Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਦੇ ਭੱਖਦੇ ਮਸਲਿਆਂ ’ਤੇ ਚਰਚਾ ਦੀ ਥਾਂ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਨ ਵਾਸਤੇ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ : ਬਿਕਰਮ ਸਿੰਘ ਮਜੀਠੀਆ

ਪੰਜਾਬ ਦੇ ਭੱਖਦੇ ਮਸਲਿਆਂ ’ਤੇ ਚਰਚਾ ਦੀ ਥਾਂ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਨ ਵਾਸਤੇ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ : ਬਿਕਰਮ ਸਿੰਘ ਮਜੀਠੀਆ
  • PublishedSeptember 27, 2022

ਅੰਮ੍ਰਿਤਸਰ, 27 ਸਤੰਬਰ (ਦਾ ਪੰਜਾਬ ਵਾਇਰ) । ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਸੈਸ਼ਨ ਸਿਰਫ ਤੇ ਸਿਰਫ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਬਦਲ ਵਜੋਂ ਪੇਸ਼ ਕਰਨ ਵਾਸਤੇ ਸੱਦਿਆ ਹੈ ਨਾ ਕਿ ਖੇਤੀਬਾੜੀ ਸੰਕਟ ਸਮੇਤ ਪੰਜਾਬ ਨੂੰ ਦਰਪੇਸ਼ ਭੱਖਦੇ ਮਸਲਿਆਂ  ’ਤੇ ਚਰਚਾ ਕਰਨ ਵਾਸਤੇ ਸੱਦਿਆ ਹੈ।

ਸਾਬਕਾ ਮੰਤਰੀ ਇਥੇ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਸੰਜੇ ਸਿੰਘ ਦੇ ਖਿਲਾਫ ਦਾਇਰ ਫੌਜਦਾਰੀ ਮਾਣਹਾਲੀ ਕੇਸ ਦੀ ਸੁਣਵਾਈ ਦੇ ਸੰਬੰਧ ਵਿਚ ਆਏ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀ ਕਦੇ ਵੀ ਪਵਿੱਤਰ ਵਿਧਾਨ ਸਭਾ ਨੂੰ ਆਪ ਦੀ ਅੰਦਰੂਨੀ ਰਾਜਨੀਤੀ ਵਾਸਤੇ ਵਰਤਣ ਦੀ ਆਗਿਆ ਨਹੀਂ ਦੇਣਗੇ। ਉਹਨਾਂ ਕਿਹਾ ਕਿ ਪੰਜਾਬੀ ਤਾਂ ਪਹਿਲਾਂ ਹੀ ਇਸ ਗੱਲ ਤੋਂ ਔਖੇ ਹਨ ਕਿ ਪੰਜਾਬ ਨੂੰ ਦਿੱਲੀ ਤੋਂ ਰਿਮੋਰਟ ਕੰਟਰੋਲ ਰਾਹੀਂ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਵਿਚ ਇਸ ਗੱਲ ਦਾ ਵੀ ਗੁੱਸਾ ਹੈ ਕਿ ਸਰਕਾਰ ਕਿਸਾਨਾਂ ਨੁੰ ਉਹਨਾਂ ਦੇ ਫਸਲਾਂ ਦੇ ਨੁਕਸਾਨ, ਝੋਨੇ ਵਿਚ ਡਵਾਰਫ ਬਿਮਾਰੀ ਕਾਰਨ ਹੋਣ ਵਾਲੇ ਨੁਕਸਾਨ, ਲੰਪੀ ਚਮੜੀ ਰੋਗ ਕਾਰਨ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਸਮੇਤ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੁੰ 1500 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ। ਉਹਨਾਂ ਜ਼ੋਰ ਦੇ ਕੇ ਇਹ ਵੀ ਕਿਹਾ ਵਿਧਾਨ ਸਭਾ ਵਿਚ ਪੰਜਾਬ ਨਾਲ ਸਬੰਧਤ ਮਸਲੇ ਵਿਚਾਰੇ ਜਾਣੇ ਚਾਹੀਦੇ ਹਨ ਨਾ ਕਿ ਵਿਸ਼ਵਾਸ ਮਤਾ ਪੇਸ਼ ਹੋਣਾ ਚਾਹੀਦਾ ਹੈ ਜਿਸਦੀ ਕਿਸੇ ਨੇ ਮੰਗ ਹੀ ਨਹੀਂ ਕੀਤੀ। 

