੱਟ ਕਾਰਨ ਕਾਫੀ ਅਰਸਾ ਟਰੈਕ ਤੋਂ ਬਾਹਰ ਰਹੀ ਸੀ। ਹਾਂਗਜ਼ੂ ਵਿਖੇ ਉਸ ਨੇ ਜਬਰਦਸਤ ਵਾਪਸੀ ਕੀਤੀ। 1500 ਮੀਟਰ ਦੌੜ ਵਿੱਚ 4.12.74 ਸਮੇਂ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ ਅਤੇ ਦੂਜਾ ਚਾਂਦੀ ਦਾ ਤਮਗ਼ਾ 800 ਮੀਟਰ ਦੌੜ ਵਿੱਚ ਜਿੱਤਿਆ।

​ਏਸ਼ੀਅਨ ਗੇਮਜ਼ ਵਿੱਚ ਭਾਰਤੀ ਬੈਡਮਿੰਟਨ ਟੀਮ ਨੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਭਾਰਤੀ ਟੀਮ ਫ਼ਾਈਨਲ ਵਿੱਚ ਚੀਨ ਕੋਲੋਂ 2-3 ਨਾਲ ਹਾਰ ਗਈ। ਇਸ ਤੋਂ ਪਹਿਲਾਂ ਭਾਰਤ ਨੇ ਸੈਮੀ ਫ਼ਾਈਨਲ ਵਿੱਚ ਦੱਖਣੀ ਕੋਰੀਆ ਨੂੰ 3-2, ਕੁਆਰਟਰ ਫ਼ਾਈਨਲ ਵਿੱਚ ਨੇਪਾਲ ਨੂੰ 3-0 ਨਾਲ ਹਰਾਇਆ। ਇਸ ਟੀਮ ਵਿੱਚ ਤਿੰਨ ਸਿੰਗਲਜ਼ ਖਿਡਾਰੀ ਅਤੇ ਦੋ ਡਬਲਜ਼ ਜੋੜੀਆਂ ਸਨ ਜਿਨ੍ਹਾਂ ਵਿੱਚ ਪੰਜਾਬ ਦਾ ਧਰੁਵ ਕਪਿਲਾ ਵੀ ਮੈਂਬਰ ਸੀ। ਧਰੁਵ ਦਾ ਜੋੜੀਦਾਰ ਅਰਜੁਨ ਹੈ ਜਦੋਂ ਕਿ ਉਸ ਦੇ ਇਸ ਜੋੜੀਦਾਰ ਦੇ ਸੱਟ ਲੱਗਣ ਕਾਰਨ ਫ਼ਾਈਨਲ ਵਿੱਚ ਪ੍ਰਤੀਕ ਉਸ ਦਾ ਜੋੜੀਦਾਰ ਸੀ।

​1 ਫਰਵਰੀ 2000 ਨੂੰ ਲੁਧਿਆਣਾ ਵਿਖੇ ਜਨਮੇ ਧਰੁਵ ਪਿਛਲੇ ਸਾਲ ਹੀ ਥੌਮਸ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਸੀ। ਭਾਰਤੀ ਪੁਰਸ਼ ਟੀਮ ਨੇ ਪਹਿਲੀ ਵਾਰ ਥੌਮਸ ਕੱਪ ਜਿੱਤਿਆ ਸੀ। ਧਰੁਵ ਨੇ ਇਸ ਸਾਲ ਏਸ਼ੀਅਨ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਕਾਂਸੀ ਅਤੇ ਸਾਲ 2020 ਵਿੱਚ ਏਸ਼ੀਅਨ ਟੀਮ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।

