ਗੁਰਦਾਸਪੁਰ ਪੰਜਾਬ ਰਾਜਨੀਤੀ

ਦੁਕਾਨ ਬੰਦ ਕਰਕੇ ਘਰ ਜਾ ਰਹੇ ਨੌਜਵਾਨ ‘ਤੇ ਹੋਇਆ ਕਾਤਿਲਾਨਾ ਹਮਲਾ, ਗੰਭੀਰ ਜ਼ਖ਼ਮੀ

ਦੁਕਾਨ ਬੰਦ ਕਰਕੇ ਘਰ ਜਾ ਰਹੇ ਨੌਜਵਾਨ ‘ਤੇ ਹੋਇਆ ਕਾਤਿਲਾਨਾ ਹਮਲਾ, ਗੰਭੀਰ ਜ਼ਖ਼ਮੀ
  • PublishedJuly 17, 2022

ਗੁਰਦਾਸਪੁਰ, 17 ਜੁਲਾਈ ( ਮੰਨਣ ਸੈਣੀ)।ਸ਼ਨੀਵਾਰ ਰਾਤ ਗੁਰਦਾਸਪੁਰ ਤੋਂ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਜਾ ਰਹੇ ਇਕ ਨੌਜਵਾਨ ‘ਤੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਸਦਰ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਰਾਜਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਹੱਲਾ ਚਾਹੀਆਂ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਤ੍ਰਿਮੋ ਰੋਡ ‘ਤੇ ਸਪੇਅਰ ਪਾਰਟਸ ਦੀ ਦੁਕਾਨ ਹੈ ਅਤੇ ਉਹ ਵੀ ਇਕੱਠੇ ਬੈਠਦੇ ਹਨ। ਉਸ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਨੀਵਾਰ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੇ ਮੋਟਰਸਾਈਕਲ ‘ਤੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਪਿੰਡ ਦੇ ਮੋੜ ’ਤੇ ਪਹੁੰਚਿਆ ਤਾਂ ਉਥੇ ਖੜ੍ਹੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦਾ ਪਿਤਾ ਵੀ ਐਕਟਿਵਾ ‘ਤੇ ਵਾਪਸ ਆ ਰਿਹਾ ਸੀ। ਉਸ ‘ਤੇ ਹੋਏ ਹਮਲੇ ਨੂੰ ਦੇਖਦੇ ਹੋਏ ਜਦੋਂ ਉਸ ਦਾ ਪਿਤਾ ਦਖਲ ਦੇਣ ਲਈ ਅੱਗੇ ਆਇਆ ਤਾਂ ਉਸ ‘ਤੇ ਵੀ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਤੁਰੰਤ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਰਾਜਸੁਖਵਿੰਦਰ ਨੇ ਦੱਸਿਆ ਕਿ ਹਮਲਾਵਰ ਜਾਂਦੇ ਸਮੇਂ ਉਸ ਦਾ ਪਰਸ ਵੀ ਲੈ ਗਏ ਸਨ। ਜਿਸ ਵਿਚ ਉਸ ਕੋਲ 5500 ਰੁਪਏ ਦੀ ਨਕਦੀ ਤੋਂ ਇਲਾਵਾ ਕੁਝ ਜ਼ਰੂਰੀ ਕਾਗਜ਼ਾਤ ਸਨ। ਰਾਜਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਦੋਸ਼ਿਆ ਕੋਲ ਪਿਸਤੋਲ ਵੀ ਸੀ ਜੋ ਉਹਨਾਂ ਵੱਲੋਂ ਮੇਰੇ ਤੇ ਰਿਵਾਲਵਰ ਵੀ ਤਾਨੀ ਗਈ। ਰਾਜਸੁਖਵਿੰਦਰ ਮੁਤਾਬਿਕ ਪਿੰਡ ਦੇ ਹੀ ਨੌਜਵਾਨ ਰਾਹੁਲ ਅਤੇ ਨੀਤਿਨ ਵੱਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਘਟਨਾ ਬਾਰੇ ਜਦੋਂ ਉਸ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ। ਜਿੱਥੇ ਇਲਾਜ ਚੱਲ ਰਿਹਾ ਹੈ। ਜਦੋਂ ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Written By
The Punjab Wire