ਪੰਜਾਬ ਮੁੱਖ ਖ਼ਬਰ ਰਾਜਨੀਤੀ

ਤੁਹਾਡੇ ਮਗਰਮੱਛ ਦੇ ਹੰਝੂਆਂ ਨਾਲ ਤੁਹਾਡਾ ਭ੍ਰਿਸ਼ਟਾਚਾਰ ਨਹੀਂ ਧੋਤਾ ਜਾ ਸਕਦਾ: ਹਰਪਾਲ ਚੀਮਾ

ਤੁਹਾਡੇ ਮਗਰਮੱਛ ਦੇ ਹੰਝੂਆਂ ਨਾਲ ਤੁਹਾਡਾ ਭ੍ਰਿਸ਼ਟਾਚਾਰ ਨਹੀਂ ਧੋਤਾ ਜਾ ਸਕਦਾ: ਹਰਪਾਲ ਚੀਮਾ
  • PublishedApril 14, 2023

ਗਰੀਬ ਦਾ ਬੇਟਾ’ ਕੈਨੇਡਾ ਵਿਚ 10 ਮਹੀਨੇ ਕਿਵੇਂ ਰਹਿ ਸਕਦਾ ਹੈ? ਹਰਪਾਲ ਚੀਮਾ

 ਕਾਂਗਰਸ ਨੇ 70 ਸਾਲਾਂ ਤੋਂ ਐੱਸਸੀ, ਐੱਸਟੀ ਅਤੇ ਬੀਸੀ ਵਰਗ ਦੇ ਲੋਕਾਂ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਿਆ: ‘ਆਪ’ ਨੇਤਾ

 ਚੰਨੀ ਨੇ ਵੋਟਾਂ ਲਈ ਚੋਣ ਜ਼ਾਬਤੇ ਤੋਂ 2-4 ਦਿਨ ਪਹਿਲਾਂ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ, ਗਰੀਬ ਲੋਕਾਂ ਪ੍ਰਤੀ ਉਨ੍ਹਾਂ ਦੀ ਅਸੰਵੇਦਨਸ਼ੀਲਤਾ ਦਾ ਸਬੂਤ: ਹਰਪਾਲ ਸਿੰਘ ਚੀਮਾ

 ਅਕਾਲੀ-ਭਾਜਪਾ-ਕਾਂਗਰਸ ਨੇ ਭ੍ਰਿਸ਼ਟ ਸਿਸਟਮ ਖੜ੍ਹਾ ਕੀਤਾ, ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ : ਚੀਮਾ

ਚੰਡੀਗੜ੍ਹ, 14 ਅਪ੍ਰੈਲ 2023 (ਦੀ ਪੰਜਾਬ ਵਾਇਰ)। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ‘ਤੇ ਹਮਲਾਵਰ ਹੁੰਦਿਆਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਨੀ ਸਿਰਫ਼ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ ਅਤੇ ਇਨ੍ਹਾਂ ਹੰਝੂਆਂ ਨਾਲ ਉਨ੍ਹਾਂ ਦਾ ਭ੍ਰਿਸ਼ਟਾਚਾਰ ਧੋਤਾ ਨਹੀਂ ਜਾਵੇਗਾ। ਜੇਕਰ ਉਹ ਅਸਲ ਵਿੱਚ ਐੱਸਸੀ ਐੱਸਟੀ ਲੋਕਾਂ ਦੀ ਪਰਵਾਹ ਕਰਦੇ ਹੁੰਦੇ ਤਾਂ ਉਹ ਐੱਸਸੀ ਸਕਾਲਰਸ਼ਿਪ ਦੇ ਪੈਸੇ ਗਬਨ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਦੇ। ਹੁਣ ਜਦੋਂ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਨਤੀਜੇ ਸਾਹਮਣੇ ਆ ਰਹੇ ਹਨ ਤਾਂ ਉਹ ਸਿਰਫ਼ ਲੋਕਾਂ ਦੀ ਹਮਦਰਦੀ ਲਈ ਇਹ ਸਭ ਬੋਲ ਰਹੇ ਹਨ।

