ਦਿੱਲੀ, 26 ਫਰਵਰੀ (ਦੀ ਪੰਜਾਬ ਵਾਇਰ)। ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਅੱਠ ਘੰਟੇ ਚੱਲੀ ਪੁੱਛ-ਪੜਤਾਲ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਸਿਸੋਦੀਆ ਆਬਕਾਰੀ ਨੀਤੀ ਕੇੇਸ ਵਿੱਚ ਅੱਜ ਕੇਂਦਰੀ ਜਾਂਚ ਏਜੰਸੀ ਅੱਗੇ ਪੇਸ਼ ਹੋਏ ਸਨ। ਸੀਬੀਆਈ ਹੈੱਡਕੁਆਰਟਰ ਪੁੱਜਣ ਤੋਂ ਪਹਿਲਾਂ ਸਿਸੋਦੀਆ ਰਾਜਘਾਟ ਵੀ ਗਏ। ਸਿਸੋਦੀਆ ਨੇ ਕਿਹਾ ਕਿ ਜੇਕਰ ‘ਝੂਠੇ ਦੋਸ਼ਾਂ’ ਲਈ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਤਾਂ ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ। ਇਸ ਦੌਰਾਨ ਦਿੱਲੀ ਪੁਲੀਸ ਨੇ ਸੀਬੀਆਈ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਤੇ ਇਹਤਿਆਤ ਵਜੋਂ ਸੀਬੀਆਈ ਹੈੱਡਕੁਆਰਟਰ ਦੇ ਨੇੜੇ ਧਾਰਾ 144 ਲਾਗੂ ਕੀਤੀ ਗਈ ਸੀ।
ਸਿਸੋਦੀਆ, ਜਿਨ੍ਹਾਂ ਕੋਲ ਵਿੱਤ ਮੰਤਰਾਲਾ ਵੀ ਹੈ, ਨੂੰ ਅਸਲ ਵਿੱਚ ਪਿਛਲੇ ਐਤਵਾਰ ਨੂੰ ਪੁੱਛ-ਪੜਤਾਲ ਲਈ ਸੰਮਨ ਕੀਤਾ ਗਿਆ ਸੀ, ਪਰ ਉਨ੍ਹਾਂ ਚੱਲ ਰਹੇ ਬਜਟ ਅਮਲ ਦੇ ਮੱਦੇਨਜ਼ਰ ਅੱਗੇ ਕਿਸੇ ਹੋਰ ਤਰੀਕ ਨੂੰ ਸੰਮਨ ਕੀਤੇ ਜਾਣ ਦੀ ਅਪੀਲ ਕੀਤੀ ਸੀ। ਸਿਸੋਦੀਆ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਉਪ ਮੁੱਖ ਮੰਤਰੀ ਨੇ ਕਿਹਾ, ‘‘ਅੱਜ ਮੈਂ ਸੀਬੀਆਈ ਅੱਗੇ ਪੇਸ਼ ਹੋਣ ਜਾ ਰਿਹਾ ਹਾਂ। ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗਾ। ਮੇਰੇ ਕੋਲ ਲੱਖਾਂ ਬੱਚਿਆਂ ਤੇ ਕਰੋੜਾਂ ਦੇਸ਼ਵਾਸੀਆਂ ਦਾ ਪਿਆਰ ਹੈ। ਜੇਕਰ ਮੈਨੂੰ ਕੁਝ ਮਹੀਨਿਆਂ ਲਈ ਜੇਲ੍ਹ ਵੀ ਜਾਣਾ ਪਿਆ ਤਾਂ ਮੈਨੂੰ ਕੋਈ ਪ੍ਰਵਾਹ ਨਹੀਂ। ਅਸੀਂ ਭਗਤ ਸਿੰਘ ਦੇ ਅਨੁਯਾਈ ਹਾਂ। ਭਗਤ ਸਿੰਘ ਦੇਸ਼ ਲਈ ਸ਼ਹੀਦ ਹੋਏ। ਜੇਕਰ ਮੈਨੂੰ ਅਜਿਹੇ ਝੂਠੇ ਦੋਸ਼ਾਂ ਲਈ ਜੇਲ੍ਹ ਜਾਣਾ ਪਿਆ ਤਾਂ ਇਹ ਬਹੁਤ ਛੋਟੀ ਚੀਜ਼ ਹੈ।’’ ਉਧਰ ਕੁਝ ‘ਆਪ’ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੁਝ ‘ਕੌਂਸਲਰਾਂ’ ਨੂੰ ਰਾਜ ਘਾਟ ਵਿੱਚ ਜਾਣ ਤੋਂ ਰੋਕਣ ਲਈ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ‘ਆਪ’ ਦੇ ਕੌਮੀ ਤਰਜਮਾਨ ਸੌਰਭ ਭਾਰਦਵਾਜ ਨੇ ਸਿਸੋਦੀਆ ਨੂੰ ਦੇਸ਼ ਦਾ ਭਵਿੱਖੀ ਸਿੱਖਿਆ ਮੰਤਰੀ ਦੱਸਦੇ ਹੋਏ ਕਿਹਾ, ‘‘ਅਰਵਿੰਦ ਕੇਜਰੀਵਾਲ ਭਾਜਪਾ ਤੇ ਪ੍ਰਧਾਨ ਮੰਤਰੀ ਲਈ ਨਵੀਂ ਚੁਣੌਤੀ ਹੈ। ਖ਼ਤਰਾ ਰਾਹੁਲ ਗਾਂਧੀ ਤੋਂ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਤੋਂ ਹੈ, ਤੇ ਇਹੀ ਵਜ੍ਹਾ ਹੈ ਕਿ ਉਹ ਸਾਡੀ ਪਾਰਟੀ ਦੇ ਪਿੱਛੇ ਲੱਗੇ ਹੋਏ ਹਨ।’’
ਸਿਸੋਦੀਆ ‘ਸੱਚ ਦੀ ਲੜਾਈ’ ਲੜ ਰਹੇ ਹਨ: ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੂਰਾ ਦੇਸ਼ ‘ਆਪ’ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਖੜ੍ਹਾ ਹੈ। ਮਾਨ ਨੇ ਕਿਹਾ ਕਿ ਸਿਸੋਦੀਆ ‘ਸੱਚਾਈ ਦੀ ਲੜਾਈ’ ਲੜ ਰਹੇ ਹਨ। ਸਿਸੋਦੀਆ ਵੱਲੋਂ ਪੁੱਛ-ਪੜਤਾਲ ਲਈ ਸੀਬੀਆਈ ਅੱਗੇ ਪੇਸ਼ ਹੋਣ ਮਗਰੋਂ ਕੀਤੇ ਟਵੀਟ ਵਿੱਚ ਮਾਨ ਨੇ ਕਿਹਾ, ‘‘ਮਨੀਸ਼ ਜੀ, ਤੁਸੀਂ ਸੱਚਾਈ ਦੀ ਲੜਾਈ ਲੜ ਰਹੇ ਹੋ…ਪੂਰਾ ਦੇਸ਼ ਤੁਹਾਡੇ ਨਾਲ ਹੈ…ਲੱਖਾਂ ਬੱਚਿਆਂ ਦਾ ਪਿਆਰ ਤੁਹਾਡੇ ਨਾਲ ਹੈ।’’ ਮਾਨ ਨੇ ਕਿਹਾ ਕਿ ‘ਅਸੀਂ ਸਾਰੇ ਉਸ ਵਿਅਕਤੀ ਨਾਲ ਹਾਂ, ਜਿਸ ਨੇ ਸਿੱਖਿਆ ਦੇ ਖੇਤਰ ਵਿੱਚ ਇਨਕਲਾਬ ਲਿਆਂਦਾ ਹੈ।’