ਸਾਲ 2019 ਵਿੱਚ ਧਰੁਵ ਨੇ ਸੈਫ਼ ਗੇਮਜ਼ ਵਿੱਚ ਤਿੰਨ ਸੋਨੇ ਦੇ ਤਮਗ਼ੇ ਜਿੱਤੇ। ਉਸ ਨੇ ਪੁਰਸ਼ ਡਬਲਜ਼, ਮਿਕਸਡ ਡਬਲਜ਼ ਅਤੇ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਪ੍ਰੋਫੈਸ਼ਨਲ ਕਰੀਅਰ ਵਿੱਚ ਧਰੁਵ ਨੇ ਬੀ.ਡਬਲਿਊ.ਐਫ਼. ਇੰਟਰਨੈਸ਼ਨਲ ਚੈਂਲੇਜਜ਼/ਸੀਰੀਜ਼ ਦੇ ਸੀਨੀਅਰ ਵਰਗ ਵਿੱਚ ਧਰੁਵ ਨੇ ਦੋ ਟੂਰਨਾਮੈਂਟ ਜਿੱਤੇ ਹਨ ਜਦੋਂ ਕਿ ਤਿੰਨ ਵਾਰ ਉਪ ਜੇਤੂ ਰਿਹਾ ਹੈ ਅਤੇ ਜੂਨੀਅਰ ਵਰਗ ਵਿੱਚ ਉਹ ਤਿੰਨ ਮੁਕਾਬਲਿਆਂ ਵਿੱਚ ਉਪ ਜੇਤੂ ਰਿਹਾ ਹੈ।

ਏਸ਼ੀਅਨ ਗੇਮਜ਼ ਵਿੱਚ ਤਮਗ਼ਾ ਜਿੱਤਣ ਵਾਲੇ ਮਾਨਸਾ ਜ਼ਿਲੇ ਦੇ ਪੰਜ ਖਿਡਾਰੀਆਂ ਵਿੱਚ ਇਕ ਅਥਲੀਟ ਮੰਜੂ ਰਾਣੀ ਵੀ ਸੀ। ਮੰਜੂ ਰਾਣੀ ਤੇ ਰਾਮ ਬਾਬੂ ਨੇ 35 ਕਿਲੋਮੀਟਰ ਮਿਕਸਡ ਪੈਦਲ ਦੌੜ ਵਿੱਚ ਕੁੱਲ 5.51.14 ਸਮੇਂ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।

22 ਮਾਰਚ 1991 ਨੂੰ ਮਾਨਸਾ ਜ਼ਿਲੇ ਵਿੱਚ ਸਰਦੂਲਗੜ੍ਹ ਖੇਤਰ ਵਿੱਚ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਖੈਹਿਰਾ ਖੁਰਦ ਵਿਖੇ ਜਨਮੀ ਮੰਜੂ ਰਾਣੀ ਦਾ ਖੇਡ ਜੀਵਨ ਸੰਘਰਸ਼ ਨਾਲ ਭਰਿਆ ਹੋਇਆ ਹੈ। ਬਚਪਨ ਵਿੱਚ ਉਸ ਦੇ ਮਾਤਾ ਦੇ ਅਕਾਲ ਚਲਾਣੇ ਦਾ ਵੱਡਾ ਸਦਮਾ ਲੱਗਿਆ। ਪਿਤਾ ਜਗਦੀਸ਼ ਰਾਮ ਦੇ ਸੁਫ਼ਨਿਆਂ ਦੀ ਪੂਰਤੀ ਲਈ ਮੰਜੂ ਰਾਣੀ ਨੇ ਲੋਨ ਲੈ ਕੇ ਆਪਣੇ ਖੇਡ ਸ਼ੁਰੂ ਕੀਤੀ।

ਮੰਜੂ ਰਾਣੀ 35 ਕਿਲੋ ਮੀਟਰ ਪੈਦਲ ਤੋਰ ਵਿੱਚ 2.57.54 ਸਮੇਂ ਦੇ ਨਾਲ ਨੈਸ਼ਨਲ ਰਿਕਾਰਡ ਹੋਲਡਰ ਵੀ ਹੈ। ਨੈਸ਼ਨਲ ਰੇਸ ਵਾਕ ਚੈਂਪੀਅਨਸ਼ਿਪ ਰਾਂਚੀ ਵਿਖੇ ਸੋਨ ਤਮਗ਼ਾ ਜਿੱਤਣ ਵਾਲੀ ਮੰਜੂ ਨੇ ਪਿਛਲੇ ਸਾਲ ਗੁਜਰਾਤ ਵਿਖੇ ਨੈਸ਼ਨਲ ਗੇਮਜ਼ ਵਿੱਚ ਚਾਂਦੀ ਅਤੇ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਫੌਜ ਵਿੱਚ ਸਰਵਿਸ ਕਰਦੀ ਮੰਜੂ ਰਾਣੀ ਨੇ ਹੁਣ ਏਸ਼ੀਅਨ ਗੇਮਜ਼ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਕੌਮਾਂਤਰੀ ਪੱਧਰ ਉਤੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।