 ਸ਼ੁੱਕਰਵਾਰ ਨੂੰ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਐੱਸ.ਸੀ., ਐੱਸ.ਟੀ ਅਤੇ ਬੀ.ਸੀ ਲੋਕਾਂ ਨੂੰ ਆਪਣਾ ਵੋਟ ਬੈਂਕ ਸਮਝਿਆ ਹੈ, ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ ਅਤੇ 70 ਸਾਲਾਂ ਤੱਕ ਵਰਤਿਆ ਹੈ।  ਪੰਜਾਬ ਵਿੱਚ ਵੀ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਵੋਟਰਾਂ ਨੂੰ ਲੁਭਾਉਣ ਲਈ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਐਸਸੀ ਮੁੱਖ ਮੰਤਰੀ ਬਣਾਇਆ ਸੀ।  ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇ ਸਾਡੇ ਸੂਬੇ ਅਤੇ ਦੇਸ਼ ਦੇ ਗ਼ਰੀਬ ਲੋਕਾਂ ਦੀ ਸੱਚਮੁੱਚ ਪਰਵਾਹ ਕੀਤੀ ਹੁੰਦੀ ਤਾਂ ਉਹ ਉਨ੍ਹਾਂ ਨੂੰ ਸਹੂਲਤਾਂ ਦਿੰਦੇ ਪਰ ਕਾਂਗਰਸ ਨੇ ਇਨ੍ਹਾਂ ਲੋਕਾਂ ਨੂੰ ਕਦੀ ਬੁਨਿਆਦੀ ਹੱਕ ਅਤੇ ਸਹੂਲਤਾਂ ਨਹੀਂ ਦਿੱਤੀਆਂ ਕਿਉਂਕਿ ਉਹ ਇਨ੍ਹਾਂ ਨੂੰ ਪੜ੍ਹੇ-ਲਿਖੇ ਅਤੇ ਵਿਕਸਤ ਨਹੀਂ ਦੇਖਣਾ ਚਾਹੁੰਦੇ ਸਨ।

 ਚੀਮਾ ਨੇ ਕਿਹਾ ਕਿ ਚੰਨੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਚੋਣ ਜ਼ਾਬਤੇ ਤੋਂ ਕੁਝ ਦਿਨ ਪਹਿਲਾਂ ਹੀ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਸਨ, ਜੋ ਇਨ੍ਹਾਂ ਲੋਕਾਂ ਪ੍ਰਤੀ ਉਨ੍ਹਾਂ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਉਨ੍ਹਾਂ ਦੇ ਮੰਤਰੀਆਂ ਨੇ ਅਨੁਸੂਚਿਤ ਜਾਤੀਆਂ ਦੇ 64 ਕਰੋੜ ਰੁਪਏ ਦੇ ਸਕਾਲਰਸ਼ਿਪ ਫੰਡਾਂ ਨੂੰ ਹੜੱਪ ਲਿਆ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਚੰਨੀ ਨੇ ਕਿਸੇ ਵੀ ਭ੍ਰਿਸ਼ਟ ਮੰਤਰੀ ਜਾਂ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਅਕਾਲੀ ਅਤੇ ਕਾਂਗਰਸ ਸਰਕਾਰਾਂ ਦੇ ਭ੍ਰਿਸ਼ਟਾਚਾਰ ਕਾਰਨ ਵਜ਼ੀਫੇ ਲਈ ਅਪਲਾਈ ਕਰਨ ਵਾਲੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਕਮੀ ਆਈ ਸੀ। ਪਰ ਸੂਬੇ ਵਿੱਚ ਇਮਾਨਦਾਰ ਸਰਕਾਰ ਬਣਨ ਤੋਂ ਬਾਅਦ ਇਹ ਗਿਣਤੀ 2-3 ਗੁਣਾ ਵੱਧ ਗਈ ਹੈ ਕਿਉਂਕਿ ਵਿਦਿਆਰਥੀਆਂ ਦਾ ਮਾਨ ਸਰਕਾਰ ‘ਤੇ ਭਰੋਸਾ ਹੈ।  ਚੀਮਾ ਨੇ ਕਿਹਾ ਕਿ ਭ੍ਰਿਸ਼ਟ ਨੇਤਾਵਾਂ ਨੇ ਸਿਰਫ਼ ਪੈਸਾ ਹੀ ਨਹੀਂ ਚੋਰੀ ਕੀਤਾ, ਉਨ੍ਹਾਂ ਨੇ ਗਰੀਬ ਬੱਚਿਆਂ ਦੀਆਂ ਫੀਸਾਂ, ਵਰਦੀਆਂ, ਕਿਤਾਬਾਂ, ਉਨ੍ਹਾਂ ਦਾ ਭਵਿੱਖ ਅਤੇ ਸੁਪਨੇ ਤੱਕ ਲੁੱਟ ਲਏ।

