Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਚ ‘ਆਪ’ ਸਰਕਾਰ ਡੇਗਣ ਦੇ ਲੱਗੇ ਦੋਸ਼- ਭਾਜਪਾ ਦਲ ਬਦਲਣ ਲਈ ਪ੍ਰਤੀ ਵਿਧਾਇਕ 25 ਕਰੋੜ ਰੁਪਏ ਦੀ ਕਰ ਰਹੀ ਹੈ ਪੇਸ਼ਕਸ਼:- ਵਿੱਤ ਮੰਤਰੀ ਚੀਮਾ

ਪੰਜਾਬ ਚ ‘ਆਪ’ ਸਰਕਾਰ ਡੇਗਣ ਦੇ ਲੱਗੇ ਦੋਸ਼- ਭਾਜਪਾ ਦਲ ਬਦਲਣ ਲਈ ਪ੍ਰਤੀ ਵਿਧਾਇਕ 25 ਕਰੋੜ ਰੁਪਏ ਦੀ ਕਰ ਰਹੀ ਹੈ ਪੇਸ਼ਕਸ਼:- ਵਿੱਤ ਮੰਤਰੀ ਚੀਮਾ
  • PublishedSeptember 13, 2022

ਪਿਛਲੇ 7 ਦਿਨਾਂ ‘ਚ ‘ਆਪ’ ਦੇ ਘੱਟੋ-ਘੱਟ 10 ਵਿਧਾਇਕਾਂ ਨਾਲ ਭਾਜਪਾ ਆਗੂਆਂ ਅਤੇ ਇਸ ਦੇ ਏਜੰਟਾਂ ਨੇ ਕੀਤਾ ਸੰਪਰਕ: ਹਰਪਾਲ ਸਿੰਘ ਚੀਮਾ

ਭਾਜਪਾ ਇੱਕ ‘ਸੀਰੀਅਲ ਕਿਲਰ’ ਹੈ ਅਤੇ ਪੰਜਾਬ ਵਿਰੋਧੀ ਸ਼ਕਤੀਆਂ ਨਾਲ ਮਿਲ ਕੇ ‘ਆਪ’ ਸਰਕਾਰ ਦਾ ਤਖਤਾ ਪਲਟਣ ਦੀ ਫ਼ਿਰਾਕ ‘ਚ ਹੈ: ਚੀਮਾ

ਭਾਜਪਾ ਕੋਲ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਲਈ 1375 ਕਰੋੜ ਰੁਪਏ ਹਨ ਪਰ ਪੰਜਾਬ ਦੀ ਆਰਥਿਕ ਮਦਦ ਲਈ ਪੈਸੇ ਨਹੀਂ: ਚੀਮਾ

ਚੰਡੀਗੜ੍ਹ, 13 ਸਤੰਬਰ (ਦਾ ਪੰਜਾਬ ਵਾਇਰ)।ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ‘ਤੇ ਗੰਭੀਰ ਦੋਸ਼ ਲਗਾਇਆ ਕਿ ਬੀਜੇਪੀ ਆਪਣੇ ਪੁਰਾਣੇ ਅਤੇ ਅਜ਼ਮਾਏ ‘ਆਪ੍ਰੇਸ਼ਨ ਲੋਟਸ’ ਰਾਹੀਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਡੇਗਣ ਦੀ ਫ਼ਿਰਾਕ ਵਿਚ ਹੈ।

ਮੰਗਲਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਸੀਨੀਅਰ ‘ਆਪ’ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ੍ਰੇਸ਼ਨ ਲੋਟਸ’ ਤਹਿਤ ਦਿੱਲੀ ਅਤੇ ਪੰਜਾਬ ਤੋਂ ਭਾਜਪਾ ਦੇ ਕਈ ਆਗੂਆਂ ਅਤੇ ਏਜੰਟਾਂ ਨੇ ਪਿਛਲੇ 7 ਦਿਨਾਂ ਵਿੱਚ ‘ਆਪ’ ਦੇ ਘੱਟੋ-ਘੱਟ 10 ਵਿਧਾਇਕਾਂ ਨਾਲ ਫੋਨ ਕਰਕੇ ਸੰਪਰਕ ਕੀਤਾ ਹੈ ਅਤੇ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਲਈ ਹਰੇਕ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ।

ਉਨ੍ਹਾਂ ਕਿਹਾ ਕਿ ਉਹ ‘ਆਪ’ ਵਿਧਾਇਕਾਂ ਨੂੰ ‘ਵੱਡੇ ਬਾਊਜੀ’ (ਭਾਜਪਾ ਦੇ ਚੋਟੀ ਦੇ ਨੇਤਾਵਾਂ) ਨਾਲ ਨਿੱਜੀ ਮੀਟਿੰਗਾਂ ਦੀ ਪੇਸ਼ਕਸ਼ ਕਰ ਰਹੇ ਹਨ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਦੇਣ ਦਾ ਵਾਅਦਾ ਵੀ ਕੀਤਾ ਗਿਆ।

