ਚੰਡੀਗੜ੍ਹ, 17 ਨਵੰਬਰ 2023 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ 2 ਨਵੰਬਰ ਨੂੰ ਲੁਧਿਆਣਾ ਵਿਖੇ ‘ਮੈਂ ਪੰਜਾਬ ਬੋਲਦਾ ਹਾਂ’ ਦੇ ਸਿਰਲੇਖ ‘ਤੇ ਖੁੱਲ੍ਹੀ ਬਹਿਸ ਦੌਰਾਨ ਮੁੱਖ ਮੰਤਰੀ ਵੱਲੋਂ ਬਾਦਲ ਪਰਿਵਾਰ ਵਿਰੁੱਧ ਕੀਤੀ ਗਈ ਟਿੱਪਣੀ ਨੂੰ ਲੈ ਕੇ ਭੇਜਿਆ ਗਿਆ ਹੈ।
ਇਸ ਬਹਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ‘ਤੇ ਵੀ ਸਵਾਲ ਚੁੱਕੇ ਸਨ। ਸੁਖਬੀਰ ਨੇ ਕਿਹਾ ਕਿ ਖੁੱਲ੍ਹੀ ਬਹਿਸ ‘ਚ ਭਗਵੰਤ ਮਾਨ ਨੇ ਸਟੇਜ ਤੋਂ ਸਭ ਦੇ ਸਾਹਮਣੇ ਕਿਹਾ ਕਿ ਬਾਲਾਸਰ ‘ਚ ਬਾਦਲ ਪਰਿਵਾਰ ਦਾ ਖੇਤ ਹੈ ਅਤੇ ਬਾਦਲ ਪਰਿਵਾਰ ਦੇ ਖੇਤਾਂ ਲਈ ਨਹਿਰ ਬਣਾਈ ਗਈ ਸੀ।
ਭਗਵੰਤ ਮਾਨ ਨੂੰ ਭੇਜੇ ਨੋਟਿਸ ਵਿੱਚ ਸੁਖਬੀਰ ਨੇ ਕਿਹਾ ਹੈ ਕਿ ਜੋ ਨਹਿਰ ਬਣੀ ਸੀ, ਉਸ ਦਾ ਕੰਮ 1955 ਵਿੱਚ ਸ਼ੁਰੂ ਹੋਇਆ ਸੀ। ਉਸ ਸਮੇਂ ਹਰਿਆਣਾ ਵੀ ਨਹੀਂ ਬਣਿਆ ਸੀ। ਭਗਵੰਤ ਮਾਨ ਨੇ ਝੂਠੇ ਦੋਸ਼ ਲਗਾ ਕੇ ਆਪਣੇ ਪਰਿਵਾਰ ਦੀ ਸਾਖ ਨੂੰ ਠੇਸ ਪਹੁੰਚਾਈ ਹੈ। ਉਸ ਨੂੰ ਇਸ ਲਈ 5 ਦਿਨਾਂ ਦੇ ਅੰਦਰ ਸਭ ਦੇ ਸਾਹਮਣੇ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਮਾਨ ਨੇ 5 ਦਿਨਾਂ ਦੇ ਅੰਦਰ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗੀ ਤਾਂ ਉਹ ਉਨ੍ਹਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨਗੇ।
ਦੱਸ ਦੇਈਏ ਕਿ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲੀ ਦਲ ਬਾਰੇ ਕਹੇ ਗਏ ਸ਼ਬਦਾਂ ਲਈ ਮੁਆਫੀ ਮੰਗਣ ਲਈ ਕਿਹਾ ਸੀ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਸੀਐਮ ਮਾਨ ਦੀਆਂ ਦੋ ਗੱਲਾਂ ਨਿੱਜੀ ਹਮਲੇ ਹਨ, ਜੋ ਕਿ ਪੂਰੀ ਤਰ੍ਹਾਂ ਝੂਠ ਹਨ। ਜੇਕਰ CM ਮਾਨ ਨੇ ਅਗਲੇ 10 ਦਿਨਾਂ ‘ਚ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਜਾਵੇਗਾ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਸ਼ਨੀਵਾਰ ਨੂੰ ਨੋਟਿਸ ਜਾਰੀ ਕੀਤਾ ਹੈ।