ਹਾਂਗਜ਼ੂ ਵਿਖੇ ਏਸ਼ੀਅਨ ਗੇਮਜ਼ ਵਿੱਚ ਤੀਰਅੰਦਾਜ਼ੀ ਦੇ ਰਿਕਰਵ ਤੇ ਕੰਪਾਊਂਡ ਦੋਵਾਂ ਮੁਕਾਬਲਿਆਂ ਵਿੱਚ ਭਾਰਤੀ ਤੀਰਅੰਦਾਜ਼ਾਂ ਨੇ ਬਿਹਤਰ ਪ੍ਰਦਰਸ਼ਨ ਦਿਖਾਇਆ। ਮਹਿਲਾ ਟੀਮ ਰਿਕਰਵ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਵੀਅਤਨਾਮ ਨੂੰ 6-2 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਭਾਰਤੀ ਟੀਮ ਵਿੱਚ ਇਕ ਖਿਡਾਰਨ ਪੰਜਾਬ ਤੋਂ ਸਿਮਰਨਜੀਤ ਕੌਰ ਸੀ। ਇਸ ਤੋਂ ਇਲਾਵਾ ਅੰਕਿਤਾ ਭਕਤ ਤੇ ਭਜਨ ਕੌਰ ਵੀ ਟੀਮ ਦਾ ਹਿੱਸਾ ਸਨ। ਭਾਰਤੀ ਟੀਮ ਸੈਮੀ ਫ਼ਾਈਨਲ ਵਿੱਚ ਦੱਖਣੀ ਕੋਰੀਆ ਹੱਥੋਂ 2-6 ਨਾਲ ਹਾਰ ਗਈ ਸੀ। ਇਸ ਤੋਂ ਪਹਿਲਾਂ ਕੁਆਰਟਰ ਫ਼ਾਈਨਲ ਵਿੱਚ ਭਾਰਤ ਨੇ ਜਪਾਨ ਨੂੰ 6-2 ਅਤੇ ਰਾਊਂਡ 16 ਵਿੱਚ ਥਾਈਲੈਂਡ ਨੂੰ 5-1 ਨਾਲ ਹਰਾਇਆ।

ਅਬੋਹਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦਾ ਜਨਮ 14 ਸਤੰਬਰ 1998 ਨੂੰ ਹੋਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਰੈਜੂਏਸ਼ਨ ਕਰਨ ਵਾਲੀ ਸਿਮਰਨਜੀਤ ਕੌਰ ਨੇ ਇਸ ਸਾਲ ਪੈਰਿਸ ਵਿਖੇ ਹੋਏ ਵਿਸ਼ਵ ਕੱਪ ਵਿੱਚ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਪਿਛਲੇ ਸਾਲ ਉਸ ਨੇ ਪੈਕਿਸ ਵਿਸ਼ਵ ਕੱਪ ਵਿੱਚ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਕੌਮਾਂਤਰੀ ਪੱਧਰ ਉਤੇ ਉਸ ਨੇ ਆਪਣਾ ਪਹਿਲਾ ਤਮਗ਼ਾ 2015 ਵਿੱਚ ਜਿੱਤਿਆ ਸੀ ਜਦੋਂ ਉਸ ਨੇ ਸਿਓਲ ਵਿਖੇ ਯੂਥ ਆਰਚਰੀ ਫੈਸਟਾ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਹੁਣ ਹਾਂਗਜ਼ੂ ਵਿਖੇ ਕਾਂਸੀ ਦਾ ਤਮਗ਼ਾ ਜਿੱਤ ਕੇ ਉਸ ਨੇ ਮਲਟੀਸਪੋਰਟਸ ਵਿੱਚ ਪਹਿਲੀ ਵਾਰ ਤਮਗ਼ਾ ਜਿੱਤਿਆ।

ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਰੋਇੰਗ ਖੇਡ ਵਿੱਚ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗਿਆਂ ਨਾਲ ਕੁੱਲ ਪੰਜ ਤਮਗ਼ੇ ਜਿੱਤੇ ਹਨ। ਇਸ ਵਿੱਚ ਪੰਜਾਬ ਦੇ ਚਾਰ ਖਿਡਾਰੀਆਂ ਦਾ ਵੀ ਅਹਿਮ ਯੋਗਦਾਨ ਰਿਹਾ। ਖਾਸ ਗੱਲ ਹੈ ਕਿ ਪੰਜਾਬ ਦੇ ਖਿਡਾਰੀ ਦੱਖਣੀ ਮਾਲਵਾ ਨਾਲ ਸਬੰਧਤ ਹਨ। ਜਿਸ ਖੇਤਰ ਨੂੰ ਟੇਲਾਂ ਦਾ ਇਲਾਕਾ ਕਹਿੰਦੇ ਹਨ ਜਿੱਥੇ ਪਾਣੀ ਦੀ ਘਾਟ ਰਹੀ ਹੈ, ਉਥੋਂ ਦੇ ਵਸਨੀਕ ਪਾਣੀ ਵਾਲੀ ਖੇਡ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।

ਹਾਂਗਜ਼ੂ ਵਿਖੇ ਸੰਗਰੂਰ ਜ਼ਿਲੇ ਵਿੱਚ ਧੂਰੀ ਨੇੜਲੇ ਪਿੰਡ ਕਲੇਰਾਂ ਦੇ ਜਸਵਿੰਦਰ ਸਿੰਘ ਨੇ ਪੁਰਸ਼ਾਂ ਦੇ ਕੌਕਸਡ 8 ਵਿੱਚ ਚਾਂਦੀ ਤੇ ਕੌਕਸਡ 4 ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਜਸਵਿੰਦਰ ਸਿੰਘ ਸਾਧਾਰਣ ਖੇਤੀਬਾੜੀ ਪਰਿਵਾਰ ਵਿੱਚ ਜਨਮਿਆ ਜਿਸ ਨੇ ਛੋਟੇ ਹੁੰਦਿਆਂ ਆਪਣੇ ਪਿਤਾ ਜਗਦੇਵ ਸਿੰਘ ਨਾਲ ਖੇਤੀ ਅਤੇ ਡੇਅਰੀ ਦੇ ਕੰਮ ਵਿੱਚ ਹੱਥ ਵੰਡਾਇਆ। ਇਸੇ ਕੰਮ ਨੇ ਉਸ ਨੂੰ ਤਾਕਤ ਦਿੱਤੀ ਅਤੇ 2017 ਵਿੱਚ ਸੈਨਾ ਵਿੱਚ ਭਰਤੀ ਹੋਣ ਤੋਂ ਬਾਅਦ 2018 ਵਿੱਚ ਰੋਇੰਗ ਖੇਡ ਦੀ ਸ਼ੁਰੂਆਤ ਕੀਤੀ। 2019 ਵਿੱਚ ਉਸ ਨੇ ਪਹਿਲੀ ਵਾਰ ਆਰਮੀ ਦੀ ਰੋਇੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਫੇਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।

2022 ਵਿੱਚ ਜਸਵਿੰਦਰ ਸਿੰਘ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਦੋ ਵਿਸ਼ਵ ਕੱਪ ਮੁਕਾਬਲੇ ਖੇਡੇ ਅਤੇ ਇਕ ਵਿੱਚ ਪੰਜਵੀਂ ਅਤੇ ਦੂਜੇ ਵਿੱਚ ਨੌਵੀਂ ਪੁਜੀਸ਼ਨ ਆਈ। ਗੁਜਰਾਤ ਵਿਖੇ ਹੋਈਆਂ ਕੌਮੀ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਸਾਲ 2022 ਵਿੱਚ ਹੀ ਉਸ ਨੇ ਆਪਣਾ ਪਹਿਲਾ ਕੌਮਾਂਤਰੀ ਤਮਗ਼ਾ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਜਿੱਥੇ ਉਸ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਇਸ ਸਾਲ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਅਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ। 25 ਵਰ੍ਹਿਆਂ ਦੇ ਜਸਵਿੰਦਰ ਨੇ ਹੁਣ ਏਸ਼ਿਆਈ ਖੇਡਾਂ ਵਿੱਚ ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ ਹੈ।

ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਰੋਇੰਗ ਖੇਡ ਵਿੱਚ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗਿਆਂ ਨਾਲ ਕੁੱਲ ਪੰਜ ਤਮਗ਼ੇ ਜਿੱਤੇ ਹਨ। ਇਸ ਵਿੱਚ ਪੰਜਾਬ ਦੇ ਚਾਰ ਖਿਡਾਰੀਆਂ ਦਾ ਵੀ ਅਹਿਮ ਯੋਗਦਾਨ ਰਿਹਾ। ਖਾਸ ਗੱਲ ਹੈ ਕਿ ਪੰਜਾਬ ਦੇ ਖਿਡਾਰੀ ਦੱਖਣੀ ਮਾਲਵਾ ਨਾਲ ਸਬੰਧਤ ਹਨ। ਜਿਸ ਖੇਤਰ ਨੂੰ ਟੇਲਾਂ ਦਾ ਇਲਾਕਾ ਕਹਿੰਦੇ ਹਨ ਜਿੱਥੇ ਪਾਣੀ ਦੀ ਘਾਟ ਰਹੀ ਹੈ, ਉਥੋਂ ਦੇ ਵਸਨੀਕ ਪਾਣੀ ਵਾਲੀ ਖੇਡ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।

ਬਠਿੰਡਾ ਜ਼ਿਲੇ ਵਿੱਚ ਤਲਵੰਡੀ ਸਾਬੋ ਨੇੜਲੇ ਪਿੰਡ ਨੰਗਲਾ ਦੇ ਚਰਨਜੀਤ ਸਿੰਘ ਨੇ ਕੌਕਸਡ 8 ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਭਾਰਤੀ ਸੈਨਾ ਵਿੱਚ 2016 ਵਿੱਚ ਭਰਤੀ ਹੋਏ ਚਰਨਜੀਤ ਨੇ 2017 ਵਿੱਚ ਆਪਣੀ ਖੇਡ ਸ਼ੁਰੂ ਕਰਨ ਦੇ ਪਹਿਲੇ ਹੀ ਸਾਲ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿੱਚ ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ। ਉਸ ਤੋਂ ਬਾਅਦ ਹੁਣ ਤੱਕ ਉਸ ਨੇ ਕੌਮੀ ਪੱਧਰ ਉਤੇ ਨੈਸ਼ਨਲ ਚੈਂਪੀਅਨਸ਼ਿਪਾਂ ਵਿੱਚ ਚਾਰ ਸੋਨੇ, ਪੰਜ ਚਾਂਦੀ ਤੇ ਇਕ ਕਾਂਸੀ ਦਾ ਤਮਗ਼ਾ ਅਤੇ ਕੌਮੀ ਖੇਡਾਂ ਵਿੱਚ ਇਕ ਚਾਂਦੀ ਦਾ ਤਮਗ਼ਾ ਜਿੱਤਿਆ।

ਕੌਮਾਂਤਰੀ ਪੱਧਰ ਉਤੇ ਚਰਨਜੀਤ ਸਿੰਘ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਇਕ ਵਾਰ ਸੋਨੇ ਅਤੇ ਦੋ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ। ਦੋ ਵਿਸ਼ਵ ਕੱਪ ਮੁਕਾਬਲੇ ਖੇਡੇ ਅਤੇ ਇਕ ਵਾਰ ਪੰਜਵਾਂ ਤੇ ਦੂਜੀ ਵਾਰ 13ਵਾਂ ਸਥਾਨ ਹਾਸਲ ਕੀਤਾ। ਹੁਣ ਏਸ਼ਿਆਈ ਖੇਡਾਂ ਵਿੱਚ ਉਸ ਨੇ ਚਾਂਦੀ ਦਾ ਤਮਗ਼ਾ ਜਿੱਤਿਆ।

ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਰੋਇੰਗ ਖੇਡ ਵਿੱਚ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗਿਆਂ ਨਾਲ ਕੁੱਲ ਪੰਜ ਤਮਗ਼ੇ ਜਿੱਤੇ ਹਨ। ਇਸ ਵਿੱਚ ਪੰਜਾਬ ਦੇ ਚਾਰ ਖਿਡਾਰੀਆਂ ਦਾ ਵੀ ਅਹਿਮ ਯੋਗਦਾਨ ਰਿਹਾ। ਖਾਸ ਗੱਲ ਹੈ ਕਿ ਪੰਜਾਬ ਦੇ ਖਿਡਾਰੀ ਦੱਖਣੀ ਮਾਲਵਾ ਨਾਲ ਸਬੰਧਤ ਹਨ। ਜਿਸ ਖੇਤਰ ਨੂੰ ਟੇਲਾਂ ਦਾ ਇਲਾਕਾ ਕਹਿੰਦੇ ਹਨ ਜਿੱਥੇ ਪਾਣੀ ਦੀ ਘਾਟ ਰਹੀ ਹੈ, ਉਥੋਂ ਦੇ ਵਸਨੀਕ ਪਾਣੀ ਵਾਲੀ ਖੇਡ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।

ਮਾਨਸਾ ਜ਼ਿਲੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦੇ ਸੁਖਮੀਤ ਸਿੰਘ ਸਮਾਘ ਨੇ ਪੁਰਸ਼ਾਂ ਦੀ ਕੁਆਡਰੱਪਲ ਸਕੱਲਜ਼ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਸੁਖਮੀਤ ਸਿੰਘ ਸਮਾਘ ਪਹਿਲੀ ਵਾਰ ਸੁਰਖੀਆਂ ਵਿੱਚ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਆਇਆ ਸੀ ਜਦੋਂ ਉਸ ਨੇ ਆਪਣੇ ਹੀ ਜ਼ਿਲੇ ਦੇ ਸੀਨੀਅਰ ਸਾਥੀ ਸਵਰਨ ਸਿੰਘ ਵਿਰਕ ਨਾਲ ਮਿਲ ਕੇ ਜਕਾਰਤਾ ਵਿਖੇ 2018 ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ।

9 ਅਗਸਤ 1994 ਨੂੰ ਜਨਮੇ ਸੁਖਮੀਤ ਨੇ 2015 ਵਿੱਚ ਰੁੜਕੀ ਵਿਖੇ ਸੈਨਾ ਦੇ ਬੰਗਾਲ ਇੰਜੀਨਅਰਿੰਗ ਸੈਂਟਰ ਵਿੱਚ ਰੋਇੰਗ ਖੇਡ ਦੀ ਸ਼ੁਰੂਆਤ ਕੀਤੀ ਸੀ। ਸੁਖਮੀਤ ਨੇ ਹੁਣ ਤੱਕ ਕੌਮੀ ਪੱਧਰ ਉਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਚਾਰ ਸੋਨੇ ਅਤੇ ਪੰਜ ਚਾਂਦੀ ਦੇ ਤਮਗ਼ੇ ਜਿੱਤੇ ਹਨ। ਕੌਮਾਂਤਰੀ ਪੱਧਰ ਉਤੇ ਸੁਖਮੀਤ ਨੇ ਏਸ਼ੀਅਨ ਗੇਮਜ਼ ਦੇ ਸੋਨ ਤਮਗ਼ੇ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪਾਂ ਵਿੱਚ ਤਿੰਨ ਚਾਂਦੀ ਤੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਹੁਣ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਉਸ ਨੇ ਲਗਾਤਾਰ ਦੂਜੀ ਵਾਰ ਏਸ਼ਿਆਈ ਖੇਡਾਂ ਦੀ ਤਮਗ਼ਾ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ।

ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਰੋਇੰਗ ਖੇਡ ਵਿੱਚ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗਿਆਂ ਨਾਲ ਕੁੱਲ ਪੰਜ ਤਮਗ਼ੇ ਜਿੱਤੇ ਹਨ। ਇਸ ਵਿੱਚ ਪੰਜਾਬ ਦੇ ਚਾਰ ਖਿਡਾਰੀਆਂ ਦਾ ਵੀ ਅਹਿਮ ਯੋਗਦਾਨ ਰਿਹਾ। ਖਾਸ ਗੱਲ ਹੈ ਕਿ ਪੰਜਾਬ ਦੇ ਖਿਡਾਰੀ ਦੱਖਣੀ ਮਾਲਵਾ ਨਾਲ ਸਬੰਧਤ ਹਨ। ਜਿਸ ਖੇਤਰ ਨੂੰ ਟੇਲਾਂ ਦਾ ਇਲਾਕਾ ਕਹਿੰਦੇ ਹਨ ਜਿੱਥੇ ਪਾਣੀ ਦੀ ਘਾਟ ਰਹੀ ਹੈ, ਉਥੋਂ ਦੇ ਵਸਨੀਕ ਪਾਣੀ ਵਾਲੀ ਖੇਡ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।

