ਗੁਰਦਾਸਪੁਰ, 08 ਅਗਸਤ 2023 (ਦੀ ਪੰਜਾਬ ਵਾਇਰ)। ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਮੋਸਟ ਵੇਟਿਡ ਫਿਲਮ ਗਦਰ-2 ਅੱਜ ਤੋਂ ਤਿੰਨ ਦਿਨ ਬਾਅਦ 11ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਇਹ ਫਿਲਮ ਕਈ ਗੱਲਾਂ ਨੂੰ ਲੈ ਕੇ ਸੁਰਖੀਆਂ ‘ਚ ਰਹੀ। ਇਸ ਦੌਰਾਨ ਫਿਲਮ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਗਦਰ-2 ਦਾ ਗੁਰਦਾਸਪੁਰ ‘ਚ ਨੌਜਵਾਨਾਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੇ ਫਿਲਮ ਦਾ ਬਾਈਕਾਟ ਕਰਨ ਲਈ ਪੂਰੇ ਸ਼ਹਿਰ ਵਿੱਚ ਪੋਸਟਰ ਵੀ ਲਗਾ ਦਿੱਤੇ ਹਨ।
ਨੌਜਵਾਨ ਅਮਰਜੋਤ ਸਿੰਘ ਅਤੇ ਅੰਮ੍ਰਿਤਪਾਲ ਨੇ ਕਿਹਾ ਕਿ ਸੰਨੀ ਦਿਓਲ ਲਈ ਰਾਜਨੀਤੀ ਇੱਕ ਅਜਿਹਾ ਮੰਚ ਹੋ ਸਕਦਾ ਸੀ ਜਿਸ ਰਾਹੀਂ ਉਹ ਆਪਣੇ ਆਪ ਨੂੰ ਸੱਚਾ ਹੀਰੋ ਸਾਬਤ ਕਰ ਸਕਦਾ ਸੀ। ਪਰ ਬਦਕਿਸਮਤੀ ਨਾਲ ਸੰਨੀ ਦਿਓਲ ਨੇ ਆਪਣੀ ਨਾਕਾਮੀ ਕਰਕੇ ਗੁਰਦਾਸਪੁਰ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਇੱਥੋਂ ਦੇ ਲੋਕਾਂ ਦਾ ਉਸ ਵਿੱਚ ਬਹੁਤ ਵਿਸ਼ਵਾਸ ਸੀ। ਪਰ ਉਨ੍ਹਾਂ ਨਾਲ ਧੋਖਾ ਹੀ ਹੋਇਆ। ਸਨੀ ਦਿਓਲ ਦੇ ਗੁੰਮਸ਼ੁਦਾ ਪੋਸਟਰ ਵੀ ਲਾਏ ਗਏ ਸਨ।
ਗਦਰ-2 ਫਿਲਮ ਦਾ ਵਿਰੋਧ ਕਰ ਰਹੇ ਅਮਰਜੋਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਾਏ ਸਨ। ਅਮਰਜੋਤ ਸਿੰਘ ਨੇ ਕਿਹਾ ਕਿ ਅਸੀਂ ਸੰਨੀ ਦਿਓਲ ਨੂੰ ਲੋਕਾਂ ਦੇ ਗੁੱਸੇ ਨੂੰ ਦੇਖ ਕੇ ਆਪਣੇ ਇਲਾਕੇ ‘ਚ ਆਉਣ ਲਈ ਕਹਿਣ ਦੀ ਕੋਸ਼ਿਸ਼ ਕੀਤੀ ਸੀ। ਪਰ ਇਸ ਦਾ ਵੀ ਸੰਨੀ ਦਿਓਲ ‘ਤੇ ਕੋਈ ਅਸਰ ਨਹੀਂ ਹੋਇਆ। ਅਮਰਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਇਸ ਫਿਲਮ (ਗਦਰ 2) ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਫਿਲਮ ਦੇ ਹੋਰ ਕਲਾਕਾਰਾਂ ਨੂੰ ਪਤਾ ਲੱਗ ਸਕੇ ਕਿ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਫਿਲਮ ਦੇ ਪ੍ਰਚਾਰ ਲਈ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਗਏ ਸਨ ਅਤੇ ਭਾਰਤ-ਪਾਕਿਸਤਾਨ ਸਰਹੱਦ ’ਤੇ ਜਾ ਕੇ ਵੀ ਆਪਣੀ ਫਿਲਮ ਦਾ ਪ੍ਰਚਾਰ ਕੀਤਾ ਸੀ । ਪਰ 30 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਉਨ੍ਹਾਂ ਨੇ ਇਕ ਵਾਰ ਵੀ ਆਪਣੇ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਪੈਰ ਰੱਖਣਾ ਮੁਨਾਸਿਬ ਨਹੀਂ ਸਮਝਿਆ। ਅਮਰਜੋਤ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੁਝ ਅਜਿਹੇ ਕਾਨੂੰਨ ਬਣਾਏ ਜਾਣ ਕਿ ਜੇਕਰ ਕੋਈ ਸੈਲੀਬ੍ਰਿਟੀ ਸਿਆਸਤ ਵਿੱਚ ਆਉਂਦਾ ਹੈ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਸਮਾਂ ਨਹੀਂ ਦੇ ਸਕਦਾ ਤਾਂ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇ।