ਚੰਡੀਗੜ੍ਹ, 1 ਅਕਤੂਬਰ (ਦਾ ਪੰਜਾਬ ਵਾਇਰ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਅਤੇ ਦੇਸ਼ ਵਿਰੋਧੀ ਤਾਕਤਾਂ ਦੀਆਂ ਗਤੀਵਿਧੀਆਂ ਵਿਰੁੱਧ ਜਾਗਣ ਦੀ ਚੇਤਾਵਨੀ ਦਿੱਤੀ।
ਪੰਜਾਬ ਲੋਕ ਕਾਂਗਰਸ ਦੇ ਸਾਬਕਾ ਅਹੁਦੇਦਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਨੂੰਨ ਵਿਵਸਥਾ ਰਾਜ ਦਾ ਵਿਸ਼ਾ ਹੈ ਅਤੇ ਅਜਿਹੀਆਂ ਤਾਕਤਾਂ ਅਤੇ ਉਹਨਾਂ ਦੀਆਂ ਗਤੀਵਿਧੀਆਂ ਦਾ ਸਾਹਮਣਾ ਕਰਨਾ ਸੂਬਾ ਸਰਕਾਰ ਦਾ ਫਰਜ਼ ਅਤੇ ਜ਼ਿੰਮੇਵਾਰੀ ਹੈ।
ਇਹ ਪੁੱਛੇ ਜਾਣ ‘ਤੇ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ ਪਿੱਛੇ ਕਿਸ ਦਾ ਹੱਥ ਹੈ, ਉਨ੍ਹਾਂ ਨੇ ਕਿਹਾ, ਇਹ ਪਾਕਿਸਤਾਨ ਹੈ, ਜਿਸ ਨੇ ਕਦੇ ਵੀ ਸ਼ਰਾਰਤ ਕਰਨ ਅਤੇ ਪੰਜਾਬ ਵਿਚ ਗੜਬੜ ਕਰਨ ਦਾ ਮੌਕਾ ਲੱਭਣਾ ਬੰਦ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਹ ਗੱਲ ਮੰਨਦੇ ਆ ਰਹੇ ਹਨ ਕਿ ਪਾਕਿਸਤਾਨ ਪੰਜਾਬ ਵਿੱਚ ਹਥਿਆਰ ਅਤੇ ਨਸ਼ੇ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਡਰੋਨਾਂ ਦੀ ਰੇਂਜ 7 ਕਿਲੋਮੀਟਰ ਸੀ ਅਤੇ ਹੁਣ ਇਹ 42 ਕਿਲੋਮੀਟਰ ਤੱਕ ਵੀ ਜਾ ਸਕਦੇ ਹਨ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਸਖ਼ਤ ਅਤੇ ਠੋਸ ਕਾਰਵਾਈ ਨਾ ਕੀਤੀ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ ਜਿਸ ਨੂੰ ਪੰਜਾਬ ਕਾਲੇ ਦਹਾਕੇ ਤੋਂ ਬਾਅਦ ਬਰਦਾਸ਼ਤ ਨਹੀਂ ਕਰ ਸਕਦਾ।
ਸੂਬੇ ਦੀ ਖ਼ਰਾਬ ਵਿੱਤੀ ਸਥਿਤੀ ਅਤੇ ਜਮ੍ਹਾ ਹੋਏ ਵੱਡੇ ਕਰਜ਼ੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕੀ ਕੇਂਦਰ ਸੂਬੇ ਨੂੰ ਰਾਹਤ ਦੇ ਸਕਦਾ ਹੈ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ। “ਕੇਂਦਰ ਕੋਲ ਕਰਜ਼ਾ ਮੁਆਫ਼ ਕਰਨ ਲਈ ਇੰਨਾ ਪੈਸਾ ਨਹੀਂ ਹੈ ਕਿਉਂਕਿ ਸਭ ਕੁਝ ਯੋਜਨਾਬੱਧ ਅਤੇ ਬਜਟ ਵਿੱਚ ਹੈ”, ਉਨ੍ਹਾਂ ਨੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਰਾਜ ਨੂੰ ਆਪਣੇ ਸਰੋਤ ਪੈਦਾ ਕਰਨ ਅਤੇ ਜੁਟਾਉਣ ਦੀ ਜ਼ਰੂਰਤ ਹੋਏਗੀ।
