ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੀ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ
ਚੰਡੀਗੜ੍ਹ, 17 ਅਗਸਤ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਰਲਿਨ ਵਿੱਚ ਵਿਸ਼ੇਸ਼ ਉਲੰਪਿਕ ਵਰਲਡ ਸਮਰ ਖੇਡਾਂ-2023 ਦੌਰਾਨ ਨਾਮਣਾ ਖੱਟਣ ਵਾਲੇ ਅੱਠ ਵਿਸ਼ੇਸ਼ ਖਿਡਾਰੀਆਂ ਤੇ ਉਨ੍ਹਾਂ ਦੇ ਕੋਚ ਦਾ ਅੱਜ ਸਨਮਾਨ ਕੀਤਾ।
ਮੁੱਖ ਮੰਤਰੀ ਨੇ ਵੱਖ-ਵੱਖ ਖੇਡ ਵਰਗਾਂ ਵਿੱਚ ਤਿੰਨ ਸੋਨ ਤਮਗੇ, ਇਕ ਚਾਂਦੀ ਅਤੇ ਚਾਰ ਕਾਂਸੀ ਦੇ ਤਮਗੇ ਜਿੱਤਣ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਸਮਾਪਤ ਹੋਈਆਂ ਵਿਸ਼ੇਸ਼ ਉਲੰਪਿਕ ਵਰਲਡ ਸਮਰ ਖੇਡਾਂ-2023 ਵਿੱਚ ਭਾਰਤੀ ਦਲ ਦੇ ਵਧੀਆ ਪ੍ਰਦਰਸ਼ਨ ਵਿੱਚ ਇਨ੍ਹਾਂ ਖਿਡਾਰੀਆਂ ਨੇ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਇਨ੍ਹਾਂ ਖਿਡਾਰੀਆਂ ਉਤੇ ਮਾਣ ਹੈ, ਜਿਨ੍ਹਾਂ ਵਿਸ਼ੇਸ਼ ਉਲੰਪਿਕ ਖੇਡਾਂ ਵਿੱਚ ਮੁਲਕ ਦੀ ਝੋਲੀ ਇੰਨੇ ਤਮਗੇ ਪਾਏ।
ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਖ਼ਾਸ ਤੌਰ ਉਤੇ ਜ਼ਿਕਰ ਕਰਨਾ ਬਣਦਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਕੇ ਆਪਣੀ ਸਖ਼ਤ ਮਿਹਨਤ ਤੇ ਸਮਰਪਣ ਨਾਲ ਸਫ਼ਲਤਾ ਦੇ ਝੰਡੇ ਗੱਡੇ। ਉਨ੍ਹਾਂ ਕਿਹਾ ਕਿ ਮੁਸ਼ਕਲ ਹਾਲਾਤ ਤੇ ਰਾਹ ਵਿੱਚ ਆਏ ਅੜਿੱਕਿਆਂ ਦੇ ਬਾਵਜੂਦ ਇਨ੍ਹਾਂ ਵਿਸ਼ੇਸ਼ ਖਿਡਾਰੀਆਂ ਨੇ ਮੁਲਕ ਲਈ ਤਮਗੇ ਜਿੱਤੇ। ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਲਿਆਂਦੀ ਗਈ ਖੇਡ ਨੀਤੀ ਨਾਲ ਪੈਰਾ ਖਿਡਾਰੀਆਂ ਦੇ ਨਾਲ-ਨਾਲ ਵਿਸ਼ੇਸ਼ ਉਲੰਪਿਕਸ/ਡੈੱਫ ਤੇ ਬਲਾਇੰਡ ਖੇਡਾਂ ਦੇ ਖਿਡਾਰੀਆਂ ਤੇ ਪੈਰਾ ਖਿਡਾਰੀਆਂ ਦੀ ਭਲਾਈ ਉਤੇ ਵੱਧ ਧਿਆਨ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਰੋਲਰ ਸਕੇਟਿੰਗ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਐਮ.ਡੀ. ਨਿਸਾਰ, ਦੋ ਕਾਂਸੀ ਦੇ ਤਮਗੇ ਜਿੱਤਣ ਵਾਲੀ ਰੇਨੂ ਅਤੇ ਇਕ ਕਾਂਸੀ ਦਾ ਤਮਗਾ ਜਿੱਤਣ ਵਾਲੀ ਸੀਤਾ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਰਵਾਇਤੀ ਫੁਟਬਾਲ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਤਿੰਦਰ ਸਿੰਘ ਤੇ ਹਰਜੀਤ ਸਿੰਘ, ਬਾਸਕਿਟਬਾਲ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪ੍ਰਿਆ ਦੇਵੀ, ਯੂਨੀਫਾਈਡ ਫੁਟਬਾਲ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਜਯੋਤੀ ਕੌਰ ਦਾ ਵੀ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਨਾਲ ਸਬੰਧਤ ਸੱਤ ਵਿਸ਼ੇਸ਼ ਖਿਡਾਰੀ, ਇਕ ਯੂਨੀਫਾਈਡ ਪਾਰਟਲਰ ਤੇ ਇਕ ਕੋਚ ਸਮੇਤ ਨੌਂ ਮੈਂਬਰ ਭਾਰਤੀ ਦਲ ਦਾ ਹਿੱਸਾ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਕੁਮਾਰ ਅਮਿਤ ਹਾਜ਼ਰ ਸਨ।