ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਭਗਵੰਤ ਮਾਨ ਨੂੰ ਫਲਾਈਟ ਵਿਚੋਂ ਹੇਠਾਂ ਲਾਹੁਣ ਨਾਲ ਸਮੁੱਚੇ ਪੰਜਾਬੀ ਸ਼ਰਮਸਾਰ ਹੋਏ : ਸੁਖਬੀਰ ਸਿੰਘ ਬਾਦਲ

ਭਗਵੰਤ ਮਾਨ ਨੂੰ ਫਲਾਈਟ ਵਿਚੋਂ ਹੇਠਾਂ ਲਾਹੁਣ ਨਾਲ ਸਮੁੱਚੇ ਪੰਜਾਬੀ ਸ਼ਰਮਸਾਰ ਹੋਏ : ਸੁਖਬੀਰ ਸਿੰਘ ਬਾਦਲ
  • PublishedSeptember 20, 2022

ਚੰਡੀਗੜ੍ਹ, 20 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਫਰੈਂਕਫਰਟ ਵਿਚ ਹਵਾਈ ਜਹਾਜ਼ ਵਿਚੋਂ ਹੇਠਾਂ ਲਾਹੁਣ ਦੀ ਕਾਰਵਾਈ ਨੇ ਪੰਜਾਬ ਤੇ ਪੰਜਾਬੀਆਂ ਦੇ ਮਾਣ ਸਨਮਾਨ ਨੁੰ ਠੇਸ ਪਹੁੰਚਾਈ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ।

ਉਹਨਾਂ ਦੱਸਿਆ ਕਿ ਕਿਵੇਂ ਜਿਸ ਫਲਾਈਟ ਵਿਚ ਮੁੱਖ ਮੰਤਰੀ ਸਨ, ਉਸੇ ਫਲਾਈਟ ਦੇ ਦੋ ਮੁਸਾਫਰਾਂ ਨੇ ਉਹਨਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮੁਸਾਫਰਾਂ ਵਿਚੋਂ ਇਕ ਉਦਯੋਗਪਤੀ ਸੀ ਜਦੋਂ ਕਿ ਦੂਜਾ ਰਾਜਸਥਾਨ ਤੋਂ ਹੋਟਲਾਂ ਦਾ ਮਾਲਕ ਸੀ ਜੋ ਬਿਜ਼ਨਸ ਕਲਾਸ ਵਿਚ ਸਫਰ ਕਰ ਰਹੇ ਸਨ। ਉਹਨਾਂ ਦੱਸਿਆ ਕਿ ਦੋਵਾਂ ਮੁਸਾਫਰਾਂ ਨੇ ਦੱਸਿਆ ਕਿ ਸ੍ਰੀ ਭਗਵੰਤ ਮਾਨ ਹਵਾਈ ਜਹਾਜ਼ ਵਿਚ ਦਾਖਲ ਹੋਣ ਤੋਂ ਬਾਅਦ ਸਭ ਤੋਂ ਪਹਿਲੀ ਸੀਟ ‘ਤੇ ਡਿੱਗ ਪਏ। ਉਹਨਾ ਕਿਹਾ ਕਿ ਇਸ ਤੋਂ ਬਾਅਦ ਏਅਰ ਹੋਸਟਸ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਸੀਟ ਬਾਰੇ ਦੱਸਿਆ ਜੋ ਕੁਝ ਪਿੱਛੇ ਸੀ ਤੇ ਸ੍ਰੀ ਭਗਵੰਤ ਮਾਨ ਇਕ ਤੋਂ ਬਾਅਦ ਇਕ ਸੀਟ ਵਿਚ ਵੱਜਦਿਆਂ ਆਪਣੀ ਸੀਟ ਤੱਕ ਪਹੁੰਚੇ। ਉਹਨਾਂ ਕਿਹਾ ਕਿ ਇਸ ਮਗਰੋਂ ਏਅਰ ਹੋਸਟਸ ਨੇ ਕੈਪਟਨ ਨੂੰ ਹਾਲਾਤ ਬਾਰੇ ਦੱਸਿਆ ਤਾਂ ਕੈਪਟਨ ਨੇ ਮੌਕੇ ‘ਤੇ ਪਹੁੰਚ ਕੇ ਫੈਸਲਾ ਲਿਆ ਹੈ ਕਿ ਮੁੱਖ ਮੰਤਰੀ ਨੂੰ ਜਹਾਜ਼ ਵਿਚੋਂ ਹੇਠਾਂ ਉਤਾਰਿਆ ਜਾਵੇ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਲੁਫਥਾਨਸਾ ਦੇ ਦੱਸੇ ਮੁਤਾਬਕ ਜਹਾਜ਼ ਪਹਿਲਾਂ ਹੀ ਨਿਸ਼ਚਿਤ ਸਮੇਂ ਨਾਲੋਂ ਦੇਰੀ ਵਿਚ ਸੀੇ। ਉਹਨਾਂ ਕਿਹਾ ਕਿ ਲੁਫਥਾਨਸਾ ਨੇ ਕਦੇ ਨਹੀਂ ਕਿਹਾ ਕਿ ਸ੍ਰੀ ਭਗਵੰਤ ਮਾਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਨਹੀਂ ਸਨ ਤੇ ਉਹਨਾਂ ਨੂੰ ਜਹਾਜ਼ ਵਿਚੋਂ ਹੇਠਾਂ ਲਾਹੁਣ ਦੀ ਘਟਨਾ ਕਦੇ ਵਾਪਰੀ ਹੀ ਨਹੀਂ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਏਅਰਲਾਈਨ ਨੇ ਪ੍ਰਾਈਵੇਸੀ ਕਾਨੂੰਨਾਂ ਦਾ ਹਵਾਲਾ ਦੇ ਕੇ ਘਟਨਾ ਦੀ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ। ਉਹਨਾਂ ਨੇ ਸਵਾਲ ਕੀਤਾ ਕਿ ਫਰੈਂਕਫਰਟ ਹਵਾਈ ਅੱਡੇ ‘ਤੇ ਕਰੀਬ ਦੋ ਘੰਟੇ ਤੱਕ ਵੀ ਆਈ ਪੀ ਲੋਂਜ ਵਿਚ ਠਹਿਰਣ ਤੋਂ ਬਾਅਦ ਮੁੱਖ ਮੰਤਰੀ ਅਚਨਚੇਤ ਬਿਮਾਰ ਕਿਵੇਂ ਹੋ ਗਏ ?

