Close

Recent Posts

ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪਾਕਿਸਤਾਨ ‘ਚ ਹਡ਼੍ਹ ਪੀਡ਼ਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ

ਪਾਕਿਸਤਾਨ ‘ਚ ਹਡ਼੍ਹ ਪੀਡ਼ਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ
  • PublishedAugust 31, 2022

1001 ਪੀੜਤ ਪਰਿਵਾਰਾਂ ਦੇ ਇੱਕ ਮਹੀਨੇ ਦੇ ਰਾਸ਼ਨ ਲਈ ਭੇਜੇ 30 ਹਜ਼ਾਰ 30 ਪੌਂਡ

ਮਦਦ ਲਈ ਸਾਬਕਾ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਡਾ.ਓਬਰਾਏ ਦਾ ਕੀਤਾ ਧੰਨਵਾਦ

ਅੰਮ੍ਰਿਤਸਰ,31 ਅਗਸਤ ( ਦ ਪੰਜਾਬ ਵਾਇਰ ) – ਧਰਮਾਂ, ਜਾਤਾਂ ਤੇ ਦੇਸ਼ਾਂ ਦੇ ਵਖਰੇਵਿਆਂ ਨੂੰ ਪਾਸੇ ਰੱਖ ਆਪਣੇ ‘ਸਰਬੱਤ ਦਾ ਭਲਾ’ ਸੰਕਲਪ ‘ਤੇ ਪਹਿਰਾ ਦੇਣ ਵਾਲੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਨੇ ਹੁਣ ਭਿਆਨਕ ਹੜ੍ਹਾਂ ਨਾਲ ਜੂਝ ਰਹੇ ਗਵਾਂਢੀ ਮੁਲਕ ਪਾਕਿਸਤਾਨ ‘ਚ ਹੜ੍ਹ ਪੀੜਤਾਂ ਦੀ ਮਦਦ ਲਈ 30 ਹਜਾਰ 30 ਪੌਂਡ ਦੀ ਵੱਡੀ ਰਾਸ਼ੀ ਭੇਜੀ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮੁੱਖੀ ਡਾ. ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਅੰਦਰ ਆਏ ਭਿਆਨਕ ਹੜ੍ਹਾਂ ਕਾਰਨ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਜਿਸ ਕਾਰਨ ਜਿੱਥੇ ਲੱਖਾਂ ਲੋਕ ਬੇਘਰ ਹੋ ਗਏ ਹਨ ਉਥੇ ਹੀ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਹੋਣੀ ਔਖੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨਾਲ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਸਾਬਕਾ ਗਵਰਨਰ ਅਤੇ ਸਰਵਰ ਫਾਊਂਡੇਸ਼ਨ ਦੇ ਪ੍ਰਧਾਨ ਚੌਧਰੀ ਮੁਹੰਮਦ ਸਰਵਰ ਨੇ ਸੰਪਰਕ ਕਰ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅਪੀਲ ਕੀਤੀ ਸੀ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੜ੍ਹਾਂ ਦੌਰਾਨ ਸੇਵਾ ਕਾਰਜ ਨਿਭਾਉਣ ਵਾਲੀ ਸਰਵਰ ਫਾਊਂਡੇਸ਼ਨ ਲਾਹੌਰ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ 30 ਹਜ਼ਾਰ 30 ਪੌਂਡ ( ਪਾਕਿਸਤਾਨ ਦੀ ਕਰੰਸੀ ਅਨੁਸਾਰ ਲਗਪਗ 80 ਲੱਖ ਰੁਪਏ) ਭੇਜੇ ਗਏ ਹਨ। ਜਿਸ ਨਾਲ 1001 ਪੀੜਤ ਪਰਿਵਾਰਾਂ ਨੂੰ ਮਹੀਨੇ ਭਰ ਦੇ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਲਈ 4 ਅਤਿ ਆਧੁਨਿਕ ਮਸ਼ੀਨਾਂ ਜਿਨ੍ਹਾਂ ‘ਚ ਆਟਾ ਗੁੰਨ੍ਹਣ, ਪੇੜੇ ਬਣਾਉਣ, ਰੋਟੀਆਂ ਬਣਾਉਣ ਤੋਂ ਇਲਾਵਾ ਆਟੋਮੈਟਿਕ ਡਿਸ਼-ਵਾਸ਼ਰ ਸ਼ਾਮਿਲ ਹਨ, ਖ੍ਰੀਦ ਕੇ ਦੁਬਈ ਵਿਖੇ ਰੱਖੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਮਸ਼ੀਨਾਂ ਜੋ ਕਿ ਕੋਵਿਡ ਤਾਲਾਬੰਦੀ ਕਾਰਨ ਪਾਕਿਸਤਾਨ ‘ਚ ਪਹੁੰਚ ਨਹੀਂ ਸਨ ਸਕੀਆਂ, ਉਨ੍ਹਾਂ ਨੂੰ ਹੁਣ ਜਲਦ ਹੀ ਉੱਥੇ ਭੇਜ ਦਿੱਤਾ ਜਾਵੇਗਾ।

ਸਰਵਰ ਫਾਊਂਡੇਸ਼ਨ ਦੇ ਬਾਨੀ ਅਤੇ ਸਾਬਕਾ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਇਸ ਵੱਡੀ ਮਦਦ ਲਈ ਡਾ.ਐੱਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵੇਲੇ ਉਨ੍ਹਾਂ ਦੀ ਇਸ ਮਦਦ ਨਾਲ ਜਿਥੇ ਹੜ੍ਹ ਪੀੜਤਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਦੋਵ੍ਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਵੀ ਮਿਠਾਸ ਆਵੇਗੀ।

Written By
The Punjab Wire