Close

Recent Posts

ਖੇਡ ਸੰਸਾਰ ਪੰਜਾਬ

9ਵਾ ੧ਓ ਨੈਸ਼ਨਲ ਗਤਕਾ ਕੱਪ ਸੀਚੇਵਾਲ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਹੋਇਆ ਸਮਾਪਤ: ਡਾਕਟਰ ਰਜਿੰਦਰ ਸੋਹਲ

9ਵਾ ੧ਓ ਨੈਸ਼ਨਲ ਗਤਕਾ ਕੱਪ ਸੀਚੇਵਾਲ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਹੋਇਆ ਸਮਾਪਤ: ਡਾਕਟਰ ਰਜਿੰਦਰ ਸੋਹਲ
  • PublishedJune 6, 2023

21 ਸੂਬਿਆਂ ਦੇ 650 ਤੋਂ ਵੱਧ ਖਿਡਾਰੀਆਂ ਨੇ ਕੀਤੀ ਸ਼ਿਰਕਤ

ਮੋਹਾਲੀ/ ਸੀਚੇਵਾਲ, 6 ਜੂਨ (ਦੀ ਪੰਜਾਬ ਵਾਇਰ )। ਪੰਜਾਬ ਦੀ ਵਿਰਾਸਤੀ ਖੇਡ ਗਤਕਾ ਜਿਸ ਨੂੰ ਕਿ ਹੁਣ ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਵਿਚ ਵੀ ਮਾਨਤਾ ਮਿਲ ਚੁੱਕੀ ਹੈ, ਨੂੰ ਲੈ ਕੇ ਖਿਡਾਰੀ ਪੂਰੀ ਮਿਹਨਤ ਨਾਲ ਤਿਆਰੀ ਕਰ ਰਹੇ ਹਨ। ਇਸੇ ਤਹਿਤ ਕਰਵਾਏ ਗਏ 2 ਦਿਨਾਂ ਸ਼੍ਰੀਮਾਨ ਸੰਤ ਅਵਤਾਰ ਸਿੰਘ ਸੀਚੇਵਾਲ ਜੀ ਦੀ 35ਵੀ ਸਲਾਨਾ ਬਰਸੀ ਨੂੰ ਸਮਰਪਿਤ 9ਵਾ ੧ਓ ਨੈਸ਼ਨਲ ਗਤਕਾ ਕੱਪ ਜੋ ਕਿ ਨਿਰਮਲ ਕੁਟੀਆ ਪਿੰਡ ਸੀਚੇਵਾਲ ਵਿਖੇ ਕਰਵਾਇਆ ਗਿਆ ਸੀ, ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋਇਆ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਕੌਮੀ ਗਤਕਾ ਕੱਪ ਵਿਚ ਦੇਸ਼ ਭਰ ਦੇ 21 ਸੂਬਿਆਂ ਤੋਂ ਟੀਮਾਂ ਨੇ ਭਾਗ ਲਿਆ ਸੀ ਅਤੇ ਇਸ ਵਿੱਚ 650 ਤੋਂ ਵੱਧ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਮੁਕਾਬਲੇ ਦੇ ਫਾਇਨਲ ਵਿੱਚ ਪਹਿਲਾਂ ਸਥਾਨ ਪੰਜਾਬ, ਦੂਜਾ ਦਿੱਲੀ ਤੇ ਤੀਜਾ ਅਸਥਾਨ ਚੰਡੀਗੜ੍ਹ ਨੇ ਹਾਸਿਲ ਕੀਤਾ। ਜਿਕਰਯੋਗ ਹੈ ਕਿ ਇਸ ਵਿੱਚ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਵੀ ਭਾਗ ਲਿਆ।

2 ਦਿਨ ਤੱਕ ਚੱਲੇ ਇਸ ਕੱਪ ਦਾ ਉਦਘਾਟਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਪਾਰਲੀਮਾਨੀ ਮਾਮਲਿਆਂ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ ਨੇ ਕੀਤਾ ਸੀ।

ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਗਤਕਾ ਕੋਚ ਗੁਰਵਿੰਦਰ ਕੌਰ ਦੀ ਦੇਖ ਰੇਖ ਕਰਵਾਏ ਗਏ ਇਸ ਨੈਸ਼ਨਲ ਗਤਕਾ ਕੱਪ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਟੀਮਾਂ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ ਉਥੇ ਨਾਲ ਹੀ ਅਜਿਹੇ ਮੁਕਾਬਲਿਆਂ ਨਾਲ ਆਉਣ ਵਾਲੇ ਭਵਿੱਖ ਵਿੱਚ ਬਿਹਤਰੀਨ ਖਿਡਾਰੀ ਤਿਆਰੀ ਕਰਨ ਲਈ ਉਨ੍ਹਾਂ ਨੂੰ ਹੋਰ ਗੁਰ ਵੀ ਦੱਸੇ ਗਏ।

ਇਥੇ ਇਹ ਵੀ ਜਿਕਰਯੋਗ ਹੈ ਕਿ ਗਤਕੇ ਦੇ ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਵਿੱਚ ਸ਼ਾਮਲ ਹੋਣ ਮਗਰੋਂ ਵੱਡੀ ਗਿਣਤੀ ਵਿੱਚ ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਬੱਚੇ ਗਤਕੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਉੱਦਮਾਂ ਦੇ ਚਲਦਿਆਂ ਇਨ੍ਹਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿਥੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਉਥੇ ਨਾਲ ਹੀ ਉਨ੍ਹਾਂ ਪੰਜਾਬ ਗਤਕਾ ਐਸੋਸੀਏਸ਼ਨ ਵਲੋਂ ਗਤਕੇ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵਡਮੁੱਲੇ ਯਤਨਾਂ ਚਲਦਿਆ ਸਾਡੀ ਨਵੀਂ ਪੀੜੀ ਨਾ ਸਿਰਫ ਨਸ਼ਿਆਂ ਤੋਂ ਦੂਰ ਰਹਿਣ ਅਤੇ ਬਾਣੀ ਨਾਲ ਜੁੜਦੀ ਹੈ ਬਲਕਿ ਖਿਡਾਰੀਆਂ ਨੂੰ ਅਨੁਸ਼ਾਸਨਤ ਜੀਵਨ ਜਿਉਣ ਲਈ ਵੀ ਪ੍ਰੇਰਿਤ ਕਰਦੀ ਹੈ। ਉਨ੍ਹਾਂ ਇਸ ਗੱਲ ਤੇ ਜੋਰ ਦਿੱਤਾ ਕਿ ਅਜਿਹੇ ਗਤਕਾ ਕੱਪ ਵੱਧ ਤੋਂ ਵੱਧ ਕਰਵਾਉਣ ਦੀ ਲੋੜ ਹੈ ਤਾਂ ਜੋ ਉੱਚ ਕੋਟੀ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ।

ਉਧਰ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈਪੀਐਸ ਨੇ ਵੀ ਜੇਤੂ ਖਿਡਾਰੀਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ।

Written By
The Punjab Wire