ਸਰਦਾਰ ਬਾਦਲ ਨੇ ਮੰਗ ਕੀਤੀ ਕਿ ਸਾਰੀ ਘਟਨਾ ਦੀ ਜਾਂਚ ਹੋਵੇ। ਉਹਨਾਂ ਨੇ ਨੇ ਰਾਜਪਾਲ ਨੁੰ ਅਪੀਲ ਕੀਤੀ ਕਿ ਸ੍ਰੀ ਭਗਵੰਤ ਮਾਨ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਇਸ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।

ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਜਿਥੇ ਮੁੱਖ ਮੰਤਰੀ ਦੇ ਬੀ ਐਮ ਡਬਲਿਊ ਵੱਲੋਂ ਪੰਜਾਬ ਵਿਚ ਕਾਰ ਨਿਰਮਾਣ ਕਾਰਖਾਨਾ ਲਾਉਣ ਦੇ ਦਾਅਵੇ ਲੀਰੋ ਲੀਰ ਹੋਏ ਹਨ, ਉਥੇ ਹੀ ਲੋਕ ਇਹ ਜਾਣਦੇ ਹਨ ਕਿ ਜਿਸ ਸਾਈਕਲ ਕੰਪਨੀ ਦੀ ਗੱਲ ਮੁੱਖ ਮੰਤਰੀ ਕਰ ਰਹੇ ਹਨ, ਉਹ ਪਹਿਲਾਂ ਹੀ ਸੂਬੇ ਵਿਚ ਆਪਣਾ ਕੰਮ ਸ਼ੁੂ ਕਰ ਚੁੱਕੀ ਹੈ।

Written By
The Punjab Wire