ਗੁਰਦਾਸਪੁਰ, 1 ਨਵੰਬਰ 2022 (ਮੰਨਣ ਸੈਣੀ)। ਆਮ ਆਦਮੀ ਪਾਰਟੀ ਵੱਲੋਂ ਤਿੰਨ ਵਿਧਾਇਕਾ ਨੂੰ ਸਰਕਾਰੀ ਮੰਤਰੀ ਵਾਲੀ ਕੋਠੀਆਂ ਅਲਾਟ ਕਰਨ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਦਲ ਦੇ ਆਗੂ ਅਤੇ ਕਾਂਗਰਸ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ ਹਨ। ਉਹਨਾਂ ਵੱਲੋਂ ਇਹ ਸਵਾਲ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਹਨ। ਜਿਸ ਵਿੱਚ ਬਾਜਵਾ ਨੇ ਪੁੱਝਿਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ “ਅਪ੍ਰੈਸ਼ਨ ਲੋਟਸ” ਦਾ ਜੋ ਰੌਲਾ ਪਾਇਆ ਗਿਆ ਸੀ, ਕੀ ਇਹ ਸਹੂਲਤਾਂ ਪ੍ਰਦਾਨ ਕਰਨਾ ਪਾਰਟੀ ਅੰਦਰ ਉਠ ਰਹੀਆਂ ਬਾਗੀ ਸੁਰਾਂ ਨੂੰ ਸ਼ਾਂਤ ਕਰਨ ਵੱਲ ਇਸ਼ਾਰਾ ਤਾਂ ਨਹੀਂ ?
ਪ੍ਰਤਾਪ ਸਿੰਘ ਬਾਜਵਾ ਸੋੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਲਿਖਿੱਆ ਕਿ ਸਤਿਕਾਰਯੋਗ ਪੰਜਾਬ ਵਾਸੀਓ,
ਇਹ ਝਾੜੂ ਪਾਰਟੀ ਵਾਲੇ ਚੀਕ ਚੀਕ ਕੇ ਆਖ ਰਹੇ ਹਨ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 7 ਮਹੀਨਿਆਂ ਵਿੱਚ ਹੀ ਉਹ ਸਾਰੇ ਕੰਮ ਕਰ ਦਿੱਤੇ ਹਨ, ਜਿਹੜੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ 70 ਸਾਲਾਂ ‘ਚ ਨਹੀਂ ਹੋ ਸਕੇ, ਮਤਲਬ 7 ਮਹੀਨੇ ਬਨਾਮ 70 ਸਾਲ ।
ਪੰਜਾਬ ਦੇ ਹਾਲਾਤਾਂ ਤੋਂ ਤਾਂ ਹਰ ਵਿਅਕਤੀ ਜਾਣੂ ਹੀ ਹੈ ਕਿ ਬਦਲਾਅ ਦੀ ਸਰਕਾਰ ਨੇ ਲੋਕਾਂ ਦੇ ਜੀਵਨ ਪੱਧਰ ਵਿੱਚ ਕੀ ਕੁਝ ਬਦਲਾਅ ਕੀਤਾ ਹੈ ਪਰ ਝਾੜੂ ਵਾਲਿਆਂ ਦਾ ਆਪਣਾ ਬਦਲਾਅ ਹੁਣ ਸਿਖਰਾਂ ‘ਨੂੰ ਛੂਹ ਰਿਹਾ ਹੈ ।
