ਖੇਡ ਸੰਸਾਰ ਪੰਜਾਬ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦਿੱਤੇ ਜਾਣਗੇ ਤਿੰਨ ਵਿਸ਼ੇਸ਼ ਗੱਤਕਾ ਐਵਾਰਡ : ਗਰੇਵਾਲ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦਿੱਤੇ ਜਾਣਗੇ ਤਿੰਨ ਵਿਸ਼ੇਸ਼ ਗੱਤਕਾ ਐਵਾਰਡ : ਗਰੇਵਾਲ
  • PublishedApril 30, 2023

· ਗੱਤਕਾ ਗੌਰਵ ਐਵਾਰਡ, ਪ੍ਰੈਜੀਡੈਂਟਜ਼ ਐਵਾਰਡ ਅਤੇ ਐਨ.ਜੀ.ਏ.ਆਈ. ਐਵਾਰਡਾਂ ਲਈ ਮੰਗੀਆਂ ਅਰਜੀਆਂ

ਚੰਡੀਗੜ 30 ਅਪ੍ਰੈਲ 2023 (ਦੀ ਪੰਜਾਬ ਵਾਇਰ )। ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਅਤੇ ਗੱਤਕਾ ਖੇਡ ਦੀ ਸਭ ਤੋਂ ਪੁਰਾਣੀ ਰਜ਼ਿਸਟਰਡ ਖੇਡ ਸੰਸਥਾ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’ ਵੱਲੋਂ ਸਥਾਪਿਤ ਕੀਤੇ ਗਏ ਤਿੰਨ ਮਹੱਤਵਪੂਰਨ ਗੱਤਕਾ ਐਵਾਰਡ ਮਈ ਮਹੀਨੇ ਗੱਤਕਾ ਜਗਤ ਨਾਲ ਜੁੜੀਆਂ ਵੱਖ-ਵੱਖ ਸ਼ਖਸੀਅਤਾਂ, ਬਿਹਤਰੀਨ ਖਿਡਾਰੀਆਂ ਅਤੇ ਵਡਮੁੱਲਾ ਯੋਗਦਾਨ ਪਾਉਣ ਵਾਲੇ ਕੋਚਾਂ ਨੂੰ ਪ੍ਰਦਾਨ ਕੀਤੇ ਜਾਣਗੇ ਜਿਸ ਵਿਚ ਇਕ ਤਸ਼ਤਰੀ, ਸ਼ਾਲ ਅਤੇ ਰੋਲ ਆਫ਼ ਆਨਰ ਪ੍ਰਦਾਨ ਕੀਤਾ ਜਾਵੇਗਾ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਇਹ ਐਵਾਰਡ ਸਾਲ 2022 ਲਈ 20 ਮਈ ਨੂੰ ਚੰਡੀਗੜ੍ਹ ਵਿਖੇ ਪ੍ਰਦਾਨ ਕੀਤੇ ਜਾਣਗੇ ਅਤੇ ਇਨਾਂ ਐਵਾਰਡਾਂ ਦੀ ਨਿਰਪੱਖ ਚੋਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਇਕ ਉੱਚ ਤਾਕਤੀ ਕਮੇਟੀ ਗਠਿਤ ਕੀਤੀ ਗਈ ਹੈ।

