Tech ਦੇਸ਼ ਪੰਜਾਬ ਮੁੱਖ ਖ਼ਬਰ

ਸਨਅਤਕਾਰਾਂ ਵੱਲੋਂ ‘ਸਰਕਾਰ-ਸਨਅਤਕਾਰ ਮਿਲਣੀ’ ਦੇ ਉਪਰਾਲੇ ਦੀ ਸ਼ਲਾਘਾ

ਸਨਅਤਕਾਰਾਂ ਵੱਲੋਂ ‘ਸਰਕਾਰ-ਸਨਅਤਕਾਰ ਮਿਲਣੀ’ ਦੇ ਉਪਰਾਲੇ ਦੀ ਸ਼ਲਾਘਾ
  • PublishedSeptember 14, 2023

ਪਹਿਲੀ ਵਾਰ ਹੋਇਆ ਕਿ ਸਨਅਤਕਾਰਾਂ ਪਾਸੋਂ ਸੁਝਾਅ ਅਤੇ ਫੀਡਬੈਕ ਹਾਸਲ ਕਰਨ ਲਈ ਵਿਚਾਰ-ਚਰਚਾ ਕਰਵਾਈ ਗਈ ਹੋਵੇ

ਜਲੰਧਰ ਦੇ ਉਦਯੋਗਿਕ ਖੇਤਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

ਜਲੰਧਰ, 14 ਸਤੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਕਰਵਾਈ ‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਸਥਾਨਕ ਉਦਯੋਗ ਦੇ ਦਿੱਗਜ਼ਾਂ ਨੇ ਅੱਜ ਸੂਬਾ ਭਰ ਵਿੱਚ ਅਜਿਹੀਆਂ ਮਿਲਣੀਆਂ ਕਰਵਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਉਦਯੋਗਪਤੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵਿਚਾਰ-ਚਰਚਾ ਦੌਰਾਨ ਸਰਕਾਰ-ਸਨਅਤਕਾਰ ਮਿਲਣੀ ਦਾ ਜ਼ਿਕਰ ਵਿਸ਼ੇਸ਼ ਤੌਰ ਉਤੇ ਕਰਦਿਆਂ ਕਿਹਾ ਕਿ ਸਨਅਤਕਾਰਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਢੁਕਵਾਂ ਮੰਚ ਮਿਲਿਆ ਹੈ। ਸਨਅਤਕਾਰਾਂ ਵੱਲੋਂ ਉਠਾਏ ਵੱਖ-ਵੱਖ ਮਸਲਿਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੌਕੇ ਉਤੇ ਹੀ ਕਈ ਐਲਾਨ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਸਨਅਤਕਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਢੁਕਵੇਂ ਕਦਮ ਚੁੱਕਣ ਲਈ ਆਖਿਆ।

ਅਲਫ਼ਾ ਪੈਕੇਜਿੰਗ ਇੰਡਸਟਰੀ ਦੇ ਮਨੀਸ਼ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁੱਦਿਆਂ ਨੂੰ ਹੱਲ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੈਦਰ ਕੰਪਲੈਕਸ ਵਿੱਚ ਉਦਯੋਗਿਕ ਇਕਾਈਆਂ ਨੂੰ ਜਾਣ ਵਾਲੀ ਮੁੱਖ ਸੜਕ ਖਸਤਾ ਹਾਲਤ ਵਿੱਚ ਸੀ, ਜਿਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨਾਲ ਰੋਜ਼ਾਨਾ ਆਉਣ ਵਾਲੇ ਯਾਤਰੀਆਂ ਅਤੇ ਮਜ਼ਦੂਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇੱਥੇ 350 ਦੇ ਕਰੀਬ ਬਿਜਲੀ ਦੇ ਖੰਭੇ ਹਨ ਅਤੇ ਲਾਈਟਾਂ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸੀਵਰੇਜ ਸਿਸਟਮ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਉਦਯੋਗਪਤੀ ਗੁਰਸ਼ਰਨ ਸਿੰਘ ਨੇ ਸਨਅਤਕਾਰਾਂ ਦੀਆਂ ਮੰਗਾਂ ਗੌਰ ਨਾਲ ਸੁਣਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਲੰਬਿਤ ਮਸਲਿਆਂ ਨੂੰ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਵੱਲੋਂ ਰੱਖੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਉਕਤ ਮਸਲਿਆਂ ਦੇ ਸੁਖਾਵੇਂ ਹੱਲ ਲਈ ਜਲਦੀ ਹੀ ਉਦਯੋਗਪਤੀਆਂ ਅਤੇ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਤੈਅ ਕੀਤੀ ਜਾਵੇਗੀ।

