ਖੇਡ ਸੰਸਾਰ ਪੰਜਾਬ

ਖੇਡ ਮੰਤਰੀ ਮੀਤ ਹੇਅਰ ਵੱਲੋਂ ਪਿੰਡ ਚੋਲਟਾ ਕਲਾਂ ਵਿਖੇ ਰਾਣਾ ਗ੍ਰੀਨ ਫੀਲਡ ਕ੍ਰਿਕਟ ਖੇਡ ਸਟੇਡੀਅਮ ਦਾ ਆਗਾਜ਼

ਖੇਡ ਮੰਤਰੀ ਮੀਤ ਹੇਅਰ ਵੱਲੋਂ ਪਿੰਡ ਚੋਲਟਾ ਕਲਾਂ ਵਿਖੇ ਰਾਣਾ ਗ੍ਰੀਨ ਫੀਲਡ ਕ੍ਰਿਕਟ ਖੇਡ ਸਟੇਡੀਅਮ ਦਾ ਆਗਾਜ਼
  • PublishedSeptember 12, 2022

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ, ਕ੍ਰਿਕਟ ਖੇਡ ਸਟੇਡੀਅਮ ਦੀ ਸੜਕ ਪੱਕੀ ਕਰਨ ਦਾ ਕੀਤਾ ਐਲਾਨ

ਐਸ.ਏ.ਐਸ ਨਗਰ  11 ਸਤੰਬਰ (ਦਾ ਪੰਜਾਬ ਵਾਇਰ)।ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ  ਨੌਜਵਾਨਾਂ ਦੀ ਖੇਡਾਂ ਵੱਲ ਰੁਚੀ ਵਧਾਉਣ ਲਈ ਪੁਰਜ਼ੋਰ ਯਤਨਸ਼ੀਲ ਹੈ । ਇਸੇ ਦੇ ਚੱਲਦਿਆਂ ਖੇਡ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਹਲਕਾ ਖਰੜ ਦੇ ਪਿੰਡ ਚੋਲਟਾ ਕਲਾਂ ਵਿਖੇ ਕ੍ਰਿਕਟ ਸਟੇਡੀਅਮ ਰਾਣਾ ਗ੍ਰੀਨ ਫੀਲਡ ਦਾ ਆਗਾਜ਼ ਕੀਤਾ ਗਿਆ । ਇਸ ਮੌਕੇ ਉਨ੍ਹਾਂ ਵੱਲੋਂ ਖ਼ੁਦ ਇਸ ਕ੍ਰਿਕਟ ਸਟੇਡੀਅਮ ਖੇਡ ਦੇ ਮੈਦਾਨ ਵਿੱਚ ਜਾ ਕੇ ਕ੍ਰਿਕਟ ਖੇਡੀ ਅਤੇ ਖੇਡ ਦਾ ਅਨੰਦ ਮਾਣਿਆ । ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵਿਸ਼ੇਸ ਤੌਰ ਤੇ ਹਾਜ਼ਰ ਸਨ । ਮੈਡਮ ਅਨਮੋਲ ਗਗਨ ਮਾਨ ਨੇ ਸਟੇਡੀਅਮ ਵੱਲ ਆਉਂਦੀ ਕੱਚੀ ਸੜਕ ਨੂੰ ਪੱਕਾ ਬਣਾਉਣ ਦਾ ਐਲਾਨ ਕੀਤਾ ।