ਅੱਜ ਤੱਕ 70 ਸਾਲਾਂ ਦੇ ਵਿੱਚ ਕਿਸੇ ਪਾਰਟੀ ਦੇ MLA ਜਾਂ ਪਾਰਟੀ ਦੇ ਚੀਫ਼ ਵਿੱਪ ਨੂੰ ਕਦੇ ਕੋਈ ਸਰਕਾਰੀ ਮੰਤਰੀਆਂ ਵਾਲੀ ਕੋਠੀ ਅਲਾਟ ਨਹੀਂ ਕੀਤੀ ਗਈ ? ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਵੱਲੋਂ ਬਣਾਏ ਗਏ ਸੰਵਿਧਾਨ ਦੀਆਂ ਆਪਣੇ ਤੁਗਲਕੀ ਫੁਰਮਾਨਾਂ ਰਾਹੀਂ ਧੱਜੀਆਂ ਉਡਾਉਂਦੇ ਹੋਏ, ਸ੍ਰੀਮਤੀ ਬਲਜਿੰਦਰ ਕੌਰ, ਐਮ.ਐਲ.ਏ. ਤਲਵੰਡੀ ਸਾਬੋ ਨੂੰ ਸਰਕਾਰੀ ਮੰਤਰੀਆਂ ਵਾਲੀ ਕੋਠੀ ਨੰਬਰ 951, ਸੈਕਟਰ- 39 , ਚੰਡੀਗੜ੍ਹ ਵਿਖੇ ਅਲਾਟ ਕੀਤੀ ਗਈ ਹੈ । ਇਸੇ ਤਰ੍ਹਾਂ ਸ੍ਰੀ ਕੁਲਵੰਤ ਸਿੰਘ, ਐਮ.ਐਲ.ਏ. ਐਸ.ਏ.ਐਸ.ਨਗਰ ਨੂੰ ਕੋਠੀ ਨੰਬਰ 964 ਅਤੇ ਸ੍ਰੀ ਕੁਲਜੀਤ ਸਿੰਘ ਰੰਧਾਵਾ, ਐਮ.ਐਲ.ਏ. ਡੇਰਾ ਬੱਸੀ ਨੂੰ ਕੋਠੀ ਨੰਬਰ 965 ਅਲਾਟ ਕੀਤੀ ਗਈ ਹੈ ।
ਕੀ ਅਸਲੀਅਤ ਵਿੱਚ ਇਹ ਹੈ “ਪੰਜਾਬ ਦਾ ਬਦਲਾਅ” ।।
ਕੀ ਹੁਣ ਐਮ.ਐਲ.ਏਜ਼ ਵੀ ਮੰਤਰੀਆਂ ਵਾਲੀਆਂ ਸਹੂਲਤਾਂ ਦਾ ਆਨੰਦ ਮਾਨਣਗੇ ?
ਜਿਹੜਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ “ਅਪ੍ਰੈਸ਼ਨ ਲੋਟਸ” ਦਾ ਰੌਲਾ ਪਾਇਆ ਗਿਆ ਸੀ, ਕੀ ਇਹ ਸਹੂਲਤਾਂ ਪ੍ਰਦਾਨ ਕਰਨਾ ਪਾਰਟੀ ਅੰਦਰ ਉਠ ਰਹੀਆਂ ਬਾਗੀ ਸੁਰਾਂ ਨੂੰ ਸ਼ਾਂਤ ਕਰਨ ਵੱਲ ਇਸ਼ਾਰਾ ਤਾਂ ਨਹੀਂ ?
ਕੀ ਮੁੱਖ ਮੰਤਰੀ ਸਮੇਤ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਮੰਤਰੀ ਜਾਂ ਐਮ.ਐਲ.ਏਜ਼ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦੀ ਖੇਚਲ ਕਰੇਗਾ ਕਿ ਇਹ ਸਰਕਾਰੀ ਮੰਤਰੀਆਂ ਵਾਲੀਆਂ ਕੋਠੀਆਂ ਇਨ੍ਹਾਂ 3 ਐਮ.ਐਲ.ਏਜ਼ ਨੂੰ ਕਿਉਂ ਅਤੇ ਕਿਵੇਂ ਅਲਾਟ ਕੀਤੀਆਂ ਗਈਆਂ ?
ਇਸੇ ਤਰ੍ਹਾਂ ਪਿਛਲੀਆਂ ਸਾਰੀਆਂ ਰਿਵਾਇਤਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ, ਸ੍ਰੀ ਸੁਖਵੀਰ ਸਿੰਘ, ਪੋਲਿਟੀਕਲ ਸਕੱਤਰ ਟੂ ਮੁੱਖ ਮੰਤਰੀ ਪੰਜਾਬ ਨੂੰ ਵੀ ਕੈਬਨਿਟ ਮੰਤਰੀ ਵਾਲੇ ਪੂਲ ਦੀ ਸਰਕਾਰੀ ਕੋਠੀ ਨੰਬਰ 11, ਸੈਕਟਰ—7, ਚੰਡੀਗੜ੍ਹ ਵਿਖੇ ਅਲਾਟ ਕੀਤੀ ਗਈ ਹੈ ।