ਕਿਹਾ ਕਿ ਮੁੱਖ ਮੰਤਰੀ ਇਸ ਦੋਸ਼ ਦਾ ਜਵਾਬ ਦੇਣ ਕਿ ਉਹ ਸੰਵਿਧਾਨ ਮੁਤਾਬਕ ਕੰਮ ਕਿਉਂ ਨਹੀਂ ਕਰ ਰਹੇ
ਚੰਡੀਗੜ੍ਹ, 13 ਫਰਵਰੀ 2021 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੂਰੋਹਿਤ ਦਰਮਿਆਨ ਪਏ ਵਿਵਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਪੈ ਗਈ ਹੈ ਅਤੇ ਇਸ ਜੰਗ ਵਿੱਚ ਆਪਣੇ ਪੁਰਾਣੇ ਮਿੱਤਰ ਅਤੇ ਭਾਜਪਾ ਦੇ ਰਾਜਪਾਲ ਦਾ ਪੱਖ ਪੂਰਦੀ ਨਜਰ ਆਉਂਦੀ ਹੋਈ ਰਾਜਪਾਲ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੋਈ ਮੰਗ ਕਰਦੀ ਦਿਸੀ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਏ ਫੈਸਲਿਆਂ ਦੀ ਉਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਜ਼ੋਰ ਦੇ ਕੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਵਿਚ ਸੰਵਿਧਾਨਕ ਵਿਵਸਥਾ ਢਹਿ ਢੇਰੀ ਹੋ ਗਈ ਹੈ ਜਿਸ ਕਾਰਨ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਅੱਜ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਅਤੇ ਰਾਜਪਾਲ ਦੇ ਮੌਡੇ ਤੇ ਬੰਦੂਕ ਰੱਖਦੇ ਹੋਏ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਜਪਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਸੰਵਿਧਾਨ ਮੁਤਾਬਕ ਕੰਮ ਕਰਨ ਦੀ ਥਾਂ ਆਪਣੇ ਮਨ ਦੀ ਮੌਜ ਮੁਤਾਬਕ ਕੰਮ ਕਰ ਰਹੇ ਹਨ।
ਡਾ. ਦਲਜੀਤ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੂੰ ਸੰਵਿਧਾਨ ਦੇ ਦਾਇਰੇ ਵਿਚਰਹਿ ਕੇ ਰਾਜਪਾਲ ਵੱਲੋਂ ਮੰਗੀ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰਾਜਪਾਲ ਨੇ ਪੰਜਾਬੀਆਂ ਦੀ ਭਲਾਈ ਨਾਲ ਸਬੰਧਤ ਕਈ ਸੰਵੇਦਨਸ਼ੀਲ ਮਾਮਲਿਆਂ ਨੂੰ ਛੂਹਿਆ ਹੈ ਅਤੇ ਮੁੱਖ ਮੰਤਰੀ ਨੂੰ ਢੁਕਵਾਂ ਜਵਾਬ ਦੇਣ ਤੋਂ ਨਹੀਂ ਭੱਜਣਾ ਚਾਹੀਦਾ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਗਲਤ ਕੰਮਾਂ ਨੂੰ ਖਤਮ ਕਰਨ ਵਾਸਤੇ ਅਜਿਹਾ ਕਰਨਾ ਵੀ ਲਾਜ਼ਮੀ ਹੈ ਤਾਂ ਜੋ ਇਹਨਾਂ ਕੁਰਹਿਤਾਂ ਲਈ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਣ।
ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਵੀ ਹਮੇਸ਼ਾ ਸੰਘੀ ਢਾਂਚੇ ਦਾ ਮੁੱਦਈ ਰਿਹਾ ਹੈ ਪਰ ਉਹ ਆਪ ਸਰਕਾਰ ਦੇ ਰਾਜ ਵਿਚ ਭ੍ਰਿਸ਼ਟਾਚਾਰ ਤੇ ਕੁਪ੍ਰਸ਼ਾਸਨ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਸਰਕਾਰ ਇਹ ਦੱਸਣ ਵਿਚ ਨਾਕਾਮ ਰਹੀ ਹੈ ਕਿ ਉਸਨੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਵੇਲੇ ਸੈਂਕੜੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਕਿਉਂ ਕੀਤੇ ? ਉਹਨਾਂ ਕਿਹਾ ਕਿ ਸਰਕਾਰ ਇਹ ਵੀ ਦੱਸਣ ਵਿਚ ਨਾਕਾਮ ਰਹੀ ਹੈ ਕਿ ਇਕ ਪ੍ਰਾਈਵੇਟ ਵਿਅਕਤੀ ਕੈਬਨਿਟ ਮੀਟਿੰਗਾਂ ਵਿਚ ਕਿਵੇਂ ਬੈਠ ਸਕਦਾ ਹੈ ਤੇ ਇਸ ਨਾਲ ਸੂਬੇ ਦੇ ਗੁਪਤ ਭੇਦਾਂ ਨਾਲ ਸਮਝੌਤਾਂ ਕਿਵੇਂ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਐਸ ਸੀ ਸਕਾਲਰਸ਼ਿਪ ਦਾ ਪੈਸਾ ਜਾਰੀ ਨਾ ਹੋਣਾ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ ਤੇ ਸਾਡੀ ਭਵਿੱਖੀ ਪੀੜੀ ਨਾਲ ਇਹ ਕੋਝਾ ਮਜ਼ਾਕ ਹੈ। ਉਹਨਾਂ ਕਿਹਾ ਕਿ ਅਸੀਂ ਇਸ ਅਨਿਆਂ ਦੇ ਖਿਲਾਫ ਚੁੱਪ ਰਹਿ ਕੇ ਤੇ ਮੂਕ ਦਰਸ਼ਨ ਬਣ ਕੇ ਨਹੀਂ ਰਹਿ ਸਕਦੇ।