ਰਾਣਾ ਗ੍ਰੀਨ ਫੀਲਡ ਕ੍ਰਿਕਟ ਖੇਡ ਸਟੇਡੀਅਮ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਜਿਹੇ ਖਿਡਾਰੀ ਦਿੱਤੇ ਹਨ ਜਿਨ੍ਹਾਂ ਦਾ ਅੱਜ ਤੱਕ ਰਿਕਾਰਡ ਨਹੀ ਟੁੱਟਿਆ । ਉਨ੍ਹਾਂ ਕਿਹਾ ਕਿ ਕ੍ਰਿਕਟ ਇੱਕ ਹਰਮਨ ਪਿਆਰੀ ਖੇਡ ਹੈ । ਉਨ੍ਹਾਂ ਕਿਹਾ ਕਿ ਕ੍ਰਿਕਟ ਵਿਚ ਨੌਜਵਾਨ ਅਤੇ ਬੱਚੇ ਵਧੇਰੇ ਰੁਚੀ ਦਿਖਾਉਂਦੇ ਹਨ । ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਉਦਘਾਟਨ ਨਾਲ ਨੌਜਵਾਨਾਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ । ਇਸ ਪਿੰਡ ਦੇ ਨਾਲ ਨਾਲ ਨੇੜਲੇ ਪਿੰਡਾਂ ਦੇ ਖਿਡਾਰੀ ਵੀ  ਗਰਾਊਂਡ ਵਿੱਚ ਆ ਕੇ ਖੇਡ ਸਕਦੇ ਹਨ ਇਸ ਮੌਕੇ ਉਨ੍ਹਾਂ ਸਥਾਨਕ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਟੇਡੀਅਮ ਵਿਚ ਕਈ ਵੱਡੇ ਖਿਡਾਰੀ ਪੈਦਾ ਹੋ ਸਕਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਪੰਜਾਬ ਸਰਕਾਰ ਖੇਡਾ ਦੇ ਵਿਕਾਸ ਨਾਲ ਸਬੰਧਿਤ ਹੋਰ ਵੀ ਕਈ ਉਪਰਾਲੇ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਖੇਡ ਮੁਕਾਬਿਆ ਵਿੱਚ ਪਹਿਲੇ ਨੰਬਰ ਤੇ ਲਿਆਉਂਦਾ ਜਾਵੇਗਾ । 

ਇਸ ਮੌਕੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਆਪਣੇ ਸੰਬੋਧਨ ਦੌਰਾਨ  ਹਲਕਾ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਹੋਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ । ਉਨ੍ਹਾਂ  ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਵੀ ਖੇਡਾਂ ਵੱਲ ਹੋਰ ਰੁਚੀ ਵਧਾਉਣ ਲਈ ਪ੍ਰੇਰਿਆ । ਉਨ੍ਹਾ ਕਿਹਾ ਕਿ ਜੇਕਰ ਕਿਸੇ ਵੀ ਖਿਡਾਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਮੇਰੇ ਧਿਆਨ ਵਿੱਚ ਲੈ ਕੇ ਆਉਣ । ਉਨ੍ਹਾਂ ਨੇ ਖਿਡਾਰੀਆਂ ਦੀਆਂ ਹਰ ਮੁਸ਼ਕਲਾਂ ਦਾ ਸਮੇਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਫਿਰ ਤੋਂ ਖੇਡਾਂ ਵਾਲੇ ਪਾਸਿਓਂ ਨੰਬਰ ਇੱਕ ਤੇ ਲਿਆਂਦਾ ਜਾ ਸਕਦਾ ਹੈ । ਇਸ ਦੌਰਾਨ ਉਨ੍ਹਾਂ ਹਲਕਾ ਵਾਸੀਆਂ ਨੂੰ ਖੇਡ ਮੈਦਾਨ ਦੀ ਸ਼ੁਰੂਆਤ ਤੇ ਵਧਾਈ ਵੀ ਦਿੱਤੀ । 

ਇਸ ਮੌਕੇ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ , ਆਮ ਆਦਮੀ ਪਾਰਟੀ ਦੇ ਬੁਲਾਰੇ ਸ੍ਰੀ ਮਾਲਵਿੰਦਰ ਕੰਗ , ਐੱਸ.ਡੀ.ਐੱਮ ਖਰੜ੍ਹ ਸ੍ਰੀ ਰਵਿੰਦਰ ਸਿੰਘ, ਡੀ.ਐੱਸ.ਪੀ ਰੁਪਿੰਦਰ ਕੌਰ ਸੋਹੀ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ, ਖਿਡਾਰੀ ਅਤੇ ਪਿੰਡ ਵਾਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Written By
The Punjab Wire