ਪਹਿਲੀ ਅਗਸਤ ਨੂੰ ਹੋਣਗੇ ਖੇਡ ਮੁਕਾਬਲੇ।
ਗੁਰਦਾਸਪੁਰ 29 ਜੁਲਾਈ (ਮੰਨਣ ਸੈਣੀ)। ਪਹਿਲੀ ਅਗਸਤ ਤੋਂ ਚਾਰ ਅਗਸਤ ਤੱਕ ਕਾਮਨਵੈਲਥ ਖੇਡਾਂ ਦੇ ਜੂਡੋ ਖੇਡ ਮੁਕਾਬਲੇ ਬਰਮਿੰਘਮ ਸਿਟੀ ਇੰਗਲੈਂਡ ਵਿਖੇ ਹੋ ਰਹੇ ਹਨ। ਜਿਸ ਵਿਚ ਚੋਟੀ ਦੀਆਂ 16 ਟੀਮਾਂ ਭਾਗ ਲੈ ਰਹੀਆਂ ਹਨ। ਪਿਛਲੇ ਦਸ ਸਾਲਾਂ ਤੋਂ ਵਿਸ਼ਵ ਭਰ ਦੇ ਵੱਖ ਵੱਖ ਜੂਡੋ ਖੇਡ ਮੁਕਾਬਲਿਆਂ ਵਿੱਚ ਨਾਮਣਾ ਖੱਟਣ ਵਾਲੇ ਗੁਰਦਾਸਪੁਰ ਦਾ ਚਮਕਦਾ ਸਿਤਾਰਾ ਜਸਲੀਨ ਸੈਣੀ 66 ਕਿਲੋ ਗ੍ਰਾਮ ਭਾਰ ਵਰਗ ਵਿੱਚ ਭਾਗ ਲੈਣ ਲਈ ਅੱਜ ਇੰਗਲੈਂਡ ਲਈ ਰਵਾਨਾ ਹੋ ਗਿਆ ਹੈ।
ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸੈਣੀ ਦੇ ਮੁਢਲੇ ਕੋਚ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਭਾਰਤ ਦੇ ਕੁੱਲ ਛੇ ਜੂਡੋਕਾ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਭਾਗ ਲੈ ਰਹੇ ਹਨ। ਇਹਨਾਂ ਖੇਡਾਂ ਵਿਚ ਗੁਰਦਾਸਪੁਰ ਦਾ ਇਕੋ ਇਕ ਜੂਡੋ ਖਿਡਾਰੀ ਜਸਲੀਨ ਸੈਣੀ ਭਾਗ ਲੈ ਰਿਹਾ ਹੈ। ਉਸ ਦੇ ਭਾਰ ਵਰਗ ਦੇ ਮੁਕਾਬਲੇ ਪਹਿਲੀ ਅਗਸਤ ਨੂੰ ਹੋਣਗੇ।
ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮ ਪ੍ਰਤਾਪ ਸਿੰਘ ਬਾਜਵਾ, ਜਰਨਲ ਸਕੱਤਰ ਦੇਵ ਸਿੰਘ ਧਾਲੀਵਾਲ, ਟੈਕਨੀਕਲ ਸਕੱਤਰ ਸੁਰਿੰਦਰ ਕੁਮਾਰ ਜਲੰਧਰ ਸੈਣੀ ਦੇ ਕੋਚ ਅਤੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਸਲੀਨ ਸੈਣੀ ਹਿੰਦੁਸਤਾਨ ਦਾ ਚਮਕਦਾ ਸਿਤਾਰਾ ਹੈ। ਪਿਛਲੀਆਂ ਓਲੰਪਿਕ ਖੇਡਾਂ ਟੋਕਿਉ ਵਿਚ ਉਸ ਨੇ ਲਾਜ਼ਮੀ ਭਾਗ ਲੈਣਾ ਸੀ ਪਰ ਭਾਰਤ ਦੀ ਸਾਰੀ ਟੀਮ ਕਰੋਨਾ ਵਿਚ ਪਾਜੇਟਿਵ ਆਉਣ ਕਰਕੇ ਉਹ ਇਹਨਾਂ ਓਲੰਪਿਕ ਖੇਡਾਂ ਵਿੱਚ ਕੁਆਲੀਫਾਈ ਨਹੀਂ ਕਰ ਸਕਿਆ।
ਜੂਡੋ ਕੋਚ ਰਵੀ ਕੁਮਾਰ, ਕੁਲਜਿੰਦਰ ਸਿੰਘ ਜੂਡੋ ਕੋਚ ਪੀ ਏ ਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਲੀਨ ਸੈਣੀ ਦੋ ਸਾਲ ਪਹਿਲਾਂ ਕਾਮਨਵੈਲਥ ਜੂਡੋ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਸੀ। ਭਾਵੇਂ ਜਸਲੀਨ ਸੈਣੀ ਨੂੰ ਪ੍ਰਬੰਧਕੀ ਕਾਰਣਾਂ ਕਰਕੇ ਇਹਨਾਂ ਖੇਡਾਂ ਵਿਚ ਭਾਗ ਲੈਣ ਲਈ ਬਹੁਤ ਜਦੋਜਹਿਦ ਕਰਨੀ ਪਈ ਫਿਰ ਵੀ ਸਚਾਈ ਦੀ ਜਿੱਤ ਨੂੰ ਮੁੱਖ ਰੱਖਦਿਆਂ ਆਸ ਪ੍ਰਗਟ ਕੀਤੀ ਜਾਂਦੀ ਹੈ ਕਿ ਉਹ ਮੈਡਲ ਜਿੱਤਕੇ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਦਾ ਨਾਮ ਰੌਸ਼ਨ ਕਰੇਗਾ। ਗੁਰਦਾਸਪੁਰ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਸਤੀਸ਼ ਕੁਮਾਰ, ਐਸ ਐਸ ਪੀ ਵਰਿੰਦਰ ਸਿੰਘ ਸੰਧੂ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਕਪਿਲ ਕੌਂਸਲ, ਜਤਿੰਦਰ ਪਾਲ, ਮੈਡਮ ਬਲਵਿੰਦਰ ਕੌਰ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਨੀਰਜ ਸਲਗੋਤਰਾ, ਨਵੀਨ , ਦਿਨੇਸ਼ ਕੁਮਾਰ ਬਟਾਲਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਸਲੀਨ ਮੈਡਲ ਜਿੱਤਕੇ ਭਾਰਤੀ ਤਿਰੰਗੇ ਝੰਡੇ ਨੂੰ ਉਚਾ ਚੁੱਕਣ ਵਿਚ ਕਾਮਯਾਬ ਹੋਵੇਂਗਾ।