ਕਾਂਗਰਸੀ ਆਗੂਆਂ ਨੇ ‘ਆਪ’ ਨੂੰ ਬਦਨਾਮ ਕਰਨ ਲਈ ਆਪਣੇ ਅਧਿਕਾਰਤ ਟਵਿਟਰ ਹੈਂਡਲਾਂ ਤੋਂ ਅਰਵਿੰਦ ਕੇਜਰੀਵਾਲ ਦੇ ਜਾਅਲੀ ਦਸਤਖਤ ਵਾਲੇ ਨਕਲੀ ਦਸਤਾਵੇਜ਼ ਕੀਤੇ ਪੋਸਟ: ਸ਼ਿਕਾਇਤਕਰਤਾ ਪ੍ਰਭਜੋਤ ਕੌਰ
ਚੰਡੀਗੜ੍ਹ, 3 ਸਤੰਬਰ ( ਦ ਪੰਜਾਬ ਵਾਇਰ)। ਐਸਏਐਸ ਨਗਰ ਪੁਲਿਸ ਨੇ ਸ਼ਨੀਵਾਰ ਪੰਜਾਬ ਵਿੱਚ ਨਿਯੁਕਤ ਕੀਤੇ ਚੇਅਰਪਰਸਨਾਂ ਦੀ ਸੂਚੀ ਆਮ ਆਦਮੀ ਪਾਰਟੀ ਦੇ ਇੱਕ ਨਕਲੀ ਲੈਟਰਹੈੱਡ ਰਾਹੀਂ ਸਾਂਝੀ ਕਰਨ, ਜਿਸ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜਾਅਲੀ ਦਸਤਖਤ ਸਨ, ਨੂੰ ਕਾਂਗਰਸੀ ਆਗੂਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਟਵਿੱਟਰ ਹੈਂਡਲਾਂ ‘ਤੇ ਸਾਂਝਾ ਕੀਤੇ ਜਾਣ ‘ਤੇ ਉਹਨਾਂ ਵਿਰੁੱਧ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਕੇਸ ‘ਆਪ’ ਦੀ ਐਸਏਐਸ ਨਗਰ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਦੀ ਸ਼ਿਕਾਇਤ ‘ਤੇ ਆਈਪੀਸੀ ਦੀ ਧਾਰਾ 465 ਅਤੇ 471 ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 (ਡੀ) ਤਹਿਤ ਥਾਣਾ ਫੇਜ਼-1, ਐਸਏਐਸ ਨਗਰ ਵਿਖੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਕਿਹਾ ਕਿ ਉਸਨੇ ਟਵਿੱਟਰ ਪੇਜ ‘ਤੇ ਦੇਖਿਆ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਜਾਅਲੀ ਦਸਤਾਵੇਜ਼ ਪੋਸਟ ਕੀਤੇ ਹਨ ਜਿਸ ਵਿੱਚ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਚੇਅਰਪਰਸਨਾਂ ਦੇ ਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਹਾਲਾਂਕਿ, ਉਕਤ ਸੂਚੀ ਨੂੰ ਆਮ ਆਦਮੀ ਪਾਰਟੀ ਦੇ ਨਕਲੀ ਲੈਟਰਹੈੱਡ ਬਣਾ ਕੇ ਅਤੇ ਕੇਜਰੀਵਾਲ ਦੇ ਜਾਅਲੀ ਦਸਤਖ਼ਤਾਂ ਹੇਠ ਜਾਰੀ ਕੀਤਾ ਗਿਆ ਜਦਕਿ ਅਜਿਹੀ ਕੋਈ ਲਿਸਟ ਪਾਰਟੀ ਵੱਲੋਂ ਆਪਣੇ ਲੈਟਰਹੈੱਡ ‘ਤੇ ਜਾਰੀ ਨਹੀਂ ਕੀਤੀ ਗਈ।
ਪ੍ਰਭਜੋਤ ਕੌਰ ਨੇ ਕਿਹਾ ਕਿ ‘ਆਪ’ ਦੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਇਸ ਦਸਤਾਵੇਜ਼ ਦੀ ਅਸਲੀਅਤ ਬਾਰੇ ਦਿੱਲੀ ਸਥਿਤ ਪਾਰਟੀ ਦਫ਼ਤਰ ਤੋਂ ਨਿੱਜੀ ਤੌਰ ‘ਤੇ ਤੱਥਾਂ ਦੀ ਤਸਦੀਕ ਕੀਤੀ ਸੀ ਅਤੇ ਉਨ੍ਹਾਂ ਦੀ ਜਾਣਕਾਰੀ ਵਿੱਚ ਇਹ ਆਇਆ ਹੈ ਕਿ ਅਰਵਿੰਦ ਕੇਜਰੀਵਾਲ ਜਾਂ ਕਿਸੇ ਵੀ ਵਿਅਕਤੀ ਵੱਲੋਂ ਅਜਿਹੀ ਕੋਈ ਸੂਚੀ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ।
ਸ਼ਿਕਾਇਤ ਅਨੁਸਾਰ, “ਉਪਰੋਕਤ ਵਿਅਕਤੀਆਂ (ਰਾਜਾ ਵੜਿੰਗ ਅਤੇ ਸੁਖਪਾਲ ਖਹਿਰਾ) ਨੇ ਜਾਣ ਬੁੱਝ ਕੇ ਪਾਰਟੀ ਨੂੰ ਬਦਨਾਮ ਕਰਨ, ਪੰਜਾਬ ਸੂਬੇ ਵਿਚ ਅਸ਼ਾਂਤੀ ਪੈਦਾ ਕਰਨ ਦੇ ਇਰਾਦੇ ਨਾਲ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਜਾਅਲੀ ਸੂਚੀਆਂ ਭੜਕਾਊ ਟਿੱਪਣੀਆਂ ਨਾਲ ਸੋਸ਼ਲ ਮੀਡਿਆ ‘ਤੇ ਸਾਂਝੀਆਂ ਕੀਤੀਆਂ।” ਉਹਨਾਂ ਇਸ ਸ਼ਿਕਾਇਤ ਰਾਹੀਂ ਹਨ ਆਗੂਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।