ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਪੱਤਰਕਾਰਾਂ ਨੇ ਉਲੀਕੀ ਰਣਨੀਤੀ

ਗੁਰਦਾਸਪੁਰ, 21 ਫਰਵਰੀ (ਦੀ ਪੰਜਾਬ ਵਾਇਰ)। ਪ੍ਰੈੱਸ ਕਲੱਬ (ਰਜ਼ਿ) ਗੁਰਦਾਸਪੁਰ ਦੇ ਅਹੁਦੇਦਾਰ ਅਤੇ ਮੈਂਬਰਾਂ ਦੀ ਹੰਗਾਮੀ ਮੀਟਿੰਗ ਪ੍ਰਧਾਨ ਕੇਪੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਜ਼ਿਲ੍ਹਾ ਭਰ ਤੋਂ ਵੱਖ ਵੱਖ ਅਖ਼ਬਾਰਾਂ ਅਤੇ ਚੈਨਲਾਂ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਦੀ ਲਗਾਤਾਰ ਵਿਗੜਦੀ ਸਥਿਤੀ ਅਤੇ ਅਸਮਾਜਿਕ ਅਨਸਰਾਂ ਨੂੰ ਨੱਥ ਪਾਉਣ ਵਿੱਚ ਪੁਲਿਸ ਦੀ ਨਾਕਾਮੀ ਉੱਪਰ ਵਿਸਥਾਰ ਸਹਿਤ ਚਰਚਾ ਕੀਤੀ ਗਈ। ਪ੍ਰੈੱਸ ਕਲੱਬ ਦੇ ਸਕੱਤਰ ਨਿਖਿਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨੂੰਨ ਵਿਵਸਥਾ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਖ਼ੁਦ ਪ੍ਰਧਾਨ ਕੇਪੀ ਸਿੰਘ ਦੇ ਘਰੋਂ ਚੋਰ 2 ਲੱਖ ਤੋਂ ਵੱਧ ਨਕਦੀ ਚੋਰੀ ਕਰਕੇ ਲੈ ਗਏ । ਇਕ ਹੋਰ ਪੱਤਰਕਾਰ ਅਸ਼ੋਕ ਕੁਮਾਰ ਦਾ ਮੋਟਰ ਸਾਈਕਲ ਚੋਰੀ ਹੋਰ ਗਿਆ ਅਤੇ ਕਲੱਬ ਦੇ ਹੀ ਇਕ ਹੋਰ ਸੀਨੀਅਰ ਮੈਂਬਰ ਦੇ ਬੇਟੇ ‘ਤੇ ਕੋਈ 8-10 ਲੋਕਾਂ ਨੇ ਹਮਲਾ ਕੀਤਾ।

ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਕਈ ਦਿਨ ਬੀਤ ਚੁੱਕੇ ਨੇ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਸਿਟੀ ਪੁਲਿਸ ਖ਼ਾਲੀ ਭਰੋਸੇ ਦੇਣ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਸਕੀ। ਇਸ ਨਾਲ ਗ਼ੈਰ ਸਮਾਜਿਕ ਅਨਸਰਾਂ ਦੇ ਹੌਸਲੇ ਹੋਰ ਵੱਧ ਰਹੇ ਨੇ। ਮੀਟਿੰਗ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੀ ਸਰਵਸੰਮਤੀ ਨਾਲ ਨਿੰਦਾ ਕੀਤੀ ਗਈ । ਇਸ ਮੌਕੇ ਸਮੂਹ ਪੱਤਰਕਾਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਨੀਂਦ ਖੋਲ੍ਹਣ ਲਈ ਅਗਲੀ ਰਣਨੀਤੀ ਵੀ ਉਲੀਕੀ । ਇਸੇ ਦੌਰਾਨ ਪ੍ਰੈੱਸ ਕਲੱਬ ਪਠਾਨਕੋਟ ਅਤੇ ਪ੍ਰੈੱਸ ਐਸੋਸੀਏਸ਼ਨ ਬਟਾਲਾ ਨੇ ਵੀ ਗੁਰਦਾਸਪੁਰ ਦੇ ਪੱਤਰਕਾਰਾਂ ਵੱਲੋਂ ਸ਼ੁਰੂ ਕਿਤੇ ਜਾਣ ਵਾਲੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਸਹਿਮਤੀ ਪ੍ਰਗਟਾਈ ।

Exit mobile version