ਗੁਰਦਾਸਪੁਰ, 17 ਅਗਸਤ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਪੂਰੀ ਤਰ੍ਹਾ ਹੜ੍ਹ ਦੀ ਮਾਰ ਹੇਠ ਹੈ। ਲੋਕਾਂ ਨੂੰ ਸੁਰਖਿਅਤ ਬਾਹਰ ਕੱਢਣ ਲਈ ਜਿੱਥੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਦਿਖ ਰਿਹਾ ਹੈ। ਉੱਥੇ ਹੀ ਹੁਣ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਦੇ ਦਫ਼ਤਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਨਾਲ ਸੰਪਰਕ ਕਾਇਮ ਕਰ ਲੋਕਾ ਦੀ ਬਾਂਹ ਫੜਨ ਦਾ ਯਤਨ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਮੁੱਖੀ ਡਾ ਹਿਮਾਂਸ਼ੂ ਅਗਰਵਾਲ ਨੇ ਦੀ ਪੰਜਾਬ ਵਾਇਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਸੰਸਦ ਦੇ ਦਫ਼ਤਰ ਵੱਲੋਂ ਉਨ੍ਹਾਂ ਨੂੰ ਕਾਲ ਕੀਤੀ ਗਈ ਸੀ ਅਤੇ ਦਫ਼ਤਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਮਦਦ ਦਾ ਭਰੋਸਾ ਦਿੱਤਾ ਗਿਆ ਹੈ। ਸੰਸਦ ਦੇ ਦਫ਼ਤਰ ਵੱਲੋਂ ਇੱਕ ਹਜ਼ਾਰ ਰਾਸ਼ਨ ਕਿੱਟਾ ਭੇਜਣ ਦੀ ਗੱਲ ਕਹੀਂ ਗਈ ਹੈ।
ਇਥੇ ਇਹ ਦੱਸਣਯੋਗ ਹੈ ਕਿ ਸੰਸਦ ਸੰਨੀ ਦਿਓਲ ਵੱਲੋਂ ਹਾਲੇ ਤੱਕ ਗੁਰਦਾਸਪੁਰ ਹਲਕੇ ਦਾ ਦੌਰਾ ਨਹੀਂ ਕੀਤਾ ਗਿਆ ਹੈ। ਪਰ ਲੋਕਾਂ ਨੂੰ ਕਾਫੀ ਉਮੀਦ ਹੈ ਅਤੇ ਮੰਗ ਹੈ ਕਿ ਉਹ ਆਪਣੇ ਅਖਤਿਆਰੀ ਫੰਡ ਅਤੇ ਕੇਂਦਰ ਦੀ ਮੋਦੀ ਸਰਕਾਰ ਕੋਲੋ ਆਪਣੇ ਹਲਕੇ ਦੇ ਲਈ ਅਤੇ ਪੰਜਾਬ ਅੰਦਰ ਹੜ੍ਹਾਂ ਦੇ ਚਲਦੇ ਹੋਏ ਨੁਕਸਾਨ ਲਈ ਵਿਸ਼ੇਸ ਪੈਕੇਜ ਦਵਾਉਣ।