ਨੈਸ਼ਨਲ ਚੈਂਪੀਅਨਸ਼ਿਪ ਵਿੱਚ 45 ਟੀਮਾਂ ਦੇ 200 ਤੋਂ ਵੱਧ ਖਿਡਾਰੀ ਲੈ ਰਹੇ ਹਨ ਹਿੱਸਾ: ਕੇ.ਆਰ. ਲਖਨਪਾਲ
ਚੰਡੀਗੜ੍ਹ, 28 ਅਪ੍ਰੈਲ 2023 (ਦੀ ਪੰਜਾਬ ਵਾਇਰ)। ਸਿਟੀ ਬਿਊਟੀਫੁੱਲ ਅਤੇ ਹੋਟਲ ਮਾਊਂਟਵਿਊ ਵਿੱਚ ਅੱਜ ਬ੍ਰਿਜ ਖੇਡ ਦੇ ਕੌਮੀ ਈਵੈਂਟ ਦੀ ਸ਼ੁਰੂਆਤ ਹੋਈ ਜੋ ਕਿ 28 ਤੋਂ 30 ਅਪ੍ਰੈਲ 2023 ਤੱਕ ਚੱਲੇਗਾ। ਇਸ 12ਵੀਂ ਸਟੀਲ ਸਟਰਿਪਸ ਗਰੁੱਪ ਨੈਸ਼ਨਲ ਓਪਨ ਬ੍ਰਿਜ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਬਿ੍ਰਜ ਖਿਡਾਰੀ ਹਿੱਸਾ ਲੈ ਰਹੇ ਹੈ। ਇਹ ਚੈਂਪੀਅਨਸ਼ਿਪ ਨੂੰ ਪੰਜਾਬ ਬ੍ਰਿਜ ਐਸੋਸੀਏਸ਼ਨ ਅਤੇ ਸਟੀਲ ਸਟਰਿਪਸ ਗਰੁੱਪ ਦੁਆਰਾ ਆਯੋਜਿਤ ਕੀਤਾ ਗਿਆ ਹੈ।
ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਪੰਜਾਬ ਬ੍ਰਿਜ ਐਸੋਸੀਏਸ਼ਨ ਦੇ ਸੰਸਥਾਪਕ ਚੇਅਰਮੈਨ ਕੇ.ਆਰ. ਲਖਨਪਾਲ ਨੇ ਦੱਸਿਆ ਕਿ ਕੌਮੀ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੀਆਂ 45 ਟੀਮਾਂ ਦੇ 200 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਵਿੱਚ 2018 ਜਕਾਰਤਾ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਸਬਿਨਾਥ ਸਰਕਾਰ, ਸੁਭਾਸ਼ ਗੁਪਤਾ (ਜਿਸ ਨੇ ਅੰਤਰਰਾਸਟਰੀ ਟੂਰਨਾਮੈਂਟਾਂ ਵਿੱਚ ਭਾਰਤ ਅਤੇ ਕੈਨੇਡਾ ਦੋਵੇਂ ਦੇਸਾਂ ਦੀ ਪ੍ਰਤੀਨਿਧਤਾ ਕੀਤੀ), ਰਾਜੀਵ ਖੰਡੇਲਵਾਲ, ਹਿਮਾਨੀ ਖੰਡੇਲਵਾਲ, ਸੁਮਿਤ ਮੁਖਰਜੀ, ਮਨੀਸ਼ ਬਹੁਗੁਨਾ, ਆਸ਼ਾ ਸ਼ਰਮਾ, ਨਿਕਿਤਾ ਕੰਵਲ ਵਰਗੇ ਅੰਤਰਰਾਸ਼ਟਰੀ ਖਿਡਾਰੀ ਸ਼ਾਮਲ ਹਨ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਲਖਨਪਾਲ ਨੇ ਦੱਸਿਆ ਕਿ ਇਹ 12ਵਾਂ ਕੌਮੀ ਪੱਧਰ ਦਾ ਈਵੈਂਟ ਚੰਡੀਗੜ ਵਿਖੇ ਕਰਵਾਇਆ ਜਾ ਰਿਹਾ ਹੈ ਅਤੇ ਦੇਸ਼ ਭਰ ਦੇ ਚੋਟੀ ਦੇ ਬ੍ਰਿਜ ਖਿਡਾਰੀਆਂ ਦੀ ਵੱਧ ਰਹੀ ਸ਼ਮੂਲੀਅਤ ਨਾਲ ਸਾਡੇ ਵਿੱਚ ਕਾਫੀ ਉਤਸ਼ਾਹ ਹੈ।
