ਮੁੱਖ ਖ਼ਬਰ ਰਾਜਨੀਤੀ

ਨਵਜੋਤ ਸਿੱਧੂ ਦੇ ਬਾਹਰ ਆਉਂਦੇ ਹੀ ਗਰਮਾਈ ਸਿਆਸਤ, ਆਪ ਨੇ ਦੱਸਿਆ ਸਟੰਟਮੈਨ, ਕਿਹਾ ਸਰਕਾਰ ਵੱਲੋਂ ਅੱਠ ਵਜੇ ਦੇ ਹੀ ਸਨ ਰਿਹਾਈ ਦੇ ਹੁਕਮ

ਨਵਜੋਤ ਸਿੱਧੂ ਦੇ ਬਾਹਰ ਆਉਂਦੇ ਹੀ ਗਰਮਾਈ ਸਿਆਸਤ, ਆਪ ਨੇ ਦੱਸਿਆ ਸਟੰਟਮੈਨ, ਕਿਹਾ ਸਰਕਾਰ ਵੱਲੋਂ ਅੱਠ ਵਜੇ ਦੇ ਹੀ ਸਨ ਰਿਹਾਈ ਦੇ ਹੁਕਮ
  • PublishedApril 2, 2023

 ਸਿੱਧੂ ਨੂੰ ਆਰਾਮ ਕਰਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਲੋੜ: ਮਲਵਿੰਦਰ ਕੰਗ

 ਭਗਵੰਤ ਮਾਨ 3 ਕਰੋੜ ਪੰਜਾਬੀਆਂ ਦੇ ਚੁਣੇ ਹੋਏ ਮੁੱਖ ਮੰਤਰੀ ਹਨ, ਪੰਜਾਬੀਆਂ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ: ਕੰਗ

 ਸਿੱਧੂ ਨੂੰ ਮਾਨ ਸਰਕਾਰ ਦੇ ਇੱਕ ਸਾਲ ਦੇ ਕੰਮਾਂ ਅਤੇ ਪਿਛਲੀਆਂ ਸਰਕਾਰਾਂ ਦੇ ਕੰਮਾਂ ਦੀ ਤੁਲਨਾ ਕਰਨ ਫਿਰ ਕੋਈ ਬਿਆਨ ਦੇਣ: ਜਗਤਾਰ ਸਿੰਘ ਸੰਘੇੜਾ

 ਚੰਡੀਗੜ੍ਹ, 2 ਅਪ੍ਰੈਲ 2023 (ਦੀ ਪੰਜਾਬ ਵਾਇਰ)। ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਸਿਆਸਤ ਫ਼ੇਰ ਭੱਖ ਗਈ ਹੈ ਅਤੇ ਆਮ ਆਦਮੀ ਪਾਰਟੀ (ਆਪ) ਨੇ ਨਵਜੋਤ ਸਿੰਘ ਸਿੱਧੂ ਨੂੰ ਸਟੰਟਮੈਨ ਕਰਾਰ ਦਿੱਤਾ ਹੈ। ਆਪ ਨੇ ਕਿਹਾ ਕਿ ਸਰਕਾਰ ਨੇ ਸਵੇਰੇ ਅੱਠ ਵਜੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦੇ ਦਿੱਤੇ ਸਨ। ਉਹ ਆਜ਼ਾਦੀ ਦੀ ਲੜਾਈ ਲੜਨ ਤੋਂ ਬਾਅਦ ਨਹੀਂ, ਸਗੋਂ ਬਜ਼ੁਰਗ ਵਿਅਕਤੀ ਨੂੰ ਮਾਰਨ ਦੇ ਦੋਸ਼ ਵਿਚ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆ ਰਹੇ ਹਨ।

 ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਿੱਧੂ ਨੂੰ ਸਵਾਲ ਕੀਤਾ ਕਿ ਢੋਲ ਨਗਾੜੇ ਦੀ ਨੌਟੰਕੀ ਕਿਉਂ? ਸਿੱਧੂ ਹਮੇਸ਼ਾ ਤੋਂ ਹੀ ਬੜਬੋਲੇ ਵਿਅਕਤੀ ਰਹੇ ਹਨ ਅਤੇ ਅੱਗੇ ਵੀ ਰਹਿਣਗੇ।  ਉਨ੍ਹਾਂ ਕਾਰਨ ਇਕ ਬਜ਼ੁਰਗ ਵਿਅਕਤੀ ਦੀ ਜਾਨ ਚਲੀ ਗਈ ਸੀ, ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਦੀ ਬਜਾਏ ਉਸ ਬਾਰੇ ਆਤਮ-ਚਿੰਤਨ ਕਰਨਾ ਚਾਹੀਦਾ ਹੈ।