ਸਨਅਤਕਾਰ ਨਰਿੰਦਰ ਸਿੰਘ ਸੱਗੂ ਅਤੇ ਗੌਤਮ ਕਪੂਰ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਇਹ ਮੀਟਿੰਗਾਂ ਕੁਝ ਮਹੀਨਿਆਂ ਦੇ ਵਕਫੇ ਬਾਅਦ ਨਿਯਮਤ ਤੌਰ ‘ਤੇ ਕਰਵਾਈਆਂ ਜਾਣ। ਗੌਤਮ ਕਪੂਰ ਨੇ ਕਿਹਾ ਕਿ ਸਨਅਤਕਾਰਾਂ ਨਾਲ ਅੱਜ ਦੀ ਮੁਲਾਕਾਤ ਪਿਛਲੇ 43 ਸਾਲਾਂ ਵਿੱਚ ਪਹਿਲੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਸਾਵੀ ਇੰਟਰਨੈਸ਼ਨਲ ਦੇ ਮੁਕੁਲ ਵਰਮਾ ਨੇ ਜ਼ਿਲ੍ਹੇ ਵਿੱਚ ਖੇਡਾਂ ਅਤੇ ਹੈਂਡ ਟੂਲ ਉਦਯੋਗ ਨੂੰ ਹੋਰ ਵਿਕਸਤ ਕਰਨ ਲਈ ਜ਼ਮੀਨ ਦੇ ਇੱਕ ਵੱਡੇ ਹਿੱਸੇ ਦੀ ਮੰਗ ਕੀਤੀ ਅਤੇ ਉਦਯੋਗ ਦੀਆਂ ਸਿਹਤ ਸੰਭਾਲ ਲੋੜਾਂ ਨੂੰ ਪੂਰਾ ਕਰਨ ਲਈ ਈ.ਐਸ.ਆਈ. ਹਸਪਤਾਲ ਨੂੰ ਸੁਰਜੀਤ ਕਰਨ ਦੀ ਮੰਗ ਕੀਤੀ। ਇਸ ਦੌਰਾਨ ਗੁਰਚਰਨ ਸਿੰਘ ਨੇ ਐਮ.ਐਸ.ਐਮ.ਈਜ਼ ਦੀ ਬਾਂਹ ਫੜਨ ਲਈ ਸਰਕਾਰ ਦਾ ਧੰਨਵਾਦ ਕੀਤਾ, ਜਿਸ ਨਾਲ ਇਨ੍ਹਾਂ ਇਕਾਈਆਂ ਨੂੰ ਹੋਰ ਹੁਲਾਰਾ ਮਿਲੇਗਾ।

ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਭਵਦੀਪ ਸਰਦਾਨਾ ਨੇ ਉਦਯੋਗਾਂ ਦੀਆਂ ਬਿਲਡਿੰਗ ਪਲਾਨ ਨਾਲ ਸਬੰਧਤ ਮਨਜ਼ੂਰੀਆਂ ਨੂੰ ਮੁੜ ਫੈਕਟਰੀਜ਼ ਵਿਭਾਗ ਦੇ ਹੱਥਾਂ ਵਿੱਚ ਦੇਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ, ਜਿਸ ਨਾਲ ਮਨਜ਼ੂਰੀਆਂ ਲੈਣ ‘ਚ ਲਗਦਾ ਸਮਾਂ ਘੱਟ ਗਿਆ ਹੈ ਅਤੇ ਉਦਯੋਗਾਂ ਨੂੰ ਲੋੜੀਂਦੀ ਰਾਹਤ ਮਿਲੀ ਹੈ। ਇਸਦੇ ਨਾਲ ਹੀ 57 ਸੁਧਾਰਾਂ ਦੇ ਨਾਲ ਸੁਖਾਵੇਂ ਮਾਹੌਲ ਵਿੱਚ ਕਾਰੋਬਾਰ ਕਰਨ ਦੇ ਸਮੁੱਚੇ ਨਿਯਮਾਂ ਵਿੱਚ ਵੀ ਸੁਧਾਰ ਹੋਇਆ ਹੈ। ਉਦਯੋਗਪਤੀ ਸ਼ਰਦ ਅਗਰਵਾਲ, ਜੋ ਹੈਂਡਟੂਲਜ਼ ਅਤੇ ਆਟੋ ਕੰਪੋਨੈਂਟਸ ਉਦਯੋਗ ਵਿੱਚ 200 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ, ਨੇ ਵੀ ਰਾਜ ਵਿੱਚ ਨਿਵੇਸ਼ ਲਈ ਆਪਣੀ ਯੋਜਨਾ ਸਾਂਝੀ ਕੀਤੀ।

ਬਾਇਓ-ਗੈਸ ਪਲਾਂਟ ਸਥਾਪਤ ਕਰਨ ਲਈ ਤੁਰੰਤ ਪ੍ਰਵਾਨਗੀਆਂ ਹਾਸਲ ਕਰਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ, ਗੌਰਵ ਕੈਥਵਾਲ ਨੇ ਉਦਯੋਗ ਪੱਖੀ ਪਹਿਲਕਦਮੀਆਂ ਲਈ ਰਾਜ ਸਰਕਾਰ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਉਦਯੋਗ ਜਗਤ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਉਦਯੋਗ ਪੱਖੀ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Written By
The Punjab Wire