ਗੁਰਦਾਸਪੁਰ ਦੇ ਸੀਨੀਅਰ ‘ਆਪ’ ਆਗੂ ਰਮਨ ਬਹਿਲ ਨੇ ਅਦਾਲਤ ਦੇ ਫੈਸਲੇ ‘ਤੇ ਤਸੱਲੀ ਪ੍ਰਗਟਾਈ
ਗੁਰਦਾਸਪੁਰ, 2 ਅਗਸਤ (ਮੰਨਣ ਸੈਣੀ )। ਆਮ ਆਦਮੀ ਪਾਰਟੀ ਦੇ ਕੋ-ਕਨਵੀਨਰ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਦੀ ਸਲਾਹਕਾਰ ਕਮੇਟੀ ਦੇ ਮੁਖੀ ਵਜੋਂ ਨਿਯੁਕਤੀ ਸਬੰਧੀ ਅਦਾਲਤ ਵਿਚ ਪਾਈ ਪਟੀਸ਼ਨ ‘ਤੇ ਹਾਈਕੋਰਟ ਦੇ ਆਏ ਤਾਜਾ ਫੈਸਲੇ ‘ਤੇ ਮਾਝੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਕਿ ਬਹੁ-ਪ੍ਰਤੀਭਾਸ਼ਾਲੀ ਸ੍ਰੀ ਚੱਢਾ ਪੰਜਾਬ ਦੇ ਵਿਕਾਸ ਦੀ ਯਾਤਰਾ ਨੂੰ ਦੂਰ-ਦੂਰ ਤੱਕ ਲਿਜਾਣ ਲਈ ਦ੍ਰਿੜ ਸੰਕਲਪ ਹਨ
ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਸ੍ਰੀ ਬਹਿਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਰੋਧੀ ਧਿਰ ਨੂੰ ਜ਼ਮੀਦੋਜ਼ ਕਰ ਦਿੱਤਾ ਹੈ, ਇਸ ਲਈ ਵਿਰੋਧੀ ਧਿਰ ਖਿਸਿਆਈ ਬਿੱਲੀ ਵਾਂਗ ਆਪਣੇ ਖੰਭ ਨੋਚ ਰਹੀ ਹੈ। ਪੰਜਾਬ ਸਰਕਾਰ ਆਪਣਾ ਕੰਮ ਪੂਰੀ ਗਤੀ ਅਤੇ ਨੇਕ ਇਰਾਦੇ ਨਾਲ ਕਰ ਰਹੀ ਹੈ। ਨਵੀਂ ਕਮੇਟੀ ਦਾ ਵਿਚਾਰ ਨਵਾਂ ਨਹੀਂ ਹੈ। ਸ੍ਰੀ ਬਹਿਲ ਨੇ ਕਿਹਾ ਕਿ ਜੋ ਲੋਕ ਰਾਘਵ ਚੱਢਾ ਨੂੰ ਬਾਹਰਲਾ ਜਾਂ ਦਿੱਲੀ ਵਾਲਾ ਕਹਿ ਕੇ ਹਵਾ ਵਿੱਚ ਤਲਵਾਰਾਂ ਉਡਾਉਂਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਲੰਧਰ ਵਿੱਚ ਚੱਢਾ ਬਰਾਦਰੀ ਦੇ ਪੂਜਨੀਕ ਕੁਲ ਦੇਵਤਾ ਬਾਬਾ ਸੋਢਲ ਜੀ ਦਾ ਵਿਸ਼ਾਲ ਮੰਦਰ ਹੈ ਅਤੇ ਹਰ ਸਤੰਬਰ ਨੂੰ ਇੱਥੇ ਭਾਰੀ ਮੇਲਾ ਲੱਗਦਾ ਹੈ। ਚੱਢਾ ਭਾਈਚਾਰਾ ਪੰਜਾਬ ਦਾ ਹੀ ਹੈ। ਇਸ ਤੋਂ ਇਲਾਵਾ ਜਿਹੜੇ ਪੰਜਾਬ ਤੋੰ ਬਾਹਰਲੇ ਬੰਦੇ ਦਾ ਤਾਅਨਾ ਮਾਰਦੇ ਹਨ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਰਾਘਵ ਚੱਢਾ ਜੀ ਨੇ ਪੰਜਾਬੀ ਮਾਨਸਿਕਤਾ ਨੂੰ ਉਨ੍ਹਾਂ ਅਖੌਤੀ ਸਿਆਸਤਦਾਨਾਂ ਨਾਲੋਂ ਕਿਤੇ ਵੱਧ ਸਮਝਿਆ ਹੈ, ਅਤੇ ਪੰਜਾਬ ਨੂੰ ਜਾਣਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਸੁਪਨੇ ਨੂੰ ਪੰਜਾਬ ਦੇ ਘਰ ਘਰ ਪਹੁੰਚਾਉਣ ਵਿਚ ਭੂਮਿਕਾ ਨਿਭਾਈ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਇੱਕ ਪ੍ਰਮੁੱਖ ਰਣਨੀਤੀਕਾਰ ਵਜੋੰ ਰਾਘਵ ਚੱਢਾ ਉਭਰ ਕੇ ਸਾਹਮਨੇ ਆਏ। ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਕਿੱਥੇ ਹੈ ਆਪਣੇ ਆਪ ਨੂੰ ਪੰਜਾਬ ਦੀ ਮਾਨਸਿਕਤਾ ਦਾ ਮੁੱਖੀ ਅਖਵਾਉਣ ਵਾਲੇ ਅਕਾਲੀ?
ਕਾਂਗਰਸ ਦੀ ਹੋਂਦ ਹੀ ਕੀ ਰਹਿ ਗਈ ਹੈ, ਜਿਨ੍ਹਾਂ ਦੀ ਸਰਕਾਰ ਸੱਤਾ ਵਿਚ ਸੀ, ਪਰ ਵਿਧਾਨ ਸਭਾ ਚੋਣਾਂ ਵਿਚ ਹਾਰਨ ਵਾਲੇ ਕਾੰਗਰਸਿਆੰ ਦੀ ਗਿਣਤੀ ਨਾਲ ਹੀ ਸਰਕਾਰ ਬਣਾਉਣ ਦਾ ਅੰਕੜਾ ਪਾਰ ਕਰ ਗਿਆ ਸੀ। ਸ੍ਰੀ ਬਹਿਲ ਨੇ ਆਸ ਪ੍ਰਗਟ ਕੀਤੀ ਕਿ ਨੌਜਵਾਨ ਅਤੇ ਬੇਮਿਸਾਲ ਸਿਆਸੀ ਪ੍ਰਤਿਭਾ ਦੇ ਮਾਲਕ ਰਾਘਵ ਚੱਢਾ ਪੰਜਾਬ ਦੇ ਵਿਕਾਸ ਨੂੰ ਹੋਰ ਅੱਗੇ ਲੈ ਜਾਣਗੇ।