ਉਸਨੇ ਅੱਗੇ ਕਿਹਾ ਕਿ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਤੋਂ ਬਾਅਦ, ਉਨ੍ਹਾਂ ਨੂੰ ਥੋੜਾ ਨਿਮਰ ਹੋਣਾ ਚਾਹੀਦਾ ਸੀ, ਪਰ ਉਹ ਉਹੀ ਨਵਜੋਤ ਸਿੰਘ ਸਿੱਧੂ ਹਨ ਅਤੇ ਪਹਿਲੇ ਦਿਨ ਤੋਂ ਉਨ੍ਹਾਂ ਦੀ ਖੋਖਲੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ‘ਤੇ ਨਿੱਜੀ ਟਿੱਪਣੀਆਂ ਕਰਕੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਜੇ ਵੀ ਇਸ ਹਕੀਕਤ ਨੂੰ ਨਹੀਂ ਸਮਝ ਸਕੇ ਹਨ ਕਿ ਭਗਵੰਤ ਮਾਨ ਤਿੰਨ ਕਰੋੜ ਪੰਜਾਬੀਆਂ ਦੇ ਚੁਣੇ ਹੋਏ ਮੁੱਖ ਮੰਤਰੀ ਹਨ।

ਕੰਗ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਣਾ ਚਾਹੀਦਾ ਹੈ।  ਜਾਣ-ਬੁੱਝ ਕੇ ਸਿੱਧੂ ਅਜਿਹਾ ਮਾਹੌਲ ਬਣਾ ਰਿਹਾ ਹੈ ਜਿਵੇਂ ਉਹ ਸਿਆਸੀ ਹਿਰਾਸਤ ਵਿਚੋਂ ਆ ਰਹੇ ਹੋਣ,  ਪਰ ਪੰਜਾਬ ਦੇ ਲੋਕ ਸਭ ਕੁਝ ਜਾਣਦੇ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ।

ਕੰਗ ਨੇ ਸਿੱਧੂ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਦੀ ਸਰਕਾਰ ਨੇ 36000 ਨੌਕਰੀਆਂ ਦੇ ਝੂਠੇ ਇਸ਼ਤਿਹਾਰ ਦਿੱਤੇ, ਉੱਚ ਵਿਆਜ ਦਰਾਂ ‘ਤੇ ਕਰਜ਼ੇ ਲਏ ਅਤੇ ਪੰਜਾਬ ਦੇ ਲੋਕ ਸਭ ਕੁਝ ਜਾਣਦੇ ਹਨ।  ਇਸ ਲਈ ਸਿੱਧੂ ਨੂੰ ਅਜਿਹੇ ਬਿਆਨ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।

 ਕੰਗ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਕਿਸਾਨਾਂ ਦੀ ਮਦਦ ਕਰਨ ਅਤੇ ਮੁਆਵਜ਼ਾ ਦੇਣ ਵਿੱਚ ਵਿਅਸਤ ਹਨ। ਜਦਕਿ ਪਿਛਲੀਆਂ ਸਰਕਾਰਾਂ ਜਿਨ੍ਹਾਂ ਦਾ ਨਵਜੋਤ ਸਿੰਘ ਸਿੱਧੂ ਹਿੱਸਾ ਰਹੇ ਹਨ, ਉਨ੍ਹਾਂ ਦੇ ਮੰਤਰੀ ਭ੍ਰਿਸ਼ਟ ਸਨ ਅਤੇ ਪੰਜਾਬ ਨੂੰ ਲੁੱਟ ਰਹੇ ਸਨ।

ਕੰਗ ਨੇ ਅੱਗੇ ਕਿਹਾ ਕਿ ਨਵਜੋਤ ਸਿੱਧੂ ਨੂੰ ਅਰਾਮ ਕਰਨ ਦੀ ਲੋੜ ਹੈ, ਜਦੋਂ ਕੋਈ ਜੇਲ੍ਹ ਵਰਗੀ ਜਗ੍ਹਾ ਵਿਚ ਇੰਨਾ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਬਾਹਰ ਆਉਂਦਾ ਹੈ, ਉਸ ਨੂੰ ਕੁਝ ਸਥਿਰਤਾ ਦੀ ਲੋੜ ਹੁੰਦੀ ਹੈ, ਉਸ ਨੂੰ ਸ਼ਾਂਤੀ ਦੀ ਲੋੜ ਹੁੰਦੀ ਹੈ, ਉਸ ਨੂੰ ਆਪਣੇ ਪਰਿਵਾਰ ਦੇ ਵਿਚਕਾਰ ਬੈਠ ਕੇ ਪਰਮਾਤਮਾ ਅੱਗੇ ਅਰਦਾਸ ਕਰਨ ਦੀ ਲੋੜ ਹੁੰਦੀ ਹੈ।

 ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮਾਨ ਸਰਕਾਰ ਵੱਲੋਂ ਇੱਕ ਸਾਲ ਵਿੱਚ ਕੀਤੇ ਕੰਮਾਂ ਦੀ ਤੁਲਨਾ ਪਿਛਲੀਆਂ ਸਰਕਾਰਾਂ ਦੇ ਕੰਮਾਂ ਨਾਲ ਕਰਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਇੱਕ ਸਾਲ ਵਿੱਚ ਉਨ੍ਹਾਂ ਸਾਰਿਆਂ ਨਾਲੋਂ ਕਿਤੇ ਵੱਧ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਸਰਕਾਰਾਂ ਦਾ ਹਿੱਸਾ ਸਨ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੇ ਨੁਕਸਾਨ ਲਈ 40 ਰੁਪਏ ਦੇ ਚੈੱਕ ਦਿੰਦੀਆਂ ਸਨ ਜਦਕਿ ਮਾਨ ਸਰਕਾਰ ਕਿਸਾਨਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦੇ ਰਹੀ ਹੈ।

Written By
The Punjab Wire