ਮੋਦੀ ਸਰਕਾਰ ‘ਤੇ ਵਰ੍ਹਦਿਆਂ ਚੀਮਾ ਨੇ ਕਿਹਾ ਕਿ ਭਾਜਪਾ ਦੇਸ਼ ‘ਚ ‘ਸੀਰੀਅਲ ਕਿਲਰ’ ਵਜੋਂ ਕੰਮ ਕਰ ਰਹੀ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਪੰਜਾਬ ‘ਚ ‘ਆਪ’ ਸਰਕਾਰ ਦਾ ਤਖਤਾ ਪਲਟਣ ਲਈ ਰਲ ਗਈਆਂ ਹਨ ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਗਤੀਸ਼ੀਲ ਕੰਮਕਾਜ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ।

ਚੀਮਾ ਨੇ ਕਿਹਾ, “ਦਿੱਲੀ ਵਿੱਚ ‘ਆਪ’ ਨੇਤਾਵਾਂ ਵਿਰੁੱਧ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਅਤੇ ਦਿੱਲੀ ਵਿੱਚ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕਰਨ ਤੋਂ ਬਾਅਦ ਹੁਣ ਨਾਪਾਕ ਭਾਜਪਾ ਪੰਜਾਬ ਵਿੱਚ ਸਾਡੇ ਵਿਧਾਇਕਾਂ ਨੂੰ ‘ਖਰੀਦਣ’ ਦੀ ਕੋਸ਼ਿਸ਼ ਕਰ ਰਹੀ ਹੈ।”

ਉਨ੍ਹਾਂ ਕਿਹਾ ਕਿ ਭਾਜਪਾ ਇੱਕ ਸੀਰੀਅਲ ਕਿਲਰ ਹੈ ਜੋ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਏਜੰਸੀਆਂ ਦਾ ਡਰ ਦਿਖਾ ਕੇ ਅਤੇ ਪੈਸੇ ਨਾਲ ਮਜ਼ਬੂਰ ਕਰਕੇ ਹਰ ਰਾਜ ਵਿੱਚ ਸਰਕਾਰਾਂ ਨੂੰ ਇੱਕ-ਇੱਕ ਕਰਕੇ ਡੇਗ ਰਹੀ ਹੈ। ‘ਆਪ੍ਰੇਸ਼ਨ ਲੋਟਸ’ ਤਹਿਤ ਲੋਕਤੰਤਰ ਦੀ ਹੱਤਿਆ ਦਾ ਅਗਲਾ ਨਿਸ਼ਾਨਾ ਪੰਜਾਬ ਹੈ।

ਚੀਮਾ ਅਨੁਸਾਰ, “ਜਿੱਥੇ ਵੀ ਭਾਜਪਾ ਹਾਰਦੀ ਹੈ, ਇਹ ਲੋਕ ਸੀਬੀਆਈ, ਈਡੀ ਅਤੇ ਪੈਸੇ ਦੀ ਮਦਦ ਨਾਲ ਵਿਧਾਇਕਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾਉਂਦੇ ਹਨ। ਉਨ੍ਹਾਂ ਨੇ ਗੋਆ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਵੀ ਅਜਿਹਾ ਹੀ ਕੀਤਾ। ਹੁਣ, ਉਹ ਪੰਜਾਬ ਵਿੱਚ ਅਜਿਹਾ ਕਰਨਾ ਚਾਹੁੰਦੇ ਹਨ।”

ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਹਾਲ ਹੀ ਵਿਚ ਭਾਜਪਾ ਨੇ ਦਿੱਲੀ ਵਿਚ ਵੀ ‘ਆਪ’ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਕੇਜਰੀਵਾਲ ਦੀ ਭਾਰੀ ਬਹੁਮਤ ਵਾਲੀ ਸਰਕਾਰ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਕੇਜਰੀਵਾਲ ਤੋਂ ਡਰਦੀ ਹੈ, ਇਸ ਲਈ ਉਨ੍ਹਾਂ ਦਾ ਮਕਸਦ ਕਿਸੇ ਵੀ ਤਰੀਕੇ ਕੇਜਰੀਵਾਲ ਨੂੰ ਰੋਕਣਾ ਹੈ। ਦੇਸ਼ ਭਰ ਵਿੱਚ ਕੇਜਰੀਵਾਲ ਦੀ ਵਧਦੀ ਲੋਕਪ੍ਰਿਅਤਾ ਤੋਂ ਭਾਜਪਾ ਬੇਚੈਨ ਹੈ। ਇਸੇ ਲਈ ਉਨ੍ਹਾਂ ਨੇ ਦਿੱਲੀ ਵਿੱਚ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ ਅਤੇ ‘ਆਪ’ ਆਗੂਆਂ ਨੂੰ ਡਰਾਉਣ ਲਈ ਗੁਜਰਾਤ ਵਿੱਚ ‘ਆਪ’ ਦਫ਼ਤਰ ‘ਤੇ ਵੀ ਛਾਪਾ ਮਾਰਿਆ।