ਮਾਨਸਾ ਜ਼ਿਲੇ ਦੇ ਪਿੰਡ ਫੱਤਾ ਮਾਲੋਕਾ ਦੇ ਸਤਨਾਮ ਸਿੰਘ ਨੇ ਪੁਰਸ਼ਾਂ ਦੀ ਕੁਆਡਰੱਪਲ ਸਕੱਲਜ਼ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।ਸਤਨਾਮ ਸਿੰਘ ਭਾਰਤੀ ਜਲ ਸੈਨਾ ਦਾ ਜਵਾਨ ਹੈ ਜਿਸ ਨੇ 2019 ਵਿੱਚ ਜੁਆਇਨ ਕੀਤਾ ਸੀ। ਜਲ ਸੈਨਾ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਸ ਨੇ 2017 ਵਿੱਚ ਜੂਨੀਅਰ ਨੈਸ਼ਨਲ ਵਿੱਚ ਚੌਥਾ ਸਥਾਨ ਹਾਸਲ ਕੀਤਾ। 2018 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਯੂਥ ਓਲੰਪਿਕਸ ਵਿੱਚ ਅੱਠਵਾਂ ਸਥਾਨ ਹਾਸਲ ਕੀਤਾ।

ਸਤਨਾਮ ਸਿੰਘ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਕੌਮੀ ਪੱਧਰ ਉਤੇ ਉਸ ਨੇ ਨੈਸ਼ਨਲ ਖੇਡਾਂ ਵਿੱਚ ਚਾਂਦੀ ਦੇ ਤਮਗ਼ੇ ਸਮੇਤ ਇਕ ਸੋਨੇ, ਦੋ ਚਾਂਦੀ ਤੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ। ਦੋ ਵਾਰ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਹੁਣ ਏਸ਼ਿਆਈ ਖੇਡਾਂ ਵਿੱਚ ਕਾਂਸੀ ਦੇ ਤਮਗ਼ੇ ਨਾਲ ਸਤਨਾਮ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਤਮਗ਼ਾ ਜਿੱਤਿਆ ਹੈ।

​ਨਿਸ਼ਾਨੇਬਾਜ਼ੀ ਦੇ ਪੁਰਸ਼ ਸਕੀਟ ਟੀਮ ਮੁਕਾਬਲੇ ਵਿੱਚ ਭਾਰਤ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਤਮਗ਼ਾ ਜਿੱਤਣ ਵਾਲੀ ਤਿੱਕੜੀ ਵਿੱਚ ਗੁਰਜੋਤ ਸਿੰਘ ਖੰਗੂੜਾ ਲੁਧਿਆਣਾ ਜ਼ਿਲੇ ਦੇ ਪਿੰਡ ਸਰਾਭਾ ਦਾ ਜੰਮਪਲ ਹੈ। 12 ਜੁਲਾਈ 1994 ਨੂੰ ਜਨਮਿਆ ਗੁਰਜੋਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਰਿਵਾਰ ਵਿੱਚੋਂ ਹੈ। ਗੁਰਜੋਤ ਨੇ ਇਸ ਤੋਂ ਪਹਿਲਾਂ 2021 ਵਿੱਚ ਮਿਸਰ ਦੇ ਸ਼ਹਿਰ ਕਾਹਿਰਾ ਵਿਖੇ ਹੋਏ ਵਿਸ਼ਵ ਕੱਪ ਵਿੱਚ ਸਕੀਟ ਟੀਮ ਵਰਗ ਵਿੱਚ ਕਾਂਸੀ ਅਤੇ ਨਵੀਂ ਦਿੱਲੀ ਵਿਖੇ ਵਿਸ਼ਵ ਕੱਪ ਵਿੱਚ ਸਕੀਟ ਟੀਮ ਵਰਗ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਹੈ।

Written By
The Punjab Wire