ਜਦੋਂ ਉਹਨਾਂ ਤੋਂ ਹਰਿਆਣਾ ਸਿੱਖ ਗੁਰਦੁਆਰਾ ਐਕਟ ਨੂੰ ਸੁਪਰੀਮ ਕੋਰਟ ਵੱਲੋਂ ਜਾਇਜ਼ ਠਹਿਰਾਉਣ ਬਾਰੇ ਸਵਾਲ ਕੀਤਾ ਗਿਆ ਤਾਂ ਸਰਦਾਰ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਵਿਚ ਕੇਸ ਇਸ ਕਰ ਕੇ ਹਾਰ ਗਈ ਕਿਉਂਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਰਾ ਤੇ ਮੌਜੂਦਾ ਆਪ ਸਰਕਾਰ ਨੇ ਅਦਾਲਤ ਵਿਚ ਸ਼੍ਰੋਮਣੀ ਕਮੇਟੀ ਦੇ ਖਿਲਾਫ ਸਟੈਂਡ ਲਿਆ।

ਸਰਦਾਰ ਮਜੀਠੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਨੁੰ ਤੋੜਨ ਦੀ ਸਾਜ਼ਿਸ਼ ਨੁੰ ਸਮਝਣ ਤੇ ਕਿਹਾ ਕਿ ਸਿੱਖਾਂ ਤੇ ਉਹਨਾਂ ਦੀਆਂ ਸੰਸਥਾਵਾਂ ਨੁੰ ਕਮਜ਼ੋਰ ਕਰਨ ਲਈ ਯਤਨ ਸਿਖ਼ਰਾਂ ’ਤੇ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬੀ ਇਹਨਾਂ ਸਾਜ਼ਿਸ਼ਾਂ ਦਾ ਵਿਰੋਧ ਨਹੀਂ ਕਰਨਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਤੋਂ ਇਸਦੇ ਪਾਣੀ ਵੀ ਖੋਹ ਲਏ ਜਾਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਇਸ ਵਾਸਤੇ ਜ਼ਮੀਨ ਤਿਆਰ ਕਰ ਦਿੱਤੀ ਹੈ ਤੇ ਉਹ ਇਸ ਮਾਮਲੇ ਵਿਚ ਹਰਿਆਣਾ ਸਰਕਾਰ ਦੇ ਨਾਲ ਹੈ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਵੀ ਮਨੋਹਰ ਲਾਲ ਖੱਟਰ ਸਰਕਾਰ ਦਾ ਸਟੈਂਡ ਦੁਹਰਾਇਆ ਹੈ ਤੇ ਕਿਹਾ ਹੈ ਕਿ ਉਹ ਆਪਣੀ ਪੰਜਾਬ ਇਕਾਈ ਨੁੰ ਇਸ ਤਜਵੀਜ਼ ਦਾ ਵਿਰੋਧ ਨਾ ਕਰਨ ਵਾਸਤੇ ਰਾਜ਼ੀ ਕਰ ਰਹੇ ਹਨ।

ਇਸ ਦੌਰਾਨ ਉਹਨਾਂ ਵੱਲੋਂ ਅਦਾਲਤ ਵਿਚ ਦਾਇਰ ਮਾਣਹਾਨੀ ਕੇਸ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੇਸ ਵਿਚ ਸ੍ਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਸੀ ਤੇ ਇਕ ਹੋਰ ਸੀਨੀਅਰ ਆਗੂ ਸ੍ਰੀ ਅਸ਼ੀਸ਼ ਖੇਤਾਨ ਨੇ ਵੀ ਅਦਾਲਤ ਵਿਚ ਲਿਖਤੀ ਮੁਆਫੀ ਮੰਗੀ ਸੀ। ਉਹਨਾਂ ਕਿਹਾ ਕਿ ਹੁਣ ਸਿਰਫ ਸ੍ਰੀ ਸੰਜੇ ਸਿੰਘ ਹੀ ਬਾਕੀ ਰਹਿ ਗਏ ਹਨ ਤੇ ਉਹ ਕੇਸ ਨੁੰ ਇਸਦੇ ਤਰਕਸੰਗਤ ਹੱਲ ਤੱਕ ਲੈ ਕੇ ਜਾਣਗੇ।

Written By
The Punjab Wire