ਖੇਡ ਸੰਸਾਰ ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਵਿਸ਼ਵ ਪੁਲਿਸ ਖੇਡਾਂ 2023-24 ਵਿਨੀਪੈਗ ਕਨੇਡਾ ਵਿਖੇ ਮੈਡਲ ਜਿੱਤ ਲਹਿਰਾਇਆ ਤਿਰੰਗਾ, ਦੋ ਗੋਲਡ ਤੇ ਇੱਕ ਬਰਾਉਨਜ ਮੈਡਲ ਕੀਤਾ ਹਾਸਿਲ

ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਵਿਸ਼ਵ ਪੁਲਿਸ ਖੇਡਾਂ 2023-24 ਵਿਨੀਪੈਗ ਕਨੇਡਾ ਵਿਖੇ ਮੈਡਲ ਜਿੱਤ ਲਹਿਰਾਇਆ ਤਿਰੰਗਾ, ਦੋ ਗੋਲਡ ਤੇ ਇੱਕ ਬਰਾਉਨਜ ਮੈਡਲ ਕੀਤਾ ਹਾਸਿਲ
  • PublishedAugust 5, 2023

ਗੁਰਦਾਸਪੁਰ 5 ਅਗਸਤ 2023 (ਦੀ ਪੰਜਾਬ ਵਾਇਰ)। ਕਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਨੀਪੈਗ ਸ਼ਹਿਰ ਵਿਚ ਚਲ ਰਹੀਆਂ ਵਿਸ਼ਵ ਪੁਲਿਸ ਖੇਡਾਂ ਵਿਚ ਭਾਰਤੀ ਪੁਲਿਸ ਕੰਟਰੋਲ ਬੋਰਡ ਦੀ ਪ੍ਰਤਿਨਿਧਤਾ ਕਰਦਿਆਂ ਵੱਖ ਵੱਖ ਪੈਰਾ ਮਿਲਟਰੀ ਫੋਰਸ ਵਿੱਚ ਭਰਤੀ ਨੌਜਵਾਨ ਪੁਲਿਸ ਜੂਡੋ ਖਿਡਾਰੀਆਂ ਨੇ ਮੈਡਲ ਜਿੱਤਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ।

ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 90 ਕਿਲੋ ਭਾਰ ਵਰਗ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਕਰਨਜੀਤ ਸਿੰਘ ਮਾਨ ਨੇ ਗੋਲਡ ਮੈਡਲ ਜਿੱਤਕੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਪਿੰਡ ਮਾਨਚੋਪੜੇ ਦਾ ਵਸਨੀਕ ਕਰਨਜੀਤ ਸਿੰਘ ਮਾਨ ਪਿਛਲੇ ਬਾਰਾਂ ਸਾਲਾਂ ਤੋਂ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਨਾਲ ਜੁੜਿਆ ਹੋਇਆ ਹੈ। ਵਿਸ਼ਵ ਪੱਧਰੀ ਮੰਚ ਤੇ ਉਸ ਦੀ ਇਹ ਵੱਡੀ ਪ੍ਰਾਪਤੀ ਹੈ।

ਇਸੇ ਤਰ੍ਹਾਂ ਸੀ ਆਰ ਪੀ ਐਫ ਦੇ ਦਿੱਲੀ ਵਿਖੇ ਸਪੋਰਟਸ ਸੈਂਟਰ ਵਿੱਚ ਨੌਕਰੀ ਕਰ ਰਹੇ 60 ਕਿਲੋ ਭਾਰ ਵਰਗ ਦੇ ਨੌਜਵਾਨ ਖਿਡਾਰੀ ਹਰਮੀਤ ਸਿੰਘ ਨੇ ਇਹਨਾਂ ਖੇਡਾਂ ਵਿਚ ਗੋਲਡ ਮੈਡਲ ਜਿੱਤਕੇ ਭਾਰਤ ਜੇਤੂ ਪਰਚਮ ਬੁਲੰਦ ਕੀਤਾ ਹੈ। ਹਰਮੀਤ ਸਿੰਘ ਨੇ ਆਪਣੇ ਕਾਲਜ ਸਮੇਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਭਾਗ ਲਿਆ ਸੀ।

ਇਸੇ ਤਰ੍ਹਾਂ ਸੀਮਾ ਸੁਰੱਖਿਆ ਬਲ ਵਿੱਚ ਮੁਲਾਜਮਤ ਕਰ ਰਹੇ ਸਰਬਜੀਤ ਸਿੰਘ ਨੇ 66 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੇ ਜੇਤੂ ਰੱਥ ਨੂੰ ਅੱਗੇ ਵਧਾਉਣ ਵਿਚ ਯੋਗਦਾਨ ਪਾਇਆ ਹੈ।

ਇਹਨਾਂ ਖੇਡਾਂ ਵਿਚ ਭਾਰਤ ਦੀ ਜੂਡੋ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦਿਆਂ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਐਸ ਐਸ ਪੀ ਵਰਿੰਦਰ ਸਿੰਘ ਸੰਧੂ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਸੁਸਾਇਟੀ ਦੇ ਜਰਨਲ ਸਕੱਤਰ ਸਤੀਸ਼ ਕੁਮਾਰ, ਮੈਡਮ ਬਲਵਿੰਦਰ ਕੌਰ, ਜੂਡੋ ਕੋਚ ਰਵੀ ਕੁਮਾਰ, ਦਿਨੇਸ਼ ਕੁਮਾਰ, ਅਤੇ ਹੋਰ ਖੇਡ ਪ੍ਰੇਮੀਆਂ ਨੇ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਖਿਡਾਰੀ ਹੋਰ ਮਿਹਨਤ ਕਰਕੇ ਭਾਰਤ ਦਾ ਨਾਂ ਉੱਚਾ ਕਰਨਗੇ।

Written By
The Punjab Wire