ਪੰਜਾਬ ਦੇ ਕੈਬਨਿਟ ਮੰਤਰੀ ਨੇ ਕਿਹਾ, “ਦਿੱਲੀ ਵਿੱਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਹ ਸਾਡੇ ਇੱਕ ਵਿਧਾਇਕ ਨੂੰ ਵੀ ਨਹੀਂ ਤੋੜ ਸਕੇ, ਹੁਣ ਇਹ ਲੋਕ ਆਪਣੀ ਦੁਕਾਨਦਾਰੀ ਪੰਜਾਬ ਵਿੱਚ ਲੈ ਆਏ ਹਨ, ਪਰ ਮੈਨੂੰ ਭਰੋਸਾ ਹੈ ਕਿ ਇਨ੍ਹਾਂ ਦੇ ਆਪ੍ਰੇਸ਼ਨ ਲੋਟਸ ਇੱਥੇ ਵੀ ਪੂਰੀ ਤਰ੍ਹਾਂ ਫੇਲ ਹੋਵੇਗਾ।”

ਚੀਮਾ ਨੇ ਕਿਹਾ ਕਿ ਭਾਜਪਾ ਆਗੂ ਅਤੇ ਉਨ੍ਹਾਂ ਦੇ ਏਜੰਟ ਵਿਧਾਇਕਾਂ ਨੂੰ ਇਹ ਪੇਸ਼ਕਸ਼ ਕਰ ਰਹੇ ਹਨ ਕਿ ਜੇਕਰ ਇਕ ਵਿਧਾਇਕ ਇਕੱਲਾ ਆਵੇ ਤਾਂ ਉਸ ਨੂੰ 25 ਕਰੋੜ ਅਤੇ ਜੇਕਰ ਉਹ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਆਉਣ ਤਾਂ 50 ਤੋਂ 70 ਕਰੋੜ ਮਿਲਣਗੇ।

ਪੰਜਾਬ ਨੂੰ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ ਕਰਨ ‘ਤੇ ਤਿੱਖਾ ਹਮਲਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਪੰਜਾਬ ਦੀ ਆਰਥਿਕ ਮਦਦ ਕਰਨ ਲਈ ਇਕ ਰੁਪਿਆ ਵੀ ਨਹੀਂ ਪਰ ਉਨ੍ਹਾਂ ਕੋਲ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਲਈ 1375 ਕਰੋੜ ਰੁਪਏ ਦਾ ਕਾਲਾ ਧਨ ਹੈ।

ਗੰਭੀਰ ਸਵਾਲ ਉਠਾਉਂਦੇ ਹੋਏ ਚੀਮਾ ਨੇ ਕਿਹਾ, “ਇਹ 1375 ਕਰੋੜ ਕਿੱਥੋਂ ਆਏ ਅਤੇ ਇਹ ਪੈਸਾ ਕਿੱਥੇ ਛੁਪਾਇਆ ਗਿਆ? ਕੀ ਸੀਬੀਆਈ ਅਤੇ ਈਡੀ ਇਸ ਵੱਡੇ ਘੁਟਾਲੇ ਦੀ ਜਾਂਚ ਕਰਨ ਦੀ ਹਿੰਮਤ ਦਿਖਾਉਣਗੇ? ਭਾਜਪਾ ਨੇ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਲਈ 1375 ਕਰੋੜ ਅਤੇ ਦਿੱਲੀ ਦੀ ਸਰਕਾਰ ਗਿਰਾਉਣ ਲਈ 800 ਕਰੋੜ ਰੁਪਏ ਰੱਖੇ ਹਨ ਯਾਨੀ ਕੁੱਲ 2200 ਕਰੋੜ। ਕੀ ਇਸ ਪੈਸੇ ਦੀ ਜਾਂਚ ਹੋਵੇਗੀ।”

ਪ੍ਰੈਸ ਕਾਨਫਰੰਸ ਵਿੱਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸ਼ੀਤਲ ਅਨੁਗਰਾਲ, ਰਮਨ ਅਰੋੜਾ, ਲਾਭ ਸਿੰਘ ਉਘੋਕੇ ਅਤੇ ਰੁਪਿੰਦਰ ਸਿੰਘ ਹੈਪੀ ਮੌਜੂਦ ਸਨ।

Written By
The Punjab Wire