ਚੰਡੀਗੜ੍ਹ, 14 ਮਈ 2022 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਫਿਲਮ ਅਦਾਕਾਰਾ ਪਰਿਣੀਤੀ ਚੋਪੜਾ ਦੇ ਸਗਾਈ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੀ ਹਾਜ਼ਰੀ ਸਿਆਸੀ ਵਿਵਾਦ ਵਿੱਚ ਤਬਦੀਲ ਹੋ ਗਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਜਥੇਦਾਰ ਦੀ ਸਗਾਈ ਸਮਾਗਮ ਉਤੇ ਹਾਜ਼ਰੀ ‘ਤੇ ਸਵਾਲ ਉਠਾਏ ਜਾਣ ਤੋਂ ਤੁਰੰਤ ਬਾਅਦ ‘ਆਪ’ ਨੇ ਵੀ ਜਵਾਬੀ ਕਾਰਵਾਈ ਕੀਤੀ।
ਵਲਟੋਹਾ ਨੇ ਜਥੇਦਾਰ ਹਰਪ੍ਰੀਤ ਸਿੰਘ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਿੱਖ ਮਰਿਆਦਾ ਦਾ ਖਿਆਲ ਨਹੀਂ ਰੱਖਿਆ। ਉਨ੍ਹਾਂ ਨੇ ਰਾਘਵ ਅਤੇ ਪਰਿਣੀਤੀ ਦੇ ਸਗਾਈ ਸਮਾਰੋਹ ‘ਚ ਜਥੇਦਾਰ ਜਾਣ ‘ਤੇ ਇਤਰਾਜ਼ ਜਤਾਇਆ। ਇਸ ‘ਤੇ ‘ਆਪ’ ਨੇ ਵਲਟੋਹਾ ਦੇ ਬਿਆਨ ਦੀ ਆਲੋਚਨਾ ਕੀਤੀ ਅਤੇ ਜਵਾਬੀ ਕਾਰਵਾਈ ਕੀਤੀ। ਪਾਰਟੀ ਨੇ ਵਲਟੋਹਾ ਨੂੰ ਕਿਹਾ ਕਿ ਅਕਾਲੀ ਦਲ ਇਹ ਫੈਸਲਾ ਨਹੀਂ ਕਰੇਗਾ ਕਿ ਜਥੇਦਾਰ ਸਾਹਿਬ ਨੂੰ ਕਿੱਥੇ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ। ‘ਆਪ’ ਨੇ ਦੋਸ਼ ਲਾਇਆ ਕਿ ਅਕਾਲੀ ਦਲ ਹਮੇਸ਼ਾ ਸਿੱਖਾਂ ਦੇ ਨਾਂ ‘ਤੇ ਰਾਜਨੀਤੀ ਕਰਦਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਸ਼ਨੀਵਾਰ ਸ਼ਾਮ ਕਪੂਰਥਲਾ ਹਾਊਸ ‘ਚ ਰਾਘਵ ਅਤੇ ਪਰਿਣੀਤੀ ਦੀ ਕੁੜਮਾਈ ਦੇ ਪ੍ਰੋਗਰਾਮ ‘ਚ ਹਿੱਸਾ ਲੈਣ ਪਹੁੰਚੇ ਸਨ। ਇਸ ਨੂੰ ਲੈ ਕੇ ਜਥੇਦਾਰ ਨੂੰ ਸੋਸ਼ਲ ਮੀਡੀਆ ‘ਤੇ ਟਰੋਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਕਾਲੀ ਆਗੂ ਵਲਟੋਹਾ ਨੇ ਵੀ ਪੋਸਟ ਪਾਈ ਹੈ। ਵਲਟੋਹਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਸਤਿਕਾਰਯੋਗ ਜਥੇਦਾਰ ਸਾਹਬ! ਮੇਰੇ ਵਰਗਾ ਨਿਮਾਣਾ ਸਿੱਖ ਅੱਜ ਦੁਖੀ ਹੈ। ਹੁਣ ਕੌਮ ਦਾ ਰੱਬ ਹੀ ਰਾਖਾ ਹੈ।