ਸਰਬ-ਉੱਚ ਐਵਾਰਡਾਂ ਸਬੰਧੀ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਸਿੱਖ ਜੰਗਜੂ ਕਲਾ ਗੱਤਕੇ ਨੂੰ ਖੇਡ ਵਜੋਂ ਪ੍ਰਫੁੱਲਤ ਕਰਨ, ਪ੍ਰਚਾਰ ਤੇ ਪਸਾਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਗੱਤਕੇ ਦਾ ਸਰਵਉੱਚ ਸਨਮਾਨ ‘ਗੱਤਕਾ ਗੌਰਵ ਐਵਾਰਡ‘ ਪ੍ਰਦਾਨ ਕੀਤਾ ਜਾਵੇਗਾ। ਗੱਤਕੇਬਾਜਾਂ ਨੂੰ ਨਿਯਮਾਂਵਲੀ ਮੁਤਾਬਕ ਗੱਤਕੇ ਦੇ ਗੁਰ ਸਿਖਾਉਣ, ਵੱਧ ਤੋਂ ਵੱਧ ਸਿਖਲਾਈ/ਰੈਫਰੀ ਕੈਂਪ ਲਾਉਣੇ, ਵੱਡੀ ਗਿਣਤੀ ਵਿੱਚ ਗੱਤਕਾ ਖਿਡਾਰੀ/ਖਿਡਾਰਨਾਂ ਪੈਦਾ ਕਰਨੇ, ਆਪਣੇ ਸੂਬੇ ਅਤੇ ਹੋਰਨਾਂ ਰਾਜਾਂ ਅੰਦਰ ਗੱਤਕੇ ਦੇ ਮਾਣ-ਸਨਮਾਨ ਵਿਚ ਵਾਧਾ ਕਰਨ ਵਾਲੇ ਕੋਚਾਂ ਨੂੰ ‘ਪ੍ਰੈਜ਼ੀਡੈਂਟ ਗੱਤਕਾ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੱਤਕੇਬਾਜ਼ਾਂ ਦੇ ਵਰਗ ਵਿੱਚ ਰਾਸ਼ਟਰੀ ਖੇਡਾਂ, ਅੰਤਰ-ਵਰਸਿਟੀ ਮੁਕਾਬਲੇ, ਰਾਜ ਪੱਧਰੀ ਮੁਕਾਬਲੇ ਅਤੇ ਵਿਰਸਾ ਸੰਭਾਲ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰਨ ਤੋਂ ਇਲਾਵਾ ਵੱਧ ਤੋਂ ਵੱਧ ਗੱਤਕੇ ਦੇ ਕੋਚਿੰਗ ਕੈਂਪ, ਰੈਫਰੀ ਕੋਰਸ/ਕਲੀਨਿਕ ਅਤੇ ਰਿਫਰੈਸ਼ਰ ਕੋਰਸ ਲਾਉਣ ਵਾਲੇ ਬਿਹਤਰੀਨ ਖਿਡਾਰੀਆਂ/ਖਿਡਾਰਨਾਂ ਨੂੰ ‘ਐੱਨ.ਜੀ.ਏ.ਆਈ. ਗੱਤਕਾ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ।

ਗੱਤਕਾ ਪ੍ਰੋਮੋਟਰ ਸ. ਗਰੇਵਾਲ ਨੇ ਦੱਸਿਆ ਕਿ ਉਪਰੋਕਤ ਤਿੰਨੇ ਐਵਾਰਡਾਂ ਲਈ ਆਨਲਾਈਨ ਅਰਜ਼ੀਆਂ ਮੁਕੰਮਲ ਵੇਰਵਿਆਂ ਸਮੇਤ ਭੇਜਣ ਲਈ ਕਿਹਾ ਗਿਆ ਹੈ। ਇਨਾਂ ਐਵਾਰਡਾਂ ਲਈ ਵੇਰਵੇ 8 ਮਈ ਤੱਕ ਈਮੇਲ NGAIAwards@gmail.com ਉੱਤੇ ਭੇਜ ਦਿੱਤੇ ਜਾਣ। ਉਪਰੰਤ ਕਮੇਟੀ ਵੱਲੋਂ ਚੁਣੇ ਐਵਾਰਡੀਆਂ ਦੀ ਸੂਚੀ ਐਸਸੀਏਸ਼ਨ ਦੀ ਵੈੱਬਸਾਈਟ www.Gatkaa.com ਉੱਤੇ ਪ੍ਰਕਾਸ਼ਿਤ ਕੀਤੀ ਜਾਵੇਗੀ।

Written By
The Punjab Wire