ਮਹਾਂਰਾਸ਼ਟਰ, ਗੁਜਰਾਤ, ਪੱਛਮੀ ਬੰਗਾਲ, ਦਿੱਲੀ, ਯੂਪੀ, ਉੱਤਰਾਖੰਡ, ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ ਯੂ.ਟੀ. ਅਤੇ ਪੰਜਾਬ ਦੇ ਖਿਡਾਰੀ ਇਸ ਈਵੈਂਟ ਵਿੱਚ ਚੋਟੀ ਦੇ ਸਨਮਾਨਾਂ ਲਈ ਬਾਜ਼ੀ ਲਾਉਣਗੇ। ਇਸ ਵਿੱਚ ਵੱਖ-ਵੱਖ ਸ਼੍ਰੇਣੀਆਂ ਤਹਿਤ ਕੁੱਲ ਇਨਾਮੀ ਰਾਸ਼ੀ 7 ਲੱਖ ਰੁਪਏ ਹੈ।
ਇਸ ਸਾਲ ਪ੍ਰਬੰਧਕਾਂ ਨੇ ਮਹਿਲਾਵਾਂ ਅਤੇ ਨੌਜਵਾਨ ਖਿਡਾਰੀਆਂ ਦੀ ਹਿੱਸੇਦਾਰੀ ਨੂੰ ਉਤਸ਼ਾਹਤ ਕਰਨ ਲਈ ਇਨਾਮਾਂ ਦੀ ਇੱਕ ਵਿਸ਼ੇਸ਼ ਸ਼੍ਰੇਣੀ ਤਿਆਰ ਕੀਤੀ ਹੈ। ਟੂਰਨਾਮੈਂਟ ਦੇ ਤਕਨੀਕੀ ਪਹਿਲੂਆਂ ਦੀ ਨਿਗਰਾਨੀ ਭਾਰਤ ਦੇ ਪ੍ਰਸਿੱਧ ਬ੍ਰਿਜ ਟੈਕਨੀਕਲ ਮਾਹਿਰ ਸ੍ਰੀ ਟੀ.ਸੀ.ਪੰਤ ਵੱਲੋਂ ਕੀਤੀ ਜਾ ਰਹੀ ਹੈ।
ਸਟੀਲ ਸਟਰਿਪਸ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਆਰ.ਕੇ. ਗਰਗ ਨੇ ਕਿਹਾ ਕਿ ਉਹ ਪਿਛਲੇ 2 ਦਹਾਕਿਆਂ ਤੋਂ ਇਸ ਖੇਤਰ ਅਤੇ ਦੇਸ਼ ਭਰ ਵਿੱਚ ਬਿ੍ਰਜ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਬ੍ਰਿਜ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਏਸ਼ੀਅਨ ਚੈਂਪੀਅਨ ਸਬਿਨਾਥ ਸਰਕਾਰ ਨੇ ਅਜਿਹੀਆਂ ਚੈਂਪੀਅਨਸ਼ਿਪਜ਼ ਨੂੰ ਇਸ ਨਵੀਨ ਖੇਡ ਵਿੱਚ ਉਭਰਦੇ ਖਿਡਾਰੀਆਂ ਲਈ ਵਿਸ਼ੇਸ਼ ਪਲੇਟਫਾਰਮ ਕਰਾਰ ਦਿੱਤਾ ਜਿਸ ਵਿੱਚ ਮਨ ਦੀਆਂ ਵਿਸਲੇਸ਼ਣਾਤਮਕ ਸਮਰੱਥਾਵਾਂ ਦੀ ਸਰਵੋਤਮ ਵਰਤੋਂ ਹੁੰਦੀ ਹੈ।
ਵਿਸਵਜੀਤ ਖੰਨਾ ਨੇ ਇਸ ਚੈਂਪੀਅਨਸ਼ਿਪ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਖਿਡਾਰੀਆਂ ਤੇ ਪਤਵੰਤਿਆਂ ਦਾ ਸਵਾਗਤ ਕੀਤਾ।