ਹਾਲਾਂਕਿ, ਉਨ੍ਹਾਂ ਨੇ ਅਜਿਹੀ ਕਿਸੇ ਵੀ ਸੰਭਾਵਨਾ ‘ਤੇ ਗੰਭੀਰ ਸੰਦੇਹ ਜ਼ਾਹਰ ਕੀਤਾ, ਕਿਉਂਕਿ ਸਰਕਾਰ ਰਾਘਵ ਚੱਢਾ ਅਤੇ ਅਰਵਿੰਦ ਕੇਜਰੀਵਾਲ ਦੁਆਰਾ ਰਿਮੋਟ ਕੰਟਰੋਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ, ਇਹ ਬੇਮਿਸਾਲ ਅਤੇ ਗੈਰ-ਸੰਵਿਧਾਨਕ ਹੈ ਕਿ ਚੱਢਾ ਵਰਗਾ ਕੋਈ ਵਿਅਕਤੀ ਸੀਨੀਅਰ ਅਧਿਕਾਰੀਆਂ ਦੀਆਂ ਮੀਟਿੰਗਾਂ ਬੁਲਾਏਗਾ ਅਤੇ ਫਿਰ ਭਗਵੰਤ ਮਾਨ ਦੀ ਬਜਾਏ ਕੇਜਰੀਵਾਲ ਨੂੰ ਮਾਮਲਾ ਭੇਜੇਗਾ।
ਪੀਐਲਸੀ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਦੇ ਹੋਏ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਔਖੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਲਈ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਭਾਜਪਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਐਲਾਨ ਕੀਤਾ ਕਿ ਹੇਠਲੇ ਪੱਧਰ ਦੇ ਵਰਕਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਲਈ ਮਾਲਵਾ, ਦੋਆਬਾ ਅਤੇ ਮਾਝਾ ਖੇਤਰ ਵਿੱਚ ਵੱਖਰੇ ਤੌਰ ’ਤੇ ਅਜਿਹੇ ਸਮਾਗਮ ਕਰਵਾਏ ਜਾਣਗੇ।
ਇਸ ਤੋਂ ਪਹਿਲਾਂ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੀਐੱਲਸੀ ਆਗੂਆਂ ਅਤੇ ਅਹੁਦੇਦਾਰਾਂ ਦਾ ਭਾਜਪਾ ‘ਚ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ‘ਚ ਪਾਰਟੀ ਦਾ ਆਧਾਰ ਵਧਿਆ ਹੈ ਅਤੇ ਹੋਰ ਵੀ ਵਿਸ਼ਾਲ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਭਾਜਪਾ ਨਾ ਸਿਰਫ਼ ਪੰਜਾਬ ਵਿੱਚ ਮਜ਼ਬੂਤੀ ਮਹਿਸੂਸ ਕਰ ਰਹੀ ਹੈ, ਸਗੋਂ ਕੌਮੀ ਪੱਧਰ ’ਤੇ ਵੀ ਉਹ ਦੇਸ਼ ਭਰ ਵਿੱਚ ਹਰਮਨ ਪਿਆਰਾ ਹੈ।
ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਅਤੇ ਪਾਰਟੀ ਦੇ ਸੀਨੀਅਰ ਆਗੂ ਸ਼੍ਰੀਮਤੀ ਜੈ ਇੰਦਰ ਕੌਰ, ਕਮਲਦੀਪ ਸੈਣੀ ਵੀ ਮੌਜੂਦ ਸਨ।
ਅੱਜ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਟਿਆਲਾ ਦੇ ਮੇਅਰ ਸਜੀਵ ਬਿੱਟੂ ਸ਼ਰਮਾ, ਬਿਕਰਮ ਇੰਦਰ ਸਿੰਘ ਚਾਹਲ, ਕੇਕੇ ਸ਼ਰਮਾ, ਜਗਮੋਹਨ ਸ਼ਰਮਾ, ਅੰਕਿਤ ਬਾਂਸਲ, ਦਮਨਜੀਤ ਸਿੰਘ ਮੋਹੀ, ਸਚਿਨ ਸ਼ਰਮਾ, ਵਿਸ਼ਵਾਸ ਸ਼ਰਮਾ, ਕੇਕੇ ਮਲਹੋਤਰਾ, ਹਰਮੇਸ਼ ਡਕਾਲਾ, ਸੁਰਿੰਦਰ ਘੁੰਮਣ, ਅਨੁਜ ਖੋਸਲਾ ਆਦਿ ਸ਼ਾਮਲ ਸਨ।