 ਸਾਰੀਆਂ ਰਵਾਇਤੀ ਪਾਰਟੀਆਂ ਨੂੰ ਘੇਰਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਇਸ ਭ੍ਰਿਸ਼ਟ ਨਿਜ਼ਾਮ ਦੀ ਸਥਾਪਨਾ ਕੀਤੀ ਪਰ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰ ਰਹੀ ਹੈ ਅਤੇ ਆਪਣੀਆਂ ਸਾਰੀਆਂ ਗਾਰੰਟੀਆਂ ਅਤੇ ਵਾਅਦੇ ਪੂਰੇ ਕਰ ਰਹੀ ਹੈ। ਉਨ੍ਹਾਂ ਨੇ ਉਦਾਹਰਨ ਵਜੋਂ ਬਿਨਾਂ ਕਿਸੇ ਭੇਦਭਾਵ ਦੇ ਹਰ ਮਹੀਨੇ ਦਿੱਤੀ ਜਾ ਰਹੀ 300 ਯੂਨਿਟ ਮੁਫਤ ਬਿਜਲੀ ਦਾ ਜ਼ਿਕਰ ਕੀਤਾ।

 ਚੀਮਾ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸਿੱਖਿਆ ਖੇਤਰ ਅਤੇ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਸਿਰਫ ਆਮ ਆਦਮੀ ਪਾਰਟੀ ਹੀ ਕੰਮ ਕਰ ਰਹੀ ਹੈ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਵੱਡੇ ਅਫਸਰ ਬਣ ਸਕਣ। ਸ੍ਰੀ ਗੁਰੂ ਰਵਿਦਾਸ ਸਟੱਡੀ ਸੈਂਟਰ ਦੇ ਚੈਕ ਬਾਰੇ ਚੀਮਾ ਨੇ ਕਿਹਾ ਕਿ ਚੰਨੀ ਨੇ ਇਹ ਚੈੱਕ ਚੋਣ ਜ਼ਾਬਤੇ ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤਾ ਸੀ ਅਤੇ ਉਨ੍ਹਾਂ ਦਾ ਇਸ ਸਟੱਡੀ ਸੈਂਟਰ ਨੂੰ ਬਣਵਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਦੂਜੇ ਪਾਸੇ ਮਾਨ ਸਰਕਾਰ ਨੇ ਬਿਨਾਂ ਕਿਸੇ ਰਾਜਨੀਤਕ ਲਾਲਚ ਤੋਂ 25 ਕਰੋੜ ਦਾ ਚੈੱਕ ਡੇਰਾ ਬੱਲਾਂ ਮੁਖੀ ਨੂੰ ਸੌਂਪ ਦਿੱਤਾ ਹੈ।

 ਚੀਮਾ ਨੇ ਚੰਨੀ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਸੱਚਮੁੱਚ ਹੀ ਗਰੀਬ ਲੋਕਾਂ ਦੀ ਪਰਵਾਹ ਹੈ ਤਾਂ ਜਦੋਂ 128 ਲੋਕਾਂ ਦੀ ਨਾਜਾਇਜ਼ ਸ਼ਰਾਬ ਕਾਰਨ ਮੌਤ ਹੋ ਗਈ ਸੀ ਤਾਂ ਉਹ ਚੁੱਪ ਕਿਉਂ ਰਹੇ। ਉਨ੍ਹਾਂ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਕੋਲੋਂ ਬਰਾਮਦ ਹੋਇਆ ਕੈਸ਼ ਦਾ ਢੇਰ ਕਿਸਦਾ ਸੀ? ਚੰਨੀ ਨੇ ਐੱਸਸੀ ਸਕਾਲਰਸ਼ਿਪ ਦੇ ਪੈਸੇ ਚੋਰੀ ਕਰਨ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਅਤੇ ਕਾਂਗਰਸ ਦੇ ਰਾਜ ਦੌਰਾਨ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ ਅਤੇ ਕਿਸੇ ਵੀ ਸਕੀਮ ਦਾ ਕੋਈ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚਿਆ।

Written By
The Punjab Wire