ਬੈਂਗਲੋਰ, 18 ਜੁਲਾਈ 2023 (ਦੀ ਪੰਜਾਬ ਵਾਇਰ)। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਸੰਯੁਕਤ ਵਿਰੋਧੀ ਦਲਾਂ ਦੀ ਮੀਟਿੰਗ ਦੂਜੇ ਦਿਨ ਖਤਮ ਹੋਈ ਹੈ। ਇਸ ਮੀਟਿੰਗ ਵਿਚ ਕਾਂਗਰਸ ਸਣੇ ਕੁੱਲ 26 ਦਲਾਂ ਦੇ ਨੇਤਾ ਸ਼ਾਮਲ ਹਨ। ਮੀਟਿੰਗ ਵਿਚ ਯੂਨਾਈਟਿਡ ਪ੍ਰੋਗ੍ਰੈਸਿਵ ਅਲਾਈਂਸ ਯਾਨੀ ਯੂਪੀਏ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਸ ਦਾ ਨਾਂ INDIA ‘ਇੰਡੀਆ’ (ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕ ਅਲਾਈਂਸ) ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਡਾ ਨੇ ਯੂਪੀਏ ਦਾ ਨਾਂ ਬਦਲਣ ਦੀ ਜਾਣਕਾਰੀ ਦਿੱਤੀ। ਉਸ ਨੇ ਟਵੀਟ ਕਰ ਕੇ ਕਿਹਾ ਕਿ ਅਸੀ INDIA ਹਾਂ। ਉਧਰ ਜੇਡੀਯੂ ਨੇ ਅੱਗੇ ਕਿਹਾ, ਦਿਲ ਮਿਲੇ ਦਲ ਮਿਲੇ ਹੋਇਆ ਮਹਾਜੁਟਾਨ। ਇਸ ਵਿਚਾਲੇ ਮਾਕਪਾ ਨੇਤਾ ਡੇਰੇਕ ਓ ਬ੍ਰਾਇਨ ਨੇ ਵੀ ਯੂਪੀਏ ਦਾ ਨਾਂ ਬਦਲਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਚੱਕ ਦੇ ਇੰਡੀਆ।
ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅੱਜ ਵਿਰੋਧੀ ਦਲਾਂ ਖਿਲਾਫ਼ ਕੇਂਦਰੀ ਜਾਂਚ ਏਜੰਸੀਆਂ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਸਾਡੇ ਨੇਤਾਵਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ। ਖੜਗੇ ਨੇ ਕਿਹਾ ਕਿ ਵਿਧਾਇਕਾਂ ਨੂੰ ਬੀਜੇਪੀ ਵਿਚ ਜਾਣ ਅਤੇ ਸਰਕਾਰ ਡੇਗਣ ਲਈ ਬਲੈਕਮੇਲ ਕੀਤਾ ਜਾ ਰਿਹਾ ਜਾਂ ਉਨ੍ਹਾਂ ਨੂੰ ਰਿਸ਼ਵਤ ਦਿੱਤੀ ਜਾ ਰਹੀ ਹੈ। ਸਾਨੂੰ ਆਪਸੀ ਮਤਭੇਦ ਭੁਲਾ ਕੇ ਕੇਂਦਰ ਸਰਕਾਰ ਖਿਲਾਫ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪ੍ਰਧਾਨ ਮੰਤਰੀ ਅਹੁਦੇ ਵਿਚ ਕੋਈ ਦਿਲਚਸਪੀ ਨਹੀਂ ਹੈ। ਇਸ ਵਿਚਾਲੇ ਕਾਂਗਰਸ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਯੂਨਾਈਟਿਡ ਵੀ ਸਟੈਂਡ।
ਉੱਧਰ ਐਲਾਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਰੋਧੀ ਪਾਰਟੀਆਂ ਦੀ ਪ੍ਰੈਸ ਕਾਨਫਰੰਸ ਕੀਤੀ । ਉਨ੍ਹਾਂ ਕਿਹਾ- ਤਾਲਮੇਲ ਲਈ 11 ਮੈਂਬਰਾਂ ਦੀ ਕਮੇਟੀ ਬਣਾਈ ਜਾਵੇਗੀ ਅਤੇ ਜਲਦੀ ਹੀ ਦਫ਼ਤਰ ਬਣਾਇਆ ਜਾਵੇਗਾ। ਇਸ ਦਾ ਐਲਾਨ ਮੁੰਬਈ ਵਿੱਚ ਹੋਣ ਵਾਲੇ ਸਾਡੇ ਅਗਲੇ ਮੁੰਬਈ ਸਮਾਗਮ ਵਿੱਚ ਕੀਤਾ ਜਾਵੇਗਾ।
ਇਸ ਵਿਚਾਲੇ ਪੰਜਾਬ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਦਾ ਆਮ ਆਦਮੀ ਪਾਰਟੀ ਨਾਲ ਪੰਜਾਬ ਵਿਚ ਕੋਈ ਗਠਜੋੜ ਨਹੀਂ ਹੋਇਆ ਹੈ। ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਰਾਸ਼ਟਰੀ ਪੱਧਰ ‘ਤੇ ਹੋਇਆ ਗਠਜੋੜ ਸਿਰਫ਼ ਆਰਡੀਨੈਂਸ ਦੇ ਮਾਮਲੇ ‘ਤੇ ਹੈ। ਦੂਸਰੇ ਪਾਸੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਵੀਟ ਕਰ ਪੁੱਛਿਆ ਕਿ ਸੂਬੇ ਵਿਚ ਕਾਂਗਰਸ ਵਿਰੋਧੀ ਪਾਰਟੀ ਹੈ ਜਾਂ ਸੱਤਾਧਾਰੀ ਪਾਰਟੀ।