ਭਾਜਪਾ ਕੋਲੋਂ ਪੱਟੜੀ ਤੋਂ ਨਹੀਂ ਉਤਾਰੀ ਜਾਣੀ ਰਾਹੁਲ ਦੀ ਯਾਤਰਾ
ਚੰਡੀਗੜ੍ਹ, 21 ਜਨਵਰੀ (ਦੀ ਪੰਜਾਬ ਵਾਇਰ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਨੇਤਾ ਸੁਨੀਲ ਜਾਖੜ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਰਾਹੁਲ ਗਾਂਧੀ ਦੀ ਚੱਲ ਰਹੀ ਭਾਰਤ ਜੋੜੋ ਯਾਤਰਾ ਨੂੰ ਵਿਗਾੜਨ ਜਾਂ ਪਟੜੀ ਤੋਂ ਉਤਾਰਨ ਦੀ ਉਨ੍ਹਾਂ ਦੀ ਕੋਈ ਵੀ ਕੋਸ਼ਿਸ਼ ਸਫਲ ਨਹੀਂ ਹੋਵੇਗੀ।
ਬਾਜਵਾ ਨੇ ਕਿਹਾ ਕਿ ਜਦੋਂ ਜਾਖੜ ਕਾਂਗਰਸ ਪਾਰਟੀ ‘ਚ ਸਨ ਤਾਂ ਪਾਰਟੀ ਦੇ ਹਲਕਿਆਂ ‘ਚ ਇਹ ਜਾਣਿਆ-ਪਛਾਣਿਆ ਤੱਥ ਸੀ ਕਿ ਉਹ ਭਾਜਪਾ ਪਾਰਟੀ ਦੇ ਕਠਪੁਤਲੀ ਹਨ। ਬਾਜਵਾ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਨੇੜਤਾ ਵੀ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਅਤੇ ਕਿਸ ਤਰ੍ਹਾਂ ਇਹ ਦੋਵੇਂ ਗੁਪਤ ਰੂਪ ਨਾਲ ਕਾਂਗਰਸ ਪਾਰਟੀ ਨੂੰ ਅਸਥਿਰ ਕਰਨ ਲਈ ਭਗਵਾ ਪਾਰਟੀ ਨਾਲ ਜੁੜੇ ਹੋਏ ਸਨ!”
ਬਾਜਵਾ ਨੇ ਕਿਹਾ ਜਾਖੜ ਵਰਗੇ ਪਹਿਲੇ ਦੋਗਲੇ ਅਤੇ ਪਾਖੰਡੀ ਸਿਆਸਤਦਾਨਾਂ ਅਤੇ ਭਾਜਪਾ ਵਿਚ ਉਨ੍ਹਾਂ ਵਰਗੇ ਲੋਕਾਂ ਨੇ ਰਾਹੁਲ ਗਾਂਧੀ ਦੀ ਪੱਗ ਦੇ ਰੰਗ ‘ਤੇ ਉਂਗਲ ਉਠਾਉਣ ਵਰਗੇ ਮਾਮੂਲੀ ਮੁੱਦੇ ਉਠਾ ਕੇ ਭਾਰਤ ਜੋੜੋ ਯਾਤਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਉਹੀ ਲੋਕ ਯਾਤਰਾ ਦੀ ਸਫਲਤਾ ਤੋਂ ਦੁਖੀ ਹੋ ਕੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਨਹੀਂ ਕਰਨਾ ਚਾਹੁੰਦੇ ਸਨ।
ਬਾਜਵਾ ਨੇ ਕਿਹਾ ਕਿ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰਿਕਾਰਡ 6ਵੀਂ ਵਾਰ ਸ਼ਾਹ ਸਤਨਾਮ ਦਾ ਜਨਮ ਦਿਨ ਮਨਾਉਣ ਲਈ 40 ਦਿਨਾਂ ਦੀ ਪੈਰੋਲ ਦਿੱਤੇ ਜਾਣ ਤੋਂ ਬਾਅਦ ਜਾਖੜ ਅਤੇ ਕੈਪਟਨ ਅਮਰਿੰਦਰ ਜਾਂ ਭਾਜਪਾ ਨੇ ਇਕ ਵੀ ਸ਼ਬਦ ਨਹੀਂ ਬੋਲਿਆ ਹੈ।
ਬਾਜਵਾ ਨੇ ਕਿਹਾ ਜਾਖੜ ਅਤੇ ਕੈਪਟਨ ਅਮਰਿੰਦਰ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਸੁੱਤੀ ਪਈ ਹੈ ਜਦੋਂ ਹਰਿਆਣੇ ਦੀ ਭਾਜਪਾ ਸਰਕਾਰ ਵੱਲੋਂ ਇਸ ਖੇਤਰ ਵਿੱਚ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਹਰ ਸਮੇਂ ਇੱਕ ਬਲਾਤਕਾਰੀ ਅਤੇ ਇੱਕ ਕਾਤਲ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾ ਰਿਹਾ ਹੈ।
ਬਾਜਵਾ ਨੇ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਹਿਲਾ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਕੇਸ ਦਰਜ ਕਰਵਾਉਣ ਲਈ ਲਗਾਤਾਰ ਤਿੰਨ ਦਿਨਾਂ ਤੋਂ ਜੰਤਰ-ਮੰਤਰ ‘ਤੇ ਅੰਦੋਲਨ ਕਰ ਰਹੇ ਸਨ ਤਾਂ ਜਾਖੜ ਅਤੇ ਕੈਪਟਨ ਅਮਰਿੰਦਰ ਦੋਵੇਂ ਵੀ ਮੂਕ ਦਰਸ਼ਕ ਬਣੇ ਰਹੇ। ਉਸ ਖ਼ਿਲਾਫ਼ ਕਿਉਂ ਨਹੀਂ ਬੋਲ ਰਹੇ ਜੋ ਬੰਦਾ ਖੇਡਾਂ ਦੀਆਂ ਔਰਤਾਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ। ਬਾਜਵਾ ਨੇ ਕਿਹਾ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਛੇ ਵਾਰ ਮੈਂਬਰ ਪਾਰਲੀਮੈਂਟ (ਐਮਪੀ) ਰਹੇ ਹਨ ਅਤੇ ਮਹਿਲਾ ਪਹਿਲਵਾਨਾਂ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਦੇ ਰਹੇ ਹਨ। ਹੁਣ ਵੀ ਕੇਂਦਰ ਦੀ ਭਾਜਪਾ ਸਰਕਾਰ ਨੇ ਭਾਜਪਾ ਸਾਂਸਦ ਖ਼ਿਲਾਫ਼ ਤੁਰੰਤ ਕੇਸ ਦਰਜ ਕਰਨ ਦੀ ਬਜਾਏ ਪੂਰੇ ਮਾਮਲੇ ਨੂੰ ਕਾਰਪੇਟ ਹੇਠ ਧੱਕਣ ਦੀ ਕੋਸ਼ਿਸ਼ ਕੀਤੀ ਹੈ।