ਗੁਰਦਾਸਪੁਰ, 5 ਸਤੰਬਰ (ਮੰਨਣ ਸੈਣੀ)। ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਧਿਆਪਕਾਂ ਦੀਆਂ ਤਕਲੀਫਾਂ ਪ੍ਰਤੀ ਅਸੰਵੇਦਨਸ਼ੀਲ ਹੋਣ ਲਈ ਭਗਵੰਤ ਮਾਨ ਸਰਕਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਅਧਿਆਪਕਾਂ ਦੀ ਵੱਡੀ ਗਿਣਤੀ ਜਾਂ ਤਾਂ ਪੱਕੀ ਭਰਤੀ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਹੈ ਜਾਂ ਪੂਰੀਆਂ ਹੱਕੀ ਤਨਖਾਹਾਂ ਦੀ ਭਾਲ ਵਿੱਚ ਭਟਕ ਰਹੇ ਹਨ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਜਨਤਕ ਭਾਸ਼ਣਾਂ ਦੌਰਾਨ ਅਕਸਰ ਆਪਣੇ ਪਿਤਾ ਦਾ ਨਾਮ ਲੈ ਕੇ ਇਹ ਕਹਿੰਦੇ ਹਨ ਕਿ ਉਹ ਇੱਕ ‘ਮਾਸਟਰ’ (ਅਧਿਆਪਕ) ਦਾ ਪੁੱਤਰ ਹੈ।
ਪਰ ਦੂਜੇ ਪਾਸੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਮਾਮੂਲੀ ਤਨਖ਼ਾਹਾਂ ‘ਤੇ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਉਚਿਤ ਤਨਖ਼ਾਹਾਂ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਹਨ। ਬਾਜਵਾ ਅਨੁਸਾਰ ਅਧਿਆਪਕ ਦਿਵਸ ‘ਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਸਿੱਖਿਆ ਦੇ ਖੇਤਰ ‘ਚ ਪਾਏ ਯੋਗਦਾਨ ਦਾ ਜ਼ਿਕਰ ਕਰਨਾ ਹਰ ਕਿਸੇ ਦਾ ਆਮ ਵਰਤਾਰਾ ਹੈ ਪਰ ਉਹ ਜੋ ਪ੍ਰਚਾਰ ਕਰਦੇ ਹਨ ਉਸ ‘ਤੇ ਅਮਲ ਨਹੀਂ ਕਰਦੇ। ਨਤੀਜੇ ਵਜੋਂ ਅਧਿਆਪਕ ਜਿਨ੍ਹਾਂ ਨੂੰ ਸਮਾਜ ਅਤੇ ਦੇਸ਼ ਦੇ ਰਾਸ਼ਟਰ ਨਿਰਮਾਤਾ ਕਿਹਾ ਜਾਂਦਾ ਹੈ, ਉਹ ਅਕਸਰ ਉਦਾਸ ਹੋ ਜਾਂਦੇ ਹਨ।
ਪੰਜਾਬ ‘ਚ 13000 ਤੋਂ ਵੱਧ ਅਧਿਆਪਕਾਂ ਨੂੰ ਤਨਖਾਹ ਦੇ ਨਾਂਅ ਤੇ ਕੇਵਲ 6,000 ਤੋਂ ਰੁ. 11,000 ਮਾਸਿਕ ਦਿੱਤੇ ਜਾਂਦੇ ਹਨ। ਏਨੇ ਕੁ ਪੈਸੇ ਨਾਲ ਉਹ ਘਰ ਕਿਵੇਂ ਚਲਾਉਂਦੇ ਹੋਣਗੇ ਤੇ ਆਰਥਕ ਮੰਦਹਾਲੀ ਦੇ ਮਾਰੇ ਕਿਸ ਤਰ੍ਹਾਂ ਦੀ ਮਾਨਸਕ ਸਥਿਤੀ ਚ ਪੜ੍ਹਾਈ ਕਰਾਉੱਦੇ ਹੋਣਗੇ ? ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਵਿੱਚ 8000 ਤੋਂ ਵੱਧ ਅਧਿਆਪਕਾਂ ਦੀ ਘਾਟ ਹੈ ਅਤੇ ਇਨ੍ਹਾਂ ਵਿੱਚੋਂ 600 ਦੇ ਕਰੀਬ ਸਕੂਲਾਂ ਵਿੱਚ ਪ੍ਰਿੰਸੀਪਲ ਜਾਂ ਹੈੱਡਮਾਸਟਰ ਜਾਂ ਹੈੱਡਮਿਸਟ੍ਰੈਸ ਵੀ ਨਹੀਂ ਹੈ”, ਬਾਜਵਾ ਨੇ ਮੀਡੀਆ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ, ਇਸੇ ਤਰ੍ਹਾਂ ਯੂਨੀਵਰਸਿਟੀ ਅਤੇ ਕਾਲਜ ਦੇ ਅਧਿਆਪਕ ਵੀ 7ਵੇਂ ਤਨਖਾਹ ਕਮਿਸ਼ਨ ਦੀਆਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਵਿੱਚ ਅਸਫਲ ਰਹਿਣ ਲਈ ਭਗਵੰਤ ਮਾਨ ਸਰਕਾਰ ਵਿਰੁੱਧ ਅੰਦੋਲਨ ਕਰ ਰਹੇ ਹਨ ਹਾਲਾਂਕਿ ਦੇਸ਼ ਦੇ ਬਾਕੀ ਸਾਰੇ ਰਾਜਾਂ ਨੇ ਪਹਿਲਾਂ ਹੀ ਨਵੇਂ ਤਨਖਾਹ ਸਕੇਲ ਦੇਣੇ ਸ਼ੁਰੂ ਕਰ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਚੰਗੀ ਸਿੱਖਿਆ ਦੇ ਨਾਲ-ਨਾਲ ਸਿਹਤ ਸੇਵਾਵਾਂ ਦੇਣ ਦੇ ਵਾਅਦੇ ਕਰ ਕੇ ਸੂਬੇ ਦੀ ਸੱਤਾ ‘ਤੇ ਕਬਜ਼ਾ ਕੀਤਾ ਹੈ। ਹਾਲਾਂਕਿ ਇਸਦੇ ਪਹਿਲੇ ਛੇ ਮਹੀਨਿਆਂ ‘ਚ ਹਵਾ ਨਿਕਲ ਗਈ ਹੈ ਅਤੇ ਇਹ ਸਰਕਾਰ ਸਾਰੇ ਮੋਰਚਿਆਂ ‘ਤੇ ਅਸਫਲ ਹੋਈ ਹੈ।