ਕਾਮਨਵੈਲਥ ਖੇਡਾਂ ਵਿੱਚ ਲਿਆ ਸੀ ਭਾਗ, ਇਨਾਮ ਵਜੋਂ ਦਿੱਤੇ ਪੰਜ ਲੱਖ ਰੁਪਏ।
ਗੁਰਦਾਸਪੁਰ 27 (ਮੰਨਣ ਸੈਣੀ)। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀ ਜਸਲੀਨ ਸਿੰਘ ਸੈਣੀ ਨੂੰ ਕਾਮਨਵੈਲਥ ਖੇਡਾਂ 2022 ਲਈ ਬਰਮਿੰਘਮ ਵਿਖੇ ਭਾਗ ਲੈਣ ਬਦਲੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਪੰਜ ਲੱਖ ਰੁਪਏ ਦਾ ਨਗਦ ਇਨਾਮ ਦੇ ਕੇ ਚੰਡੀਗੜ੍ਹ ਵਿਖੇ ਸਨਮਾਨਿਤ ਕੀਤਾ ਗਿਆ ਹੈ। ਮੁੱਖ ਮੰਤਰੀ ਪੰਜਾਬ ਵਲੋਂ ਜਸਲੀਨ ਦੀ ਵਧੀਆ ਕਾਰਗੁਜ਼ਾਰੀ ਤੇ ਫ਼ਖ਼ਰ ਮਹਿਸੂਸ ਕਰਦਿਆਂ ਉਸ ਨੂੰ ਆਗਾਮੀ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਦੀ ਪ੍ਰਰੇਣਾ ਦਿੱਤੀ।
ਸੈਂਟਰ ਇੰਚਾਰਜ ਅਮਰਜੀਤ ਸ਼ਾਸਤਰੀ ਨੇ ਜਸਲੀਨ ਸੈਣੀ ਦੇ ਸਨਮਾਨਿਤ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਸਲੀਨ ਸੈਣੀ ਨੇ ਜੂਡੋ ਦੇ ਖੇਤਰ ਵਿਚ ਮਾਨਮੱਤੀਆਂ ਪ੍ਰਾਪਤੀਆਂ ਕਰਕੇ ਗੁਰਦਾਸਪੁਰ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਚਮਕਾਇਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਲਖਨਊ ਵਿਖੇ ਹੋਈ ਸੀਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 2022 ਵਿਚ ਗੋਲਡ ਮੈਡਲ ਜਿੱਤਕੇ ਸਿੱਧ ਕੀਤਾ ਹੈ ਕਿ 66 ਕਿਲੋ ਭਾਰ ਵਰਗ ਵਿੱਚ ਦੇਸ਼ ਪੱਧਰ ਤੇ ਉਸ ਦਾ ਕੋਈ ਸਾਨੀ ਨਹੀਂ ਹੈ। ਸਤੰਬਰ ਮਹੀਨੇ ਦੇ ਆਖਰੀ ਹਫਤੇ ਗੁਜਰਾਤ ਵਿਚ ਹੋ ਰਹੀਆਂ ਨੈਸ਼ਨਲ ਖੇਡਾਂ ਵਿਚ ਜਸਲੀਨ ਪੰਜਾਬ ਦੀ ਪ੍ਰਤਿਨਿਧਤਾ ਕਰਕੇ ਪੰਜਾਬ ਦੇ ਨਾਮ ਨੂੰ ਚਾਰ ਚੰਨ ਲਾਉਣ ਲਈ ਜੀ ਤੋੜ ਮਿਹਨਤ ਕਰ ਰਿਹਾ ਹੈ। ਐਸ ਐਸ ਪੀ ਵਰਿੰਦਰ ਸਿੰਘ ਸੰਧੂ,ਜ਼ਿਲਾ ਖੇਡ ਅਫ਼ਸਰ ਸੁਖਚੈਨ ਸਿੰਘ, ਸਤੀਸ਼ ਕੁਮਾਰ, ਕਪਿਲ ਕੌਂਸਲ, ਰਾਜ ਕੁਮਾਰ, ਰਵੀ ਕੁਮਾਰ ਜੂਡੋ ਕੋਚ, ਮੈਡਮ ਬਲਵਿੰਦਰ ਕੌਰ, ਦਿਨੇਸ਼ ਕੁਮਾਰ, ਅਤੇ ਹੋਰ ਜੂਡੋ ਖੇਡ ਪ੍ਰੇਮੀਆਂ ਵੱਲੋਂ ਜਸਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਟੁਰਨਾਂਮੈਂਟ ਵਿਚ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰੇਗਾ।