Close

Recent Posts

ਖੇਡ ਸੰਸਾਰ ਪੰਜਾਬ ਮੁੱਖ ਖ਼ਬਰ

ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਬਣੇ ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਦੇ ਝੰਡਾਬਰਦਾਰ

ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਬਣੇ ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਦੇ ਝੰਡਾਬਰਦਾਰ
  • PublishedSeptember 21, 2023

ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ

ਚੰਡੀਗੜ੍ਹ, 21 ਸਤੰਬਰ 2023 (ਦੀ ਪੰਜਾਬ ਵਾਇਰ)। ਹਾਂਗਜ਼ੂ ਵਿਖੇ 23 ਸਤੰਬਰ ਨੂੰ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮੁੱਕੇਬਾਜ਼ ਲਵਲੀਨਾ ਨੂੰ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਬਣਾਇਆ ਗਿਆ ਹੈ। ਦੋਵੇਂ ਖਿਡਾਰੀਆਂ ਦੀ ਅਗਵਾਈ ਹੇਠ ਭਾਰਤੀ ਖਿਡਾਰੀ ਉਦਘਾਟਨੀ ਸਮਾਰੋਹ ਵਿੱਚ ਮਾਰਚ ਪਾਸਟ ਵਿੱਚ ਹਿੱਸਾ ਲਵੇਗਾ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਖੇਡ ਦਲ ਦੀ ਅਗਵਾਈ ਲਈ ਚੁਣੇ ਜਾਣ ਉੱਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਅਤੇ ਹਾਕੀ ਖੇਡ ਲਈ ਇਹ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਪਿਛਲੇ ਸਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਨੂੰ ਝੰਡਾਬਰਦਾਰ ਬਣਨ ਦਾ ਮਾਣ ਹਾਸਲ ਹੋਇਆ ਸੀ। ਮੀਤ ਹੇਅਰ ਨੇ ਸਮੁੱਚੇ ਭਾਰਤੀ ਖੇਡ ਦਲ ਨੂੰ ਮੁਬਾਰਕਾਂ ਦਿੰਦਿਆਂ ਆਸ ਪ੍ਰਗਟਾਈ ਕਿ ਆਉਂਦੇ ਦੋ ਹਫਤੇ ਭਾਰਤੀ ਖਿਡਾਰੀ ਆਪਣੇ ਬਿਹਤਰ ਪ੍ਰਦਰਸ਼ਨ ਨਾਲ ਏਸ਼ਿਆਈ ਖੇਡਾਂ ਵਿੱਚ ਦੇਸ਼ ਦਾ ਨਾਮ ਉੱਚਾ ਕਰਨਗੇ।

ਅੰਮ੍ਰਿਤਸਰ ਜ਼ਿਲੇ ਦੇ ਪਿੰਡ ਤਿੰਮੋਵਾਲ ਦਾ ਰਹਿਣ ਵਾਲਾ ਹਰਮਨਪ੍ਰੀਤ ਸਿੰਘ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਭਾਰਤੀ ਟੀਮ ਦਾ ਮੈਂਬਰ ਸੀ ਜਦੋਂ ਉਸ ਨੇ ਭਾਰਤੀ ਟੀਮ ਵੱਲੋਂ ਸਭ ਤੋਂ ਵੱਧ ਛੇ ਗੋਲ ਕੀਤੇ ਸਨ। ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ 9 ਗੋਲ ਕੀਤੇ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਇਸ ਸਾਲ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ। ਸੀਨੀਅਰ ਟੀਮ ਵਿੱਚ ਖੇਡਦਿਆਂ ਹਰਮਨਪ੍ਰੀਤ ਸਿੰਘ ਨੇ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗ਼ਾ, ਹਾਕੀ ਵਿਸ਼ਵ ਲੀਗ ਵਿੱਚ ਕਾਂਸੀ ਦਾ ਤਮਗ਼ਾ, ਏਸ਼ੀਆ ਕੱਪ ਵਿੱਚ ਸੋਨੇ ਦਾ ਤਮਗ਼ਾ ਅਤੇ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਵੀ ਜਿੱਤਿਆ ਹੈ। ਜੂਨੀਅਰ ਭਾਰਤੀ ਹਾਕੀ ਟੀਮ ਵੱਲੋਂ ਖੇਡਦਿਆਂ ਹਰਮਨਪ੍ਰੀਤ ਸਿੰਘ ਜੂਨੀਅਰ ਵਿਸ਼ਵ ਕੱਪ ਤੇ ਜੂਨੀਅਰ ਏਸ਼ੀਆ ਕੱਪ ਦਾ ਵੀ ਜੇਤੂ ਖਿਡਾਰੀ ਹੈ। ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਐਵਾਰਡ ਨਾਲ ਵੀ ਸਨਮਾਨਤ ਕੀਤਾ ਹੈ।

